ਤਿੰਨ ਦਿਨਾਂ ਵਿੱਚ 124 ਦੁੱਧ ਦੇ ਨਮੂਨਿਆਂ ਦੀ ਜਾਂਚ, 110 ਮਾਪਦੰਡਾਂ ਤੋਂ ਘੱਟ ਪਾਏ ਗਏ
ਪਟਿਆਲਾ, 2 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ): ਪਟਿਆਲਾ ਵਿੱਚ ਦੁੱਧ ਦੀ ਗੁਣਵੱਤਾ ਅਤੇ ਸ਼ੁੱਧਤਾ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ‘ਮੇਹਤਾ ਦੀ ਪੁਕਾਰ, ਮਿਲਾਵਟ ਨੂੰ ਇਨਕਾਰ’ ਮੁਹਿੰਮ ਤਹਿਤ ਲਗਾਤਾਰ ਤਿੰਨ ਦੁੱਧ ਜਾਂਚ ਕੈਂਪ ਲਗਾਏ ਗਏ। ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮੇਹਤਾ ਵੱਲੋਂ ਡੇਅਰੀ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਪਟਿਆਲਾ ਦੇ ਵੱਖ-ਵੱਖ ਇਲਾਕਿਆਂ ਵਿੱਚ ਇਹ ਕੈਂਪ ਕਰਵਾਏ ਗਏ। ਇਨ੍ਹਾਂ ਕੈਂਪਾਂ ਦੌਰਾਨ ਲੋਕ ਆਪਣੇ ਘਰਾਂ ਤੋਂ ਦੁੱਧ ਦੇ ਨਮੂਨੇ ਲੈ ਕੇ ਪਹੁੰਚੇ ਅਤੇ ਮੌਕੇ ’ਤੇ ਹੀ ਉਨ੍ਹਾਂ ਦੀ ਜਾਂਚ ਕਰਵਾਈ। ਤਿੰਨ ਦਿਨਾਂ ਦੌਰਾਨ ਕੁੱਲ 124 ਦੁੱਧ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 14 ਨਮੂਨੇ ਮਾਪਦੰਡਾਂ ਅਨੁਸਾਰ, ਜਦਕਿ 110 ਨਮੂਨੇ ਮਾਪਦੰਡਾਂ ਤੋਂ ਘੱਟ ਪਾਏ ਗਏ।
28 ਸਤੰਬਰ ਨੂੰ ਤ੍ਰਿਵੇਣੀ ਚੌਕ ਸਥਿਤ ਸ਼ਿਵ ਮੰਦਰ, ਸਰੋਵਾਲਾ ਮੁਹੱਲਾ ਵਿਖੇ ਲਗਾਏ ਗਏ ਕੈਂਪ ਵਿੱਚ 51 ਨਮੂਨਿਆਂ ਦੀ ਜਾਂਚ ਹੋਈ। ਇਨ੍ਹਾਂ ਵਿੱਚੋਂ 8 ਨਮੂਨੇ ਮਾਪਦੰਡਾਂ ਅਨੁਸਾਰ ਅਤੇ 43 ਨਮੂਨੇ ਮਾਪਦੰਡਾਂ ਤੋਂ ਘੱਟ ਪਾਏ ਗਏ। ਘੱਟ ਮਾਪਦੰਡ ਵਾਲੇ ਨਮੂਨਿਆਂ ਵਿੱਚ 10 ਤੋਂ 40 ਫੀਸਦੀ ਤੱਕ ਪਾਣੀ ਪਾਇਆ ਗਿਆ, ਜਦਕਿ ਇੱਕ ਨਮੂਨੇ ਵਿੱਚ ਸੁਕਰੋਜ਼ ਕੈਮੀਕਲ ਵੀ ਮਿਲਿਆ। 29 ਸਤੰਬਰ ਨੂੰ ਟੋਪਖਾਨਾ ਮੋੜ ਸਥਿਤ ਜੀਨਗਰ ਧਰਮਸ਼ਾਲਾ ਵਿਖੇ ਲਗਾਏ ਕੈਂਪ ਦੌਰਾਨ 35 ਦੁੱਧ ਦੇ ਨਮੂਨੇ ਜਾਂਚੇ ਗਏ। ਇਨ੍ਹਾਂ ਵਿੱਚੋਂ 4 ਮਾਪਦੰਡਾਂ ਅਨੁਸਾਰ ਅਤੇ 31 ਮਾਪਦੰਡਾਂ ਤੋਂ ਘੱਟ ਪਾਏ ਗਏ। ਇਨ੍ਹਾਂ ਨਮੂਨਿਆਂ ਵਿੱਚ 10 ਤੋਂ 57 ਫੀਸਦੀ ਤੱਕ ਪਾਣੀ ਪਾਇਆ ਗਿਆ। ਇਸੇ ਤਰ੍ਹਾਂ 30 ਸਤੰਬਰ ਨੂੰ ਤਵਕਲੀ ਮੋੜ ਵਿਖੇ ਲਗਾਏ ਗਏ ਕੈਂਪ ਵਿੱਚ 38 ਨਮੂਨਿਆਂ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿੱਚੋਂ ਸਿਰਫ਼ 2 ਨਮੂਨੇ ਮਾਪਦੰਡਾਂ ਅਨੁਸਾਰ ਸਨ, ਜਦਕਿ 36 ਨਮੂਨੇ ਮਾਪਦੰਡਾਂ ਤੋਂ ਘੱਟ ਪਾਏ ਗਏ। ਇਨ੍ਹਾਂ ਨਮੂਨਿਆਂ ਵਿੱਚ ਵੀ 10 ਤੋਂ 57 ਫੀਸਦੀ ਤੱਕ ਪਾਣੀ ਪਾਇਆ ਗਿਆ।
ਦੁੱਧ ਦੀ ਗੁਣਵੱਤਾ ਬਾਰੇ ਖਪਤਕਾਰਾਂ ਨੂੰ ਜਾਗਰੂਕ ਕਰਨਾ ਮੁੱਖ ਉਦੇਸ਼: ਤੇਜਿੰਦਰ ਮੇਹਤਾ
ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮੇਹਤਾ ਨੇ ਕਿਹਾ ਕਿ ਦੁੱਧ ਹਰ ਪਰਿਵਾਰ ਦੀ ਰੋਜ਼ਾਨਾ ਖੁਰਾਕ ਦਾ ਅਹਿਮ ਹਿੱਸਾ ਹੈ, ਇਸ ਲਈ ਖਪਤਕਾਰਾਂ ਲਈ ਦੁੱਧ ਦੀ ਗੁਣਵੱਤਾ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ‘ਮੇਹਤਾ ਦੀ ਪੁਕਾਰ, ਮਿਲਾਵਟ ਨੂੰ ਇਨਕਾਰ’ ਮੁਹਿੰਮ ਦਾ ਮੁੱਖ ਮਕਸਦ ਲੋਕਾਂ ਨੂੰ ਦੁੱਧ ਦੀ ਗੁਣਵੱਤਾ ਅਤੇ ਸ਼ੁੱਧਤਾ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਮੁਹਿੰਮ ਸ਼ੁਰੂ ਕਰਨਾ ਹੀ ਕਾਫ਼ੀ ਨਹੀਂ, ਸਗੋਂ ਇਸ ਦੀ ਲਗਾਤਾਰ ਪੈਰਵੀ ਵੀ ਜ਼ਰੂਰੀ ਹੈ। ਇਸੇ ਤਹਿਤ ਪਟਿਆਲਾ ਦੇ ਵੱਖ-ਵੱਖ ਇਲਾਕਿਆਂ ਵਿੱਚ ਲਗਾਤਾਰ ਦੁੱਧ ਦੀ ਸ਼ੁੱਧਤਾ ਜਾਂਚ ਲਈ ਕੈਂਪ ਲਗਾਏ ਜਾ ਰਹੇ ਹਨ।
ਮੌਕੇ ’ਤੇ ਹੀ ਦਿੱਤੀ ਜਾ ਰਹੀ ਦੁੱਧ ਦੀ ਗੁਣਵੱਤਾ ਬਾਰੇ ਜਾਣਕਾਰੀ: ਦਲਬੀਰ ਕੁਮਾਰ
ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਪਟਿਆਲਾ ਦਲਬੀਰ ਕੁਮਾਰ ਨੇ ਦੱਸਿਆ ਕਿ ਕੈਂਪਾਂ ਦੌਰਾਨ ਖਪਤਕਾਰਾਂ ਨੂੰ ਮੌਕੇ ’ਤੇ ਹੀ ਉਨ੍ਹਾਂ ਦੇ ਦੁੱਧ ਦੀ ਗੁਣਵੱਤਾ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਤਿੰਨ ਦਿਨਾਂ ਵਿੱਚ ਜਾਂਚੇ ਗਏ 124 ਨਮੂਨਿਆਂ ਵਿੱਚੋਂ 110 ਮਾਪਦੰਡਾਂ ਤੋਂ ਘੱਟ ਪਾਏ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਮਕਸਦ ਖਪਤਕਾਰਾਂ ਨੂੰ ਦੁੱਧ ਦੀ ਗੁਣਵੱਤਾ ਸਬੰਧੀ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਆਪਣੇ ਦੁੱਧ ਦੀ ਜਾਂਚ ਕਰਵਾਉਣ ਦੀ ਸਹੂਲਤ ਮੁਹੱਈਆ ਕਰਵਾਉਣਾ ਹੈ। ਕੈਂਪਾਂ ਦੌਰਾਨ ਡੇਅਰੀ ਵਿਕਾਸ ਇੰਸਪੈਕਟਰ ਕੁਲਵਿੰਦਰ ਸਿੰਘ, ਲਖਮੀਰ ਸਿੰਘ ਅਤੇ ਇੰਸਪੈਕਟਰ ਮੈਡਮ ਉਪਿੰਦਰਜੀਤ ਕੌਰ ਨੇ ਆਪਣੀਆਂ ਡਿਊਟੀਆਂ ਨਿਭਾਈਆਂ।
ਇਸ ਮੌਕੇ ਅਗਰਵਾਲ ਵੈਲਫੇਅਰ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਤ੍ਰਿਲੋਕ ਜੈਨ, ਵੈਰਾਗੀ ਵੈਲਫੇਅਰ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਜਗਦੀਸ਼ ਸਿੰਘ ਬਾਵਾ, ਹਿੰਦੂ ਆਗੂ ਰਵਿੰਦਰ ਸਿੰਗਲਾ, ਵਪਾਰੀ ਆਗੂ ਸੋਨਮ ਬਾਂਸਲ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਸੁਮੀਤ ਟੇਕਜਾ, ਸੀਨੀਅਰ ਆਗੂ ਗੁਰਨਾਮ ਭੱਟੀ, ਡਰੱਗ ਫੈਡਰੇਸ਼ਨ ਦੇ ਧਰਮਿੰਦਰ ਸਰਾਓ, ਟਰੇਡ ਕਮਿਸ਼ਨ ਮੈਂਬਰ ਨਿਰਮਲ ਝਨੇਰੀ, ਯੂਥ ਆਗੂ ਸੁਰਿੰਦਰ ਨਿੱਕੂ, ਰਾਹੁਲ ਸੇਠੀ, ਗੌਰਵ ਛਾਬੜਾ ਸਮੇਤ ਹੋਰ ਪਤਵੰਤੇ ਮੌਜੂਦ ਰਹੇ। ਮੁਹਿੰਮ ਤਹਿਤ ਪਟਿਆਲਾ ਦੇ ਵੱਖ-ਵੱਖ ਇਲਾਕਿਆਂ ਵਿੱਚ ਅਜਿਹੇ ਦੁੱਧ ਜਾਂਚ ਕੈਂਪ ਲਗਾਉਣ ਦਾ ਸਿਲਸਿਲਾ ਜਾਰੀ ਰੱਖਣ ਦੇ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਵੱਧ ਤੋਂ ਵੱਧ ਖਪਤਕਾਰ ਆਪਣੇ ਦੁੱਧ ਦੀ ਜਾਂਚ ਕਰਵਾ ਸਕਣ ਅਤੇ ਦੁੱਧ ਦੀ ਗੁਣਵੱਤਾ ਬਾਰੇ ਜਾਣਕਾਰੀ ਹਾਸਲ ਕਰ ਸਕਣ।





