ਕੁਰੂਕਸ਼ੇਤਰ, 19 ਨਵੰਬਰ, 2026 (ਸੰਜੀਵ ਸ਼ਰਮਾ ) : ਹਰਿਆਣਾ ਦੇ ਬਾਗਬਾਨੀ ਵਿਭਾਗ ਵੱਲੋਂ ਉਦਿਆਨ ਸਿਖਲਾਈ ਸੰਸਥਾਨ, ਉਚਾਨੀ (ਕਰਨਾਲ) ਵਿਖੇ ਇੰਡੋ-ਇਜ਼ਰਾਈਲ ਪ੍ਰੋਜੈਕਟ ਤਹਿਤ ਮਧੂ-ਮੱਖੀ ਪਾਲਣ ਪ੍ਰਬੰਧਨ ਬਾਰੇ 17 ਤੋਂ 19 ਨਵੰਬਰ ਤੱਕ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦੀ ਸ਼ੁਰੂਆਤ 17 ਨਵੰਬਰ ਨੂੰ ਦੀਪ ਜਗਾ ਕੇ ਕੀਤੀ ਗਈ। ਇਸ ਸਿਖਲਾਈ ਪ੍ਰੋਗਰਾਮ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਲਗਭਗ 45 ਅਧਿਕਾਰੀ ਭਾਗ ਲੈ ਰਹੇ ਹਨ। ਸਿਖਲਾਈ ਪ੍ਰੋਗਰਾਮ ਦੇ ਦੂਜੇ ਦਿਨ ਬੁੱਧਵਾਰ ਨੂੰ ਸਾਰੇ ਭਾਗੀਦਾਰਾਂ ਨੂੰ ਏਕੀਕ੍ਰਿਤ ਮਧੂ-ਮੱਖੀ ਵਿਕਾਸ ਕੇਂਦਰ, ਰਾਮਨਗਰ (ਕੁਰੂਕਸ਼ੇਤਰ) ਦਾ ਦੌਰਾ ਕਰਵਾਇਆ ਗਿਆ। ਕੇਂਦਰ ਵਿਖੇ ਪਹੁੰਚਣ ’ਤੇ ਕੇਂਦਰ ਦੀ ਸੰਚਾਲਕ ਅਤੇ ਬਾਗਬਾਨੀ ਵਿਭਾਗ ਦੀ ਉਪ-ਨਿਰਦੇਸ਼ਕ ਡਾ. ਪਿੰਕੀ ਯਾਦਵ ਵੱਲੋਂ ਪ੍ਰੋਜੈਕਟ ਅਧਿਕਾਰੀ ਮਸ਼ਾਵ ਬ੍ਰਹਮਾਦੇਵ ਅਤੇ ਸਾਰੇ ਭਾਗੀਦਾਰਾਂ ਦਾ ਸਵਾਗਤ ਕੀਤਾ ਗਿਆ।

ਇਸ ਮੌਕੇ ਡਾ. ਪਿੰਕੀ ਯਾਦਵ ਨੇ ਭਾਗੀਦਾਰਾਂ ਨੂੰ ਮਧੂ-ਮੱਖੀ ਪਾਲਣ ਦੇ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਹਰਿਆਣਾ ਸਰਕਾਰ ਵੱਲੋਂ ਦਿੱਤੀ ਜਾ ਰਹੀ 85 ਫ਼ੀਸਦੀ ਅਤੇ 75 ਫ਼ੀਸਦੀ ਸਬਸਿਡੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਦਿੱਤੀ ਜਾ ਰਹੀ ਵਿੱਤੀ ਸਹਾਇਤਾ ਇਸ ਖੇਤਰ ਦੇ ਵਿਕਾਸ ਅਤੇ ਕਿਸਾਨਾਂ ਨੂੰ ਮਧੂ-ਮੱਖੀ ਪਾਲਣ ਦੇ ਕਿੱਤੇ ਨਾਲ ਜੋੜਨ ਵਿੱਚ ਮਦਦਗਾਰ ਸਾਬਤ ਹੋ ਰਹੀ ਹੈ। ਕੇਂਦਰ ਵਿੱਚ ਤਾਇਨਾਤ ਲੈਬ ਮਾਹਿਰ ਡਾ. ਨੇਹਾ ਚੌਧਰੀ ਨੇ ਆਪਣੀ ਪੇਸ਼ਕਾਰੀ ਰਾਹੀਂ ਸਾਰੇ ਭਾਗੀਦਾਰਾਂ ਨੂੰ ਸ਼ਹਿਦ ਦੇ ਮੁੱਲ ਵਾਧੇ (ਵੈਲਿਊ ਐਡੀਸ਼ਨ) ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਸ਼ਹਿਦ ਦੀ ਗੁਣਵੱਤਾ ਅਤੇ ਇਸ ਤੋਂ ਵੱਧ ਆਰਥਿਕ ਲਾਭ ਪ੍ਰਾਪਤ ਕਰਨ ਦੇ ਤਰੀਕਿਆਂ ਬਾਰੇ ਵੀ ਜਾਣੂ ਕਰਵਾਇਆ। ਇਸ ਤੋਂ ਬਾਅਦ ਮਧੂ-ਮੱਖੀ ਮਾਹਿਰ ਡਾ. ਅਮਿਤ ਕੁਮਾਰ ਨੇ ਸਾਰੇ ਭਾਗੀਦਾਰਾਂ ਨੂੰ ਕੇਂਦਰ ਦਾ ਦੌਰਾ ਕਰਵਾਇਆ ਅਤੇ ਉੱਥੇ ਉਪਲਬਧ ਬੁਨਿਆਦੀ ਸਹੂਲਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਸਿਖਲਾਈ ਸੈਸ਼ਨ ਦੌਰਾਨ ਭਾਗੀਦਾਰਾਂ ਨੂੰ ਮਧੂ-ਮੱਖੀਆਂ ਦੀਆਂ ਕਾਲੋਨੀਆਂ ਦੀ ਵੰਡ ਕਰਨ, ਕਮਜ਼ੋਰ ਅਤੇ ਮਜ਼ਬੂਤ ਕਾਲੋਨੀਆਂ ਦੀ ਪਛਾਣ ਕਰਨ ਸਬੰਧੀ ਵਿਹਾਰਕ ਜਾਣਕਾਰੀ ਅਤੇ ਸਿਖਲਾਈ ਦਿੱਤੀ।
ਇਸ ਦੌਰਾਨ ਸਿਖਿਆਰਥੀਆਂ ਨੂੰ ਮਜ਼ਬੂਤ ਕਾਲੋਨੀਆਂ ਦੀਆਂ ਮੁੱਖ ਵਿਸ਼ੇਸ਼ਤਾਵਾਂ, ਕਮਜ਼ੋਰ ਕਾਲੋਨੀਆਂ ਦੀ ਪਛਾਣ ਅਤੇ ਕਾਲੋਨੀ ਵੰਡਣ ਦੀ ਵਿਗਿਆਨਕ ਵਿਧੀ ਬਾਰੇ ਵਿਸਥਾਰ ਨਾਲ ਸਮਝਾਇਆ ਗਿਆ, ਤਾਂ ਜੋ ਉਹ ਮਧੂ-ਮੱਖੀ ਪਾਲਣ ਦੇ ਕੰਮ ਨੂੰ ਵਿਗਿਆਨਕ ਢੰਗ ਨਾਲ ਕਰ ਸਕਣ। ਭਾਗੀਦਾਰਾਂ ਨੂੰ ਮਧੂ-ਮੱਖੀ ਪਾਲਣ ਇਕਾਈ ਦਾ ਦੌਰਾ ਵੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮਧੂ-ਮੱਖੀਆਂ ਦੀਆਂ ਕਾਲੋਨੀਆਂ ਦੇ ਵਿਹਾਰਕ ਪ੍ਰਬੰਧਨ, ਸਾਂਭ-ਸੰਭਾਲ ਅਤੇ ਵਿਗਿਆਨਕ ਮਧੂ-ਮੱਖੀ ਪਾਲਣ ਨਾਲ ਜੁੜੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਮੌਕੇ ’ਤੇ ਜਾਣਕਾਰੀ ਦਿੱਤੀ ਗਈ। ਇਸ ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਅਸਲ ਹਾਲਾਤਾਂ ਵਿੱਚ ਵਿਗਿਆਨਕ ਮਧੂ-ਮੱਖੀ ਪਾਲਣ ਦੀਆਂ ਤਕਨੀਕਾਂ ਨੂੰ ਸਮਝਣ ਦਾ ਮੌਕਾ ਮਿਲਿਆ। ਇਸ ਤੋਂ ਇਲਾਵਾ ਮਧੂ-ਮੱਖੀ ਪਾਲਕਾਂ ਨਾਲ ਸਿੱਧਾ ਸੰਵਾਦ ਕਰਨ ਰਾਹੀਂ ਉਨ੍ਹਾਂ ਨੂੰ ਆਪਣੇ ਕਿੱਤੇ ਨਾਲ ਜੁੜੀਆਂ ਵੱਖ-ਵੱਖ ਸਮੱਸਿਆਵਾਂ ਦੇ ਹੱਲ ਜਾਣਨ ਅਤੇ ਤਜਰਬੇ ਸਾਂਝੇ ਕਰਨ ਦਾ ਮੌਕਾ ਵੀ ਪ੍ਰਾਪਤ ਹੋਇਆ।