ਵਾਸ਼ਿੰਗਟਨ, 10 ਸਤੰਬਰ, 2026 (ਕਾਜਲ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਈਰਾਨ ਨਾਲ ਚੱਲ ਰਹੀ ਜੰਗ ਅਮਰੀਕਾ ਦੀਆਂ ਆਗਾਮੀ ਮਿਡਟਰਮ ਚੋਣਾਂ ਤੋਂ ਤੁਰੰਤ ਬਾਅਦ ਖ਼ਤਮ ਹੋ ਜਾਵੇਗੀ। ਟਰੰਪ ਨੇ ਦੋਸ਼ ਲਗਾਇਆ ਕਿ ਤਹਿਰਾਨ ਅਮਰੀਕੀ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਜੋ ਵਾਸ਼ਿੰਗਟਨ ਵਿੱਚ ਅਜਿਹੀ ਸਰਕਾਰ ਸੱਤਾ ਵਿੱਚ ਆ ਸਕੇ ਜੋ ਈਰਾਨ ਪ੍ਰਤੀ ਨਰਮ ਰੁਖ ਅਪਣਾਏ। ਡੈਲਸ, ਟੈਕਸਾਸ ਲਈ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਈਰਾਨ ਕੋਲ ਜੰਗ ਨੂੰ ਲੰਬੇ ਸਮੇਂ ਤੱਕ ਜਾਰੀ ਰੱਖਣ ਦੀ ਸਮਰੱਥਾ ਨਹੀਂ ਰਹੀ। ਉਨ੍ਹਾਂ ਦਾ ਦਾਅਵਾ ਸੀ ਕਿ ਤਹਿਰਾਨ ਦੀ ਮੁੱਖ ਚਿੰਤਾ ਪ੍ਰਮਾਣੂ ਹਥਿਆਰ ਹਾਸਲ ਕਰਨਾ ਹੈ ਅਤੇ ਜੇਕਰ ਈਰਾਨ ਕੋਲ ਪ੍ਰਮਾਣੂ ਹਥਿਆਰ ਆ ਗਿਆ ਤਾਂ ਇਹ ਪੂਰੀ ਦੁਨੀਆ ਲਈ ਗੰਭੀਰ ਖ਼ਤਰਾ ਬਣ ਸਕਦਾ ਹੈ। ਜਦੋਂ ਟਰੰਪ ਤੋਂ ਪੁੱਛਿਆ ਗਿਆ ਕਿ ਚੋਣਾਂ ਤੋਂ ਬਾਅਦ ਜੰਗ ਇੰਨੀ ਜਲਦੀ ਕਿਵੇਂ ਖ਼ਤਮ ਹੋ ਸਕਦੀ ਹੈ ਤਾਂ ਉਨ੍ਹਾਂ ਨੇ ਮੁੜ ਕਿਹਾ ਕਿ ਈਰਾਨ ਹੁਣ ਹੋਰ ਜ਼ਿਆਦਾ ਸਮਾਂ ਮੁਕਾਬਲਾ ਨਹੀਂ ਕਰ ਸਕਦਾ। ਉਨ੍ਹਾਂ ਨੇ ਇਹ ਵੀ ਸੰਕੇਤ ਦਿੱਤਾ ਕਿ ਇਸ ਸਮੇਂ ਅਮਰੀਕਾ ਕਿਸੇ ਨਵੀਂ ਗੱਲਬਾਤ ਲਈ ਜਲਦਬਾਜ਼ੀ ਵਿੱਚ ਨਹੀਂ ਹੈ। ਟਰੰਪ ਨੇ ਕਿਹਾ ਕਿ ਸ਼ੁਰੂ ਵਿੱਚ ਉਹ ਈਰਾਨ ਨਾਲ ਸਮਝੌਤਾ ਕਰਨਾ ਚਾਹੁੰਦੇ ਸਨ, ਪਰ ਮੌਜੂਦਾ ਹਾਲਾਤ ਪਹਿਲਾਂ ਨਾਲੋਂ ਕਾਫ਼ੀ ਬਦਲ ਚੁੱਕੇ ਹਨ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਵਿੱਖ ਵਿੱਚ ਗੱਲਬਾਤ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਕਿਸੇ ਸਮਝੌਤੇ ਦਾ ਦਾਇਰਾ ਸਿਰਫ਼ ਪ੍ਰਮਾਣੂ ਮੁੱਦੇ ਤੱਕ ਸੀਮਿਤ ਨਹੀਂ ਰਹੇਗਾ। ਉਨ੍ਹਾਂ ਮੁਤਾਬਕ ਪ੍ਰਮਾਣੂ ਸਮਝੌਤੇ ਤੋਂ ਇਲਾਵਾ ਹੋਰ ਕਈ ਮੁੱਦੇ ਵੀ ਗੱਲਬਾਤ ਦੀ ਮੇਜ਼ ’ਤੇ ਹੋਣਗੇ, ਜੋ ਕੁਝ ਮਹੀਨੇ ਪਹਿਲਾਂ ਚਰਚਾ ਦਾ ਹਿੱਸਾ ਨਹੀਂ ਸਨ। ਇਸ ਦੌਰਾਨ ਖਾੜੀ ਖੇਤਰ ਵਿੱਚ ਅਮਰੀਕੀ ਫੌਜੀ ਕਾਰਵਾਈਆਂ ਬਾਰੇ ਟਰੰਪ ਨੇ ਸਿੱਧੇ ਤੌਰ ’ਤੇ ਅਮਰੀਕਾ ਦੀ ਭੂਮਿਕਾ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕੀ ਬਲਾਂ ਨੇ ਈਰਾਨ ਨਾਲ ਜੁੜੇ ਕਈ ਜਹਾਜ਼ਾਂ ਅਤੇ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਕਾਰਵਾਈਆਂ ਵੀ ਹੋ ਸਕਦੀਆਂ ਹਨ। ਅਮਰੀਕੀ ਸੈਂਟਰਲ ਕਮਾਂਡ (CENTCOM) ਮੁਤਾਬਕ ਮੰਗਲਵਾਰ ਨੂੰ ਅਮਰੀਕੀ ਬਲਾਂ ਨੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨਾਲ ਸਬੰਧਤ ਪੰਜ ਈਰਾਨੀ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ। ਇਨ੍ਹਾਂ ਵਿੱਚੋਂ ਚਾਰ ਕੱਚੇ ਤੇਲ ਦੇ ਜਹਾਜ਼ ਓਮਾਨ ਦੀ ਖਾੜੀ ਵਿੱਚ ਅਤੇ ਇੱਕ ਜਹਾਜ਼ ਫ਼ਾਰਸ ਦੀ ਖਾੜੀ ਵਿੱਚ ਖਾਰਗ ਟਾਪੂ ਦੇ ਨੇੜੇ ਸੀ। ਅਮਰੀਕੀ ਅਧਿਕਾਰੀਆਂ ਅਨੁਸਾਰ ਹਮਲੇ ਤੋਂ ਪਹਿਲਾਂ ਟੈਂਕਰਾਂ ਦੇ ਅਮਲੇ ਨੂੰ ਬਾਹਰ ਨਿਕਲਣ ਦੀ ਹਦਾਇਤ ਕੀਤੀ ਗਈ ਸੀ।
CENTCOM ਨੇ ਇਹ ਵੀ ਦੱਸਿਆ ਕਿ ਈਰਾਨ ਵੱਲੋਂ ਅਮਰੀਕੀ ਜਲ ਸੈਨਾ ਦੇ ਜੰਗੀ ਜਹਾਜ਼ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਮਿਜ਼ਾਈਲ ਹਮਲਿਆਂ ਨੂੰ ਅਮਰੀਕੀ ਜਹਾਜ਼ ਨੇ ਸਫਲਤਾਪੂਰਵਕ ਟਾਲ ਦਿੱਤਾ ਅਤੇ ਇਸ ਦੌਰਾਨ ਕਿਸੇ ਵੀ ਅਮਰੀਕੀ ਸੈਨਿਕ ਦੇ ਜ਼ਖ਼ਮੀ ਜਾਂ ਮਾਰੇ ਜਾਣ ਦੀ ਸੂਚਨਾ ਨਹੀਂ ਹੈ। ਇਸ ਦੇ ਜਵਾਬ ਵਿੱਚ ਈਰਾਨ ਵੱਲੋਂ ਵੀ ਖੇਤਰ ਵਿੱਚ ਮਿਜ਼ਾਈਲ ਹਮਲੇ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ 9 ਸਤੰਬਰ ਨੂੰ ਈਰਾਨ ਨੇ ਜਾਰਡਨ ਵਿੱਚ ਸਥਿਤ ਮੁਵਾਫ਼ਕ ਸਲਤੀ ਏਅਰ ਬੇਸ ਨੂੰ ਨਿਸ਼ਾਨਾ ਬਣਾਇਆ, ਜਿੱਥੇ ਅਮਰੀਕੀ ਫੌਜੀ ਮੌਜੂਦਗੀ ਵੀ ਦੱਸੀ ਜਾਂਦੀ ਹੈ। ਵਧਦੇ ਤਣਾਅ ਦੇ ਦਰਮਿਆਨ ਟਰੰਪ ਨੇ ਆਪਣੀ ਸੁਰੱਖਿਆ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਉਹ ਯਾਤਰਾ ਦੌਰਾਨ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੇ ਤਾਜ਼ਾ ਬਿਆਨਾਂ ਨਾਲ ਅਮਰੀਕਾ-ਈਰਾਨ ਟਕਰਾਅ ਦੇ ਭਵਿੱਖ ਅਤੇ ਆਉਣ ਵਾਲੀਆਂ ਮਿਡਟਰਮ ਚੋਣਾਂ ’ਤੇ ਇਸ ਦੇ ਸੰਭਾਵਿਤ ਪ੍ਰਭਾਵ ਨੂੰ ਲੈ ਕੇ ਚਰਚਾ ਹੋਰ ਤੇਜ਼ ਹੋ ਗਈ ਹੈ।
