ਮਾਨਸਾ, 20 ਅਕਤੂਬਰ (ਗੁਰਮੀਤ ਸਿੰਘ ਤੁੰਗ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅੱਜ ਦੇ ਮਾਨਸਾ ਅਤੇ ਲੁਧਿਆਣਾ ਦੌਰੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਜਾਣਕਾਰੀ ਅਨੁਸਾਰ, ਮਾਨਸਾ ਵਿੱਚ ਨਸ਼ਿਆਂ ਵਿਰੁੱਧ ਸਰਗਰਮ ਰਹੇ ਮਰਹੂਮ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਅਮਿਤ ਸ਼ਾਹ ਪਹੁੰਚਣਗੇ। ਦੌਰੇ ਦੇ ਮੱਦੇਨਜ਼ਰ ਮਾਨਸਾ ਪੁਲਿਸ ਵੱਲੋਂ ਕਰੀਬ 3,000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਸੁਰੱਖਿਆ ਕਾਰਨਾਂ ਕਰਕੇ ਹੈਲੀਪੈਡ ਦੇ ਆਲੇ-ਦੁਆਲੇ ਦੋ ਕਿਲੋਮੀਟਰ ਦੇ ਘੇਰੇ ਨੂੰ ਨੋ-ਫਲਾਈ ਜ਼ੋਨ ਐਲਾਨਿਆ ਗਿਆ ਹੈ। ਗ੍ਰਹਿ ਮੰਤਰੀ ਅਨਾਜ ਮੰਡੀ ਵਿੱਚ ਤਿਆਰ ਕੀਤੇ ਗਏ ਹੈਲੀਪੈਡ ’ਤੇ ਉਤਰਨਗੇ ਅਤੇ ਪਰਿਵਾਰ ਨਾਲ ਲਗਭਗ 45 ਮਿੰਟ ਬਿਤਾਉਣਗੇ। ਮਾਨਸਾ ਦੌਰੇ ਤੋਂ ਬਾਅਦ ਅਮਿਤ ਸ਼ਾਹ ਲੁਧਿਆਣਾ ਵਿੱਚ ਦੁਸਹਿਰਾ ਸਮਾਗਮਾਂ ਵਿੱਚ ਸ਼ਿਰਕਤ ਕਰਨਗੇ। ਦੋਵਾਂ ਥਾਵਾਂ ’ਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਚੌਕਸੀ ਰੱਖੀ ਜਾ ਰਹੀ ਹੈ।
