ਲਾਗੋਸ, 5 ਸਤੰਬਰ 2026 (ਰਾਜੇਸ਼ ਕੁਮਾਰ) : ਨਾਈਜੀਰੀਆ ਦੇ ਰਿਵਰਜ਼ ਸੂਬੇ ਵਿੱਚ ਤੇਲ ਪਾਈਪਲਾਈਨ ਤੋਂ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਘੱਟੋ-ਘੱਟ 37 ਲੋਕਾਂ ਦੀ ਮੌਤ ਹੋਣ ਦਾ ਦਾਅਵਾ ਕੀਤਾ ਗਿਆ ਹੈ। ਹਾਲਾਂਕਿ ਪ੍ਰਸ਼ਾਸਨ ਨੇ ਹਾਲੇ ਤੱਕ ਮੌਤਾਂ ਦੀ ਗਿਣਤੀ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ। ਵਾਤਾਵਰਣ ਸੰਗਠਨ Youths and Environmental Advocacy Centre ਮੁਤਾਬਕ ਇਹ ਹਾਦਸਾ ਓਕ੍ਰਿਕਾ ਖੇਤਰ ਵਿੱਚ ਵੀਰਵਾਰ ਅੱਧੀ ਰਾਤ ਦੇ ਕਰੀਬ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਓਕਾਰੀ ਜੈਟੀ ’ਤੇ ਇੱਕ ਵੱਡੇ ਜਹਾਜ਼ ਵਿੱਚ ਤੇਲ ਭਰਨ ਦੀ ਪ੍ਰਕਿਰਿਆ ਚੱਲ ਰਹੀ ਸੀ। ਇਸ ਦੌਰਾਨ ਕੁਝ ਲੋਕਾਂ ਨੇ ਕਥਿਤ ਤੌਰ ’ਤੇ ਪਾਈਪਲਾਈਨ ਵਿੱਚੋਂ ਉੱਚ ਦਬਾਅ ਨਾਲ ਵਹਿ ਰਹੇ ਪੈਟਰੋਲੀਅਮ ਉਤਪਾਦ ਨੂੰ ਗੈਰ-ਕਾਨੂੰਨੀ ਢੰਗ ਨਾਲ ਕਿਸ਼ਤੀਆਂ ਵਿੱਚ ਭਰਨ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਜ਼ਹਿਰੀਲੀ ਗੈਸ ਦਾ ਰਿਸਾਅ ਹੋ ਗਿਆ, ਜਿਸ ਦੀ ਲਪੇਟ ਵਿੱਚ ਆਉਣ ਕਾਰਨ ਕਈ ਲੋਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਵਾਤਾਵਰਣ ਸਮੂਹ ਨੇ ਦਾਅਵਾ ਕੀਤਾ ਕਿ ਕੁਝ ਲੋਕ ਅਜੇ ਵੀ ਲਾਪਤਾ ਹਨ ਅਤੇ ਦਰਿਆ ਵਿੱਚ ਕੁਝ ਲਾਸ਼ਾਂ ਵੀ ਤੈਰਦੀਆਂ ਦੇਖੀਆਂ ਗਈਆਂ ਹਨ। ਪੁਲਿਸ ਮੁਤਾਬਕ ਮ੍ਰਿਤਕ ਲੋਕ ਕੱਚਾ ਤੇਲ ਚੋਰੀ ਕਰਨ ਦੀ ਕਥਿਤ ਕੋਸ਼ਿਸ਼ ਦੌਰਾਨ ਹਾਦਸੇ ਦਾ ਸ਼ਿਕਾਰ ਹੋਏ। ਇਹ ਘਟਨਾ ਨਾਈਜਰ ਡੈਲਟਾ ਖੇਤਰ ਵਿੱਚ ਗੈਰ-ਕਾਨੂੰਨੀ ਤੇਲ ਕੱਢਣ ਅਤੇ ਪਾਈਪਲਾਈਨਾਂ ਨਾਲ ਛੇੜਛਾੜ ਦੀ ਲੰਬੇ ਸਮੇਂ ਤੋਂ ਚੱਲ ਰਹੀ ਸਮੱਸਿਆ ਨੂੰ ਮੁੜ ਉਜਾਗਰ ਕਰਦੀ ਹੈ। ਰਿਪੋਰਟ ਮੁਤਾਬਕ ਅਕਤੂਬਰ 2023 ਤੋਂ ਬਾਅਦ ਇਸ ਤਰ੍ਹਾਂ ਦੀ ਇਹ ਸਭ ਤੋਂ ਵੱਡੀਆਂ ਘਟਨਾਵਾਂ ਵਿੱਚੋਂ ਇੱਕ ਦੱਸੀ ਜਾ ਰਹੀ ਹੈ। ਨਾਈਜਰ ਡੈਲਟਾ ਵਿੱਚ ਗੈਰ-ਕਾਨੂੰਨੀ ਤੇਲ ਕੱਢਣ ਕਾਰਨ ਅਕਸਰ ਜਾਨਲੇਵਾ ਹਾਦਸਿਆਂ ਦੇ ਨਾਲ-ਨਾਲ ਵਾਤਾਵਰਣ ਨੂੰ ਵੀ ਭਾਰੀ ਨੁਕਸਾਨ ਹੁੰਦਾ ਹੈ।
