ਫਿਰੋਜ਼ਪੁਰ, 15 ਅਗਸਤ 2026 (ਦੀਪਕ ਦੱਤਾ) : ਪੰਜਾਬ ਅਤੇ ਚੰਡੀਗੜ੍ਹ ਵਿੱਚ ਦੇਸ਼ ਦਾ 80ਵਾਂ ਆਜ਼ਾਦੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫਿਰੋਜ਼ਪੁਰ ਦੇ ਕੈਂਟੋਨਮੈਂਟ ਬੋਰਡ ਸਟੇਡੀਅਮ ਵਿੱਚ ਕੌਮੀ ਝੰਡਾ ਲਹਿਰਾਇਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਹੁਸੈਨੀਵਾਲਾ ਸਥਿਤ ਸ਼ਹੀਦੀ ਸਮਾਰਕ ’ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਆਜ਼ਾਦੀ ਦਿਵਸ ਸਮਾਰੋਹ ਨੂੰ ਸੰਬੋਧਨ ਕਰਦਿਆਂ CM ਮਾਨ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਪੰਜਾਬੀਆਂ ਦਾ ਯੋਗਦਾਨ ਸਭ ਤੋਂ ਵੱਡਾ ਰਿਹਾ ਹੈ ਅਤੇ ਵੰਡ ਦੇ ਸਮੇਂ ਵੀ ਪੰਜਾਬ ਨੇ ਸਭ ਤੋਂ ਵੱਧ ਦਰਦ ਸਹਿਆ। ਉਨ੍ਹਾਂ ਭਗਤ ਸਿੰਘ, ਊਧਮ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਸਮੇਤ ਕੂਕਾ, ਗ਼ਦਰ ਅਤੇ ਬੱਬਰ ਅਕਾਲੀ ਲਹਿਰਾਂ ਦੇ ਸ਼ਹੀਦਾਂ ਨੂੰ ਯਾਦ ਕੀਤਾ।
ਮੁੱਖ ਮੰਤਰੀ ਨੇ ਸਰਾਗੜ੍ਹੀ ਦੀ ਇਤਿਹਾਸਕ ਲੜਾਈ ਦੇ 21 ਸਿੱਖ ਸੈਨਿਕਾਂ ਨੂੰ ਵੀ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਦੀ ਧਰਤੀ ਨੇ ਉਨ੍ਹਾਂ ਮਹਾਨ ਯੋਧਿਆਂ ਨੂੰ ਆਪਣੀ ਗੋਦ ਵਿੱਚ ਸੰਭਾਲਿਆ, ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। CM ਮਾਨ ਨੇ ਕਿਹਾ ਕਿ ਪੰਜਾਬ ਦੀ ਧਰਤੀ ਬੇਹੱਦ ਉਪਜਾਊ ਹੈ, ਪਰ ਇੱਥੇ ਨਫ਼ਰਤ ਦੇ ਬੀਜ ਕਦੇ ਨਹੀਂ ਉੱਗ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਾਂਤੀ, ਭਾਈਚਾਰਕ ਸਾਂਝ ਅਤੇ ਏਕਤਾ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲੀਆਂ ਤਾਕਤਾਂ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਣਗੀਆਂ। 1947 ਦੀ ਵੰਡ ਦਾ ਜ਼ਿਕਰ ਕਰਦਿਆਂ ਮਾਨ ਨੇ ਕਿਹਾ ਕਿ ਉਸ ਦੌਰਾਨ ਲਗਭਗ 10 ਲੱਖ ਲੋਕਾਂ ਦੀ ਜਾਨ ਗਈ ਅਤੇ ਪੰਜਾਬ ਨੂੰ ਇਸ ਤ੍ਰਾਸਦੀ ਦੀ ਸਭ ਤੋਂ ਵੱਡੀ ਕੀਮਤ ਚੁਕਾਉਣੀ ਪਈ।
ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਮੁੱਖ ਮੰਤਰੀ ਵਜੋਂ ਸਹੁੰ ਰਾਜ ਭਵਨ ਦੀ ਬਜਾਏ ਸ਼ਹੀਦ ਭਗਤ ਸਿੰਘ ਦੇ ਜਨਮ ਸਥਾਨ ਖਟਕੜ ਕਲਾਂ ਵਿੱਚ ਚੁੱਕੀ ਸੀ। ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਡਾ. ਬੀਆਰ ਅੰਬੇਡਕਰ ਦੀਆਂ ਤਸਵੀਰਾਂ ਲਗਾਉਣ ਦਾ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਮੋਹਾਲੀ ਹਵਾਈ ਅੱਡੇ ਦਾ ਨਾਮ ‘ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ’ ਰੱਖਿਆ ਗਿਆ ਅਤੇ ਉੱਥੇ ਸ਼ਹੀਦ ਭਗਤ ਸਿੰਘ ਦਾ ਬੁੱਤ ਵੀ ਸਥਾਪਿਤ ਕੀਤਾ ਗਿਆ। ਇਸ ਮੌਕੇ ਸਰਕਾਰੀ ਆਜ਼ਾਦੀ ਦਿਵਸ ਸਮਾਰੋਹ ਵਿੱਚ ਪਹਿਲੀ ਵਾਰ ‘ਵੰਦੇ ਮਾਤਰਮ’ ਵੀ ਗਾਇਆ ਗਿਆ। CM ਮਾਨ ਨੇ ਹੁਸੈਨੀਵਾਲਾ ਵਿੱਚ ਲਗਭਗ 25 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਸ਼ਹੀਦੀ ਸਮਾਰਕ ਦਾ ਵੀ ਜ਼ਿਕਰ ਕੀਤਾ। ਮਹਿਲਾਵਾਂ ਲਈ ਸਰਕਾਰ ਦੀ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਬਾਰੇ CM ਮਾਨ ਨੇ ਕਿਹਾ ਕਿ ਹੁਣ ਤੱਕ 74 ਲੱਖ ਮਹਿਲਾਵਾਂ ਰਜਿਸਟਰ ਹੋ ਚੁੱਕੀਆਂ ਹਨ ਅਤੇ 2,274 ਕਰੋੜ ਰੁਪਏ ਦੀ ਰਕਮ ਵੰਡੀ ਜਾ ਚੁੱਕੀ ਹੈ। ਉਨ੍ਹਾਂ ਮਹਿਲਾਵਾਂ ਨੂੰ ਇਸ ਯੋਜਨਾ ਲਈ ਰਜਿਸਟਰ ਕਰਨ ਦੀ ਅਪੀਲ ਵੀ ਕੀਤੀ।
