ਲੁਧਿਆਣਾ 08 ਅਕਤੂਬਰ 2026 (ਚੌਧਰੀ ਪ੍ਰਭਜੀਤ ਸਿੰਘ) : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸ਼ੂਧਨ ਉਤਪਾਦਨ ਪ੍ਰਬੰਧਨ ਵਿਭਾਗ ਨੇ 10 ਲਾਭਪਾਤਰੀ ਵਿਦਿਆਰਥੀਆਂ ਲਈ “ਵਿਗਿਆਨਕ ਘਰੇਲੂ ਪੋਲਟਰੀ ਪਾਲਣ (ਬੈਕਯਾਰਡ ਮੁਰਗੀ ਪਾਲਣ) : ਸਿਖਲਾਈ ਅਤੇ ਵਿਹਾਰਕ ਪ੍ਰਦਰਸ਼ਨ” ਵਿਸ਼ੇ ‘ਤੇ ਇੱਕ ਰੋਜ਼ਾ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ।ਕੋਰਸ ਨਿਰਦੇਸ਼ਕ ਡਾ. ਯਸ਼ਪਾਲ ਸਿੰਘ ਨੇ ਦੱਸਿਆ ਕਿ ਇਹ ਪ੍ਰੋਗਰਾਮ “ਭਾਰਤ ਵਿੱਚ ਖੇਤੀਬਾੜੀ ਸਬੰਧੀ ਉੱਚ ਸਿੱਖਿਆ ਨੂੰ ਮਜ਼ਬੂਤ ਕਰਨ” ਤਹਿਤ ‘ਅਨੁਸੂਚਿਤ ਜਾਤੀ ਉਪ-ਯੋਜਨਾ’ ਦੇ ਅਧੀਨ “ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਵਿੱਚ ਸਵੈ-ਰੁਜ਼ਗਾਰ ਅਤੇ ਰੁਜ਼ਗਾਰ ਸਿਰਜਣ ਲਈ ਉੱਦਮੀ ਹੁਨਰ ਵਿਕਾਸ ਵਾਸਤੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ (ਅੰਡਰ-ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ) ਅਤੇ ਕਿਸਾਨਾਂ ਦੀ ਸਿਖਲਾਈ” ਵਿਸ਼ੇ ਹੇਠ ਕਰਵਾਇਆ ਗਿਆ ਸੀ। ਇਸ ਸਿਖਲਾਈ ਦਾ ਸੰਚਾਲਨ ਅਤੇ ਤਾਲਮੇਲ ਡਾ. ਦਲਜੀਤ ਕੌਰ, ਡਾ. ਸੁਰੇਸ਼ ਕੁਮਾਰ ਅਤੇ ਡਾ. ਗੁਰਪ੍ਰੀਤ ਕੌਰ ਦੁਆਰਾ ਕੀਤਾ ਗਿਆ।

ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਘਰੇਲੂ ਪੱਧਰ ‘ਤੇ ਪੋਲਟਰੀ ਪਾਲਣ ਬਾਰੇ ਵਿਗਿਆਨਕ ਗਿਆਨ ਅਤੇ ਵਿਹਾਰਕ ਹੁਨਰ ਪ੍ਰਦਾਨ ਕਰਨਾ ਸੀ, ਜਿਸ ਵਿੱਚ ਪੋਲਟਰੀ ਦੇ ਬਿਹਤਰ ਪ੍ਰਬੰਧਨ, ਘੱਟ ਲਾਗਤ ਵਾਲੇ ਰਿਹਾਇਸ਼ੀ ਢਾਂਚੇ, ਖੁਰਾਕ, ਸਿਹਤ ਸੰਭਾਲ, ਜੈਵਿਕ-ਸੁਰੱਖਿਆ , ਨਸਲ ਦੀ ਚੋਣ, ਚੂਚਿਆਂ ਦੀ ਸੰਭਾਲ ਅਤੇ ਪੋਲਟਰੀ ਸਾਧਨਾਂ ਦੀ ਕੁਸ਼ਲ ਵਰਤੋਂ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਸਿਖਲਾਈ ਦੌਰਾਨ, ਵਿਦਿਆਰਥੀਆਂ ਨੂੰ ਵਿਗਿਆਨਕ ਘਰੇਲੂ ਪੋਲਟਰੀ ਉਤਪਾਦਨ ਦੇ ਸਿਧਾਂਤਾਂ ਤੋਂ ਜਾਣੂ ਕਰਵਾਇਆ ਗਿਆ, ਜਿਸ ਵਿੱਚ ਢੁਕਵੇਂ ਪੰਛੀਆਂ ਦੀ ਚੋਣ, ਰਿਹਾਇਸ਼ ਦੀਆਂ ਲੋੜਾਂ, ਸਥਾਨ ਦਾ ਪ੍ਰਬੰਧਨ, ਖੁਰਾਕ ਅਤੇ ਪਾਣੀ ਦੇ ਤਰੀਕੇ, ਰਹਿੰਦ- ਖੂੰਹਦ, ਵਿੱਠਾਂ ਦਾ ਪ੍ਰਬੰਧਨ, ਸਫਾਈ ਅਤੇ ਬਿਮਾਰੀਆਂ ਦੀ ਰੋਕਥਾਮ ਸ਼ਾਮਲ ਸਨ।ਭਾਗ ਲੈਣ ਵਾਲਿਆਂ ਨੂੰ ਪੇਂਡੂ ਪਰਿਵਾਰਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਲਈ ਘਰੇਲੂ ਪੋਲਟਰੀ ਪਾਲਣ ਵਿੱਚ ਘੱਟ ਨਿਵੇਸ਼ ਨਾਲ ਆਮਦਨ ਪੈਦਾ ਕਰਨ ਵਾਲੀਆਂ ਸੰਭਾਵਨਾਵਾਂ ਬਾਰੇ ਵੀ ਜਾਗਰੂਕ ਕੀਤਾ ਗਿਆ। ਵਿਦਿਆਰਥੀਆਂ ਨੇ ਸਿਖਲਾਈ ਦੌਰਾਨ ਦਿਖਾਏ ਗਏ ਵਿਗਿਆਨਕ ਤਰੀਕਿਆਂ ਨੂੰ ਅਪਣਾਉਣ ਵਿੱਚ ਡੂੰਘੀ ਦਿਲਚਸਪੀ ਦਿਖਾਈ। ਡਾ. ਸਵਰਨ ਸਿੰਘ ਰੰਧਾਵਾ, ਡੀਨ, ਵੈਟਨਰੀ ਸਾਇੰਸ ਕਾਲਜ ਨੇ ਸਿਖਲਾਈ ਪ੍ਰੋਗਰਾਮ ਦੇ ਆਯੋਜਨ ਲਈ ਵਿਭਾਗ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਵਿਗਿਆਨਕ ਢੰਗ ਨਾਲ ਘਰੇਲੂ ਪੱਧਰ ‘ਤੇ ਪੋਲਟਰੀ ਪਾਲਣ (ਬੈਕਯਾਰਡ ਪੋਲਟਰੀ ਫਾਰਮਿੰਗ) ਬਾਰੇ ਵਿਦਿਆਰਥਆਂ ਨੂੰ ਅਰਥਪੂਰਨ ਵਿਹਾਰਕ ਤਜਰਬਾ ਅਤੇ ਹੁਨਰ-ਅਧਾਰਿਤ ਸਿੱਖਿਆ ਪ੍ਰਦਾਨ ਕਰਨ ਵਿੱਚ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।







