Homeਪੰਜਾਬਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ‘ਖੇਤ ਬਚਾਓ ਅਭਿਆਨ’ ਤਹਿਤ ਪਿੰਡ ਤੁੰਗਾਂ ਵਿਖੇ...

ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ‘ਖੇਤ ਬਚਾਓ ਅਭਿਆਨ’ ਤਹਿਤ ਪਿੰਡ ਤੁੰਗਾਂ ਵਿਖੇ ਸਰ੍ਹੋਂ ਦੀ ਕਾਸ਼ਤ ਸਬੰਧੀ ਸਿਖਲਾਈ ਕੈਂਪ

PAU-Krishi Vigyan Kendra, Sangrur, Organizes a Mustard Cultivation Training Camp at Village Tunga Under the ‘Khet Bachao Abhiyan’ to Promote Sustainable Farming.

ਸੰਗਰੂਰ, 3 ਨਵੰਬਰ, 2026 (ਸ਼ਹੀਦ-ਏ-ਆਜ਼ਮ-ਬਿਊਰੋ ) :ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ‘ਖੇਤ ਬਚਾਓ ਅਭਿਆਨ’ ਤਹਿਤ ਬਲਾਕ ਸੰਗਰੂਰ ਦੇ ਪਿੰਡ ਤੁੰਗਾਂ ਵਿਖੇ ਸਰ੍ਹੋਂ ਦੀ ਕਾਸ਼ਤ ਦੀਆਂ ਉੱਨਤ ਤਕਨੀਕਾਂ ਸਬੰਧੀ ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਕਿਸਾਨਾਂ ਨੂੰ ਸਰ੍ਹੋਂ ਦੀ ਵਿਗਿਆਨਕ ਢੰਗ ਨਾਲ ਕਾਸ਼ਤ ਕਰਨ, ਇਸ ਦੀ ਪ੍ਰੋਸੈਸਿੰਗ ਰਾਹੀਂ ਮੁੱਲ ਵਾਧਾ ਕਰਨ ਅਤੇ ਸਹਾਇਕ ਕਿੱਤੇ ਅਪਣਾ ਕੇ ਖੇਤੀ ਆਮਦਨ ਦੇ ਸਰੋਤ ਵਧਾਉਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ. ਰੁਕਿੰਦਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ), ਨੇ ਸਰ੍ਹੋਂ ਦੀਆਂ ਉੱਨਤ ਕਿਸਮਾਂ ਅਤੇ ਸੁਧਰੀਆਂ ਕਾਸ਼ਤਕਾਰੀ ਤਕਨੀਕਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਰਾਇਆ ਸਰ੍ਹੋਂ ਦਾ ਵਧੇਰੇ ਝਾੜ ਪ੍ਰਾਪਤ ਕਰਨ ਲਈ ਇਸ ਦੀ ਬਿਜਾਈ ਅੱਧ ਨਵੰਬਰ ਤੋਂ ਪਹਿਲਾਂ ਕਰ ਲੈਣੀ ਚਾਹੀਦੀ ਹੈ। ਉਨ੍ਹਾਂ ਕਿਸਾਨਾਂ ਨੂੰ ਸਮੇਂ ਸਿਰ ਬਿਜਾਈ ਕਰਨ ਅਤੇ ਸਿਫ਼ਾਰਸ਼ ਕੀਤੀਆਂ ਖੇਤੀ ਤਕਨੀਕਾਂ ਅਪਣਾਉਣ ਲਈ ਪ੍ਰੇਰਿਤ ਕੀਤਾ। ਡਾ. ਰੁਕਿੰਦਰਪ੍ਰੀਤ ਸਿੰਘ ਨੇ ਸਰ੍ਹੋਂ ਦੇ ਬੀਜ ਨੂੰ ਜੀਵਾਣੂ ਖਾਦ ਦਾ ਟੀਕਾ ਲਗਾਉਣ ਦੀ ਵਿਧੀ, ਬੀਜ ਦੀ ਢੁੱਕਵੀਂ ਮਾਤਰਾ, ਬਿਜਾਈ ਦੇ ਤਰੀਕਿਆਂ ਅਤੇ ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਨਦੀਨਾਂ ਦੀ ਰੋਕਥਾਮ ਅਤੇ ਸਿੰਚਾਈ ਪ੍ਰਬੰਧ ਸਬੰਧੀ ਨੁਕਤੇ ਸਾਂਝੇ ਕਰਦਿਆਂ ਕਿਸਾਨਾਂ ਨੂੰ ਫ਼ਸਲ ਦੇ ਵੱਖ-ਵੱਖ ਪੜਾਵਾਂ ਦੌਰਾਨ ਲੋੜ ਅਨੁਸਾਰ ਸੰਭਾਲ ਕਰਨ ਲਈ ਜਾਗਰੂਕ ਕੀਤਾ। ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਦੇ ਇੰਚਾਰਜ ਡਾ. ਮਨਦੀਪ ਸਿੰਘ ਨੇ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਵੱਲ ਕਦਮ ਵਧਾਉਣ ਅਤੇ ਹਾੜ੍ਹੀ ਰੁੱਤ ਵਿੱਚ ਤੇਲਬੀਜ ਤੇ ਦਾਲਾਂ ਵਾਲੀਆਂ ਫ਼ਸਲਾਂ ਦੀ ਕਾਸ਼ਤ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਫ਼ਸਲੀ ਵਿਭਿੰਨਤਾ ਦੇ ਨਾਲ-ਨਾਲ ਖੇਤੀ ਉਤਪਾਦਾਂ ਦੀ ਪ੍ਰੋਸੈਸਿੰਗ ਅਤੇ ਮੁੱਲ ਵਾਧੇ ਦੀਆਂ ਸੰਭਾਵਨਾਵਾਂ ਵੱਲ ਧਿਆਨ ਦੇਣਾ ਵੀ ਜ਼ਰੂਰੀ ਹੈ।
ਉਨ੍ਹਾਂ ਕਨੋਲਾ ਸਰ੍ਹੋਂ ਦੇ ਤੇਲ ਦੀ ਪੌਸ਼ਟਿਕ ਗੁਣਵੱਤਾ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਸਰ੍ਹੋਂ ਦੀ ਪ੍ਰੋਸੈਸਿੰਗ ਰਾਹੀਂ ਖੇਤੀ ਆਮਦਨ ਵਧਾਉਣ ਦੀਆਂ ਸੰਭਾਵਨਾਵਾਂ ਬਾਰੇ ਦੱਸਿਆ। ਉਨ੍ਹਾਂ ਕਿਸਾਨਾਂ ਨੂੰ ਕਾਸ਼ਤ ਦੇ ਨਾਲ-ਨਾਲ ਉਤਪਾਦ ਦੇ ਮੁੱਲ ਵਾਧੇ ਬਾਰੇ ਤਕਨੀਕੀ ਜਾਣਕਾਰੀ ਹਾਸਲ ਕਰਨ ਲਈ ਵੀ ਉਤਸ਼ਾਹਿਤ ਕੀਤਾ। ਡਾ. ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਫਾਰਮ ਮਸ਼ੀਨਰੀ), ਨੇ ‘ਖੇਤ ਬਚਾਓ ਅਭਿਆਨ’ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਮਿਲਾਉਣ ਦੀਆਂ ਤਕਨੀਕਾਂ ਅਤੇ ਇਸ ਕੰਮ ਲਈ ਖੇਤੀ ਮਸ਼ੀਨਰੀ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਫ਼ਸਲੀ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ ਲਈ ਉਪਲਬਧ ਤਕਨੀਕਾਂ ਅਪਣਾਉਣ ਲਈ ਪ੍ਰੇਰਿਤ ਕੀਤਾ। ਕੈਂਪ ਵਿੱਚ ਪੀ.