ਪੰਜਾਬ:10ਜੁਲਾਈ (ਛਤਰਪਾਲ ਸਿੰਘ):ਖਮਾਣੋਂ ਦੇ ਪਿੰਡ ਰਣਵਾਂ ਵਿੱਚ ਇੱਕ ਮਾਸੂਮ ਦੋ ਸਾਲ ਨੌਂ ਮਹੀਨੇ ਦੇ ਬੱਚੇ ਭਵਨਪ੍ਰੀਤ ਸਿੰਘ ਦੀ ਸੱਪ ਦੇ ਡੱਸਣ ਕਾਰਨ ਦਰਦਨਾਕ ਮੌਤ ਹੋ ਗਈ।
ਲਗਭਗ ਸਵਾ ਸਾਲ ਪਹਿਲਾਂ ਘਰੇਲੂ ਕਲੇਸ਼ ਤੋਂ ਦੁਖੀ ਹੋ ਕੇ ਬੱਚੇ ਦੇ ਪਿਤਾ ਜਗਮੀਤ ਸਿੰਘ ਨੇ ਖੁਦਕੁਸ਼ੀ ਕਰ ਲਈ ਸੀ, ਜਦਕਿ ਮਾਤਾ ਇਸ ਤੋਂ ਪਹਿਲਾਂ ਹੀ ਘਰ ਛੱਡ ਕੇ ਚਲੀ ਗਈ ਸੀ। ਇਸ ਤੋਂ ਬਾਅਦ ਬਜ਼ੁਰਗ ਦਾਦਾ ਹਰਬੰਸ ਸਿੰਘ ਅਤੇ ਦਾਦੀ ਆਪਣੇ ਪੁੱਤਰ ਦੀ ਆਖਰੀ ਨਿਸ਼ਾਨੀ ਸਮਝ ਕੇ ਇਸ ਬੱਚੇ ਦੀ ਪਰਵਰਿਸ਼ ਕਰ ਰਹੇ ਸਨ।
ਰਾਤ ਦੇ ਸਮੇਂ ਭਵਨਪ੍ਰੀਤ ਅਚਾਨਕ ਰੋਣ ਲੱਗ ਪਿਆ ਅਤੇ ਆਪਣੇ ਬਾਂਹ ਵੱਲ ਇਸ਼ਾਰਾ ਕਰਨ ਲੱਗਾ। ਜਦੋਂ ਦਾਦਾ ਜੀ ਨੇ ਬੱਤੀ ਜਗਾਈ ਤਾਂ ਬਾਂਹ ਉੱਤੇ ਨੀਲਾ-ਕਾਲਾ ਨਿਸ਼ਾਨ ਦਿਖਾਈ ਦਿੱਤਾ। ਬਿਸਤਰੇ ਦੀ ਜਾਂਚ ਕਰਨ ’ਤੇ ਪਤਾ ਲੱਗਿਆ ਕਿ ਵੱਡੇ ਪੋਤੇ ਦੇ ਸਿਰਹਾਣੇ ਹੇਠਾਂ ਇੱਕ ਜ਼ਹਿਰੀਲਾ ਸੱਪ ਬੈਠਾ ਹੋਇਆ ਸੀ।
ਪਰਿਵਾਰ ਤੁਰੰਤ ਬੱਚੇ ਨੂੰ ਹਸਪਤਾਲ ਲੈ ਕੇ ਰਵਾਨਾ ਹੋਇਆ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮਾਸੂਮ ਨੇ ਰਸਤੇ ਵਿੱਚ ਦਮ ਤੋੜ ਦਿੱਤਾ। ਪਹਿਲਾਂ ਆਪਣੇ ਪੁੱਤਰ ਅਤੇ ਹੁਣ ਆਪਣੇ ਪੋਤੇ ਨੂੰ ਗੁਆਉਣ ਕਾਰਨ ਬਜ਼ੁਰਗ ਦਾਦਾ-ਦਾਦੀ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ।
