ਮਿਲਾਨ/ਫੋਰਲੀ, 4 ਅਗਸਤ 2026 (ਹਰਸ਼ਪ੍ਰੀਤ ਕੌਰ) : ਇਟਲੀ ਦੇ ਫੋਰਲੀ ਸ਼ਹਿਰ ਵਿੱਚ ਦੂਜੀ ਵਿਸ਼ਵ ਜੰਗ ਦੌਰਾਨ ਸ਼ਹੀਦ ਹੋਏ ਭਾਰਤੀ ਸਿੱਖ ਅਤੇ ਹੋਰ ਫੌਜੀਆਂ ਦੀ ਯਾਦ ਵਿੱਚ 20ਵਾਂ ਸਲਾਨਾ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਵਰਲਡ ਸਿੱਖ ਸ਼ਹੀਦ ਮਿਲਟਰੀ (ਰਜਿ.) ਇਟਲੀ ਵੱਲੋਂ ਆਯੋਜਿਤ ਕੀਤਾ ਗਿਆ, ਜਿਸ ਵਿੱਚ ਇਟਲੀ ਭਰ ਤੋਂ ਸੰਗਤਾਂ, ਸਿੱਖ ਜਥੇਬੰਦੀਆਂ, ਭਾਰਤੀ ਭਾਈਚਾਰੇ ਅਤੇ ਇਟਾਲੀਅਨ ਨਾਗਰਿਕਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।
ਸਮਾਗਮ ਦੀ ਸ਼ੁਰੂਆਤ ਧਾਰਮਿਕ ਸਮਾਗਮਾਂ ਨਾਲ ਹੋਈ, ਜਿਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਦੇ ਪਾਠ, ਕੀਰਤਨ ਅਤੇ ਅਰਦਾਸ ਉਪਰੰਤ ਸ਼ਹੀਦ ਫੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਫੋਰਲੀ ਵਿੱਚ ਸਥਾਪਿਤ ਸਿੱਖ ਫੌਜੀਆਂ ਦੀ ਯਾਦਗਾਰ ‘ਤੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਪ੍ਰਸ਼ਾਸਨਿਕ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀ ਅਰਪਿਤ ਕੀਤੀ ਗਈ।
ਸਮਾਗਮ ਵਿੱਚ ਇਟਲੀ ਦੇ ਕਈ ਸ਼ਹਿਰਾਂ ਦੇ ਮੇਅਰ, ਪੁਲਿਸ ਅਤੇ ਫੌਜੀ ਅਧਿਕਾਰੀ, ਭਾਰਤੀ ਕੌਂਸਲੇਟ ਦੇ ਨੁਮਾਇੰਦੇ ਅਤੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਣਜੀਤ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਉਨ੍ਹਾਂ ਸ਼ਹੀਦ ਫੌਜੀਆਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਯੋਗਦਾਨ ਨੂੰ ਸਲਾਮ ਕੀਤਾ। ਇਸ ਮੌਕੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਅਤੇ ਸੰਗਤਾਂ ਵੱਲੋਂ ਲੰਗਰ ਅਤੇ ਸੇਵਾ ਕਾਰਜ ਵੀ ਕੀਤੇ ਗਏ। ਆਯੋਜਕਾਂ ਨੇ ਸਮਾਗਮ ਦੀ ਸਫ਼ਲਤਾ ਲਈ ਸਹਿਯੋਗ ਦੇਣ ਵਾਲੀਆਂ ਸਾਰੀਆਂ ਸੰਸਥਾਵਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ।