ਏ.ਯੂ., ਲੁਧਿਆਣਾ ਦੇ ਰੂਰਲ ਐਗਰੀਕਲਚਰਲ ਵਰਕ ਐਕਸਪੀਰੀਅੰਸ (ਰਾਵੇ) ਪ੍ਰੋਗਰਾਮ ਦੇ ਵਿਦਿਆਰਥੀਆਂ ਨੇ ਵੀ ਸ਼ਮੂਲੀਅਤ ਕੀਤੀ। ਵਿਦਿਆਰਥੀਆਂ ਨੇ ਕਿਸਾਨਾਂ ਨੂੰ ਘਰੇਲੂ ਸਬਜ਼ੀ ਅਤੇ ਫ਼ਲਦਾਰ ਬਗੀਚੀ ਦੀ ਮਹੱਤਤਾ ਬਾਰੇ ਜਾਗਰੂਕ ਕਰਦਿਆਂ ਘਰ ਵਿੱਚ ਤਾਜ਼ੀਆਂ ਅਤੇ ਸੁਰੱਖਿਅਤ ਸਬਜ਼ੀਆਂ ਪੈਦਾ ਕਰਨ ਦੇ ਢੰਗ ਦੱਸੇ।
ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਖੁੰਬਾਂ ਦੀ ਕਾਸ਼ਤ ਨੂੰ ਸਹਾਇਕ ਕਿੱਤੇ ਵਜੋਂ ਅਪਣਾਉਣ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘਰੇਲੂ ਬਗੀਚੀ ਅਤੇ ਸਹਾਇਕ ਕਿੱਤਿਆਂ ਰਾਹੀਂ ਪਰਿਵਾਰ ਦੀਆਂ ਪੌਸ਼ਟਿਕ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਵਾਧੂ ਆਮਦਨ ਦੇ ਮੌਕੇ ਵੀ ਪੈਦਾ ਕੀਤੇ ਜਾ ਸਕਦੇ ਹਨ। ਇਸ ਮੌਕੇ ਬਲਾਕ ਸੰਗਰੂਰ ਵਿੱਚ ਸਰ੍ਹੋਂ ਦੇ ਪ੍ਰਦਰਸ਼ਨੀ ਪਲਾਟ ਲਗਾਉਣ ਲਈ ਕਿਸਾਨਾਂ ਨੂੰ ਉੱਨਤ ਕਿਸਮ ਪੀ.ਐੱਚ.ਆਰ.-127 ਦਾ ਬੀਜ ਅਤੇ ਜੈਵਿਕ ਖਾਦ ਵੀ ਵੰਡੀ ਗਈ। ਇਸ ਉਪਰਾਲੇ ਦਾ ਮਕਸਦ ਕਿਸਾਨਾਂ ਨੂੰ ਉੱਨਤ ਕਿਸਮਾਂ ਅਤੇ ਸੁਧਰੀਆਂ ਕਾਸ਼ਤਕਾਰੀ ਤਕਨੀਕਾਂ ਨਾਲ ਅਮਲੀ ਤੌਰ ’ਤੇ ਜੋੜਨਾ ਅਤੇ ਸਰ੍ਹੋਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨਾ ਹੈ। ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਅਜਿਹੇ ਸਿਖਲਾਈ ਕੈਂਪਾਂ ਰਾਹੀਂ ਕਿਸਾਨਾਂ ਤੱਕ ਖੇਤੀਬਾੜੀ ਦੀਆਂ ਨਵੀਨਤਮ ਤਕਨੀਕਾਂ ਅਤੇ ਸਹਾਇਕ ਕਿੱਤਿਆਂ ਸਬੰਧੀ ਜਾਣਕਾਰੀ ਪਹੁੰਚਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਤਾਂ ਜੋ ਖੇਤੀ ਨੂੰ ਵਧੇਰੇ ਲਾਹੇਵੰਦ ਅਤੇ ਟਿਕਾਊ ਬਣਾਇਆ ਜਾ ਸਕੇ।
RELATED ARTICLES
- Advertisment -
Google search engine
Google search engine
Google search engine

Most Popular

Recent Comments