ਹੈਦਰਾਬਾਦ, 30 ਜੁਲਾਈ, 2026 (ਜਗਦੇਵ ਸਿੰਘ ਢਿੱਲੋਂ) : ਸਰਦਾਰ ਵੱਲਭਭਾਈ ਪਟੇਲ ਰਾਸ਼ਟਰੀ ਪੁਲਿਸ ਅਕਾਦਮੀ (ਐਸਵੀਪੀਐਨਪੀਏ) ਵਿੱਚ ਇੱਕ ਮਹਿਲਾ ਟਰੇਨੀ ਆਈਪੀਐਸ ਅਧਿਕਾਰੀ ਨਾਲ ਕਥਿਤ ਤੌਰ ‘ਤੇ ਦੁਰਵਿਹਾਰ ਅਤੇ ਉਤਪੀੜਨ ਦੇ ਦੋਸ਼ਾਂ ਤਹਿਤ ਇੱਕ ਟਰੇਨੀ ਆਈਪੀਐਸ ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀ ਦੀ ਪਛਾਣ ਆਂਧਰਾ ਪ੍ਰਦੇਸ਼ ਦੇ ਪ੍ਰਕਾਸ਼ਮ ਜ਼ਿਲ੍ਹੇ ਦੇ ਰਹਿਣ ਵਾਲੇ ਐਮ. ਉਦੈ ਕ੍ਰਿਸ਼ਨਾ ਰੈੱਡੀ (33) ਵਜੋਂ ਹੋਈ ਹੈ।ਪੁਲਿਸ ਅਨੁਸਾਰ ਮਹਿਲਾ ਅਧਿਕਾਰੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਰੈੱਡੀ ਖ਼ਿਲਾਫ਼ ਪਿੱਛਾ ਕਰਨ, ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਨ, ਧਮਕੀਆਂ ਦੇਣ ਅਤੇ ਨਿੱਜਤਾ ਭੰਗ ਕਰਨ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਗਿਆ ਸੀ। ਅਦਾਲਤ ਨੇ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਦੋਸ਼ੀ ਲਗਾਤਾਰ ਸੋਸ਼ਲ ਮੀਡੀਆ ਅਤੇ ਮੈਸੇਜਿੰਗ ਪਲੇਟਫਾਰਮਾਂ ਰਾਹੀਂ ਅਣਚਾਹੇ ਸੁਨੇਹੇ ਭੇਜਦਾ ਰਿਹਾ ਅਤੇ ਅਕਾਦਮੀ ਦੇ ਅੰਦਰ ਵੀ ਉਸ ਨੂੰ ਤੰਗ ਕਰਦਾ ਸੀ। ਮਹਿਲਾ ਅਧਿਕਾਰੀ ਨੇ ਦੋਸ਼ ਲਗਾਇਆ ਕਿ ਉਸ ਬਾਰੇ ਗਲਤ ਅਫਵਾਹਾਂ ਫੈਲਾਈਆਂ ਗਈਆਂ ਅਤੇ ਉਸ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ।ਦੋਸ਼ਾਂ ਮੁਤਾਬਕ ਇੱਕ ਮੌਕੇ ‘ਤੇ ਰੈੱਡੀ ਨੇ ਮਹਿਲਾ ਅਧਿਕਾਰੀ ਨੂੰ ਜ਼ਬਰਦਸਤੀ ਆਪਣੇ ਕਮਰੇ ਵਿੱਚ ਲਿਜਾ ਕੇ ਉਸ ਨਾਲ ਬਦਸਲੂਕੀ ਕੀਤੀ ਅਤੇ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ। ਪੀੜਤਾ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਦੀ ਇਜਾਜ਼ਤ ਤੋਂ ਬਿਨਾਂ ਇੱਕ ਨਿੱਜੀ ਵੀਡੀਓ ਰਿਕਾਰਡ ਕੀਤਾ ਗਿਆ ਅਤੇ ਉਸ ਦੀ ਵਰਤੋਂ ਕਰਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਦੋਸ਼ੀ ਤੋਂ ਪੁੱਛਗਿੱਛ ਕੀਤੀ। ਬਾਅਦ ਵਿੱਚ ਉਸ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੋਰ ਤੱਥ ਵੀ ਸਾਹਮਣੇ ਆ ਸਕਦੇ ਹਨ।
