ਨਵੰਬਰ ਮਹੀਨੇ ਵਿੱਚ ਪੰਜਾਬ ਵਾਸੀਆਂ ਨੂੰ ਮਿਲਣਗੀਆਂ ਕਈ ਹੋਰ ਛੁੱਟੀਆਂ, 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦਿਵਸ ਅਤੇ 24 ਨਵੰਬਰ ਨੂੰ ਗੁਰਪੁਰਬ
ਚੰਡੀਗੜ੍ਹ, 7 ਨਵੰਬਰ (ਗੁਰਮੀਤ ਸਿੰਘ ਤੁੰਗ): ਪੰਜਾਬ ਵਾਸੀਆਂ ਲਈ ਨਵੰਬਰ ਮਹੀਨੇ ਦੌਰਾਨ ਕਈ ਤਿਉਹਾਰਾਂ ਅਤੇ ਇਤਿਹਾਸਕ ਦਿਹਾੜਿਆਂ ਦੇ ਮੱਦੇਨਜ਼ਰ ਛੁੱਟੀਆਂ ਰਹਿਣਗੀਆਂ। ਦੀਵਾਲੀ ਤੋਂ ਬਾਅਦ ਹੁਣ 9 ਨਵੰਬਰ ਨੂੰ ਵਿਸ਼ਵਕਰਮਾ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਜਨਤਕ ਛੁੱਟੀ ਐਲਾਨੀ ਗਈ ਹੈ। ਇਸ ਕਾਰਨ ਸੂਬੇ ਦੇ ਸਾਰੇ ਸਰਕਾਰੀ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ।ਜ਼ਿਕਰਯੋਗ ਹੈ ਕਿ ਇਸ ਸਾਲ ਦੀਵਾਲੀ ਦਾ ਤਿਉਹਾਰ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ, ਜਦਕਿ ਇਸ ਤੋਂ ਅਗਲੇ ਦਿਨ ਸੋਮਵਾਰ, 9 ਨਵੰਬਰ ਨੂੰ ਵਿਸ਼ਵਕਰਮਾ ਦਿਵਸ ਮਨਾਇਆ ਜਾਵੇਗਾ। ਇਸ ਮੌਕੇ ਉਦਯੋਗਿਕ ਖੇਤਰਾਂ ਅਤੇ ਵੱਖ-ਵੱਖ ਕਾਰੋਬਾਰੀ ਅਦਾਰਿਆਂ ਵਿੱਚ ਭਗਵਾਨ ਵਿਸ਼ਵਕਰਮਾ ਦੀ ਪੂਜਾ ਕੀਤੀ ਜਾਵੇਗੀ। ਕਈ ਨਿੱਜੀ ਅਦਾਰਿਆਂ ਵੱਲੋਂ ਵੀ ਇਸ ਦਿਨ ਛੁੱਟੀ ਰੱਖੇ ਜਾਣ ਦੀ ਸੰਭਾਵਨਾ ਹੈ।
ਨਵੰਬਰ ਮਹੀਨੇ ਵਿੱਚ ਇਸ ਤੋਂ ਇਲਾਵਾ ਦੋ ਹੋਰ ਮਹੱਤਵਪੂਰਨ ਜਨਤਕ ਛੁੱਟੀਆਂ ਵੀ ਆ ਰਹੀਆਂ ਹਨ। 16 ਨਵੰਬਰ ਨੂੰ ਮਹਾਨ ਕ੍ਰਾਂਤੀਕਾਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ, ਜਦਕਿ 24 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਨ੍ਹਾਂ ਤਿਉਹਾਰਾਂ ਅਤੇ ਇਤਿਹਾਸਕ ਦਿਹਾੜਿਆਂ ਕਾਰਨ ਪੰਜਾਬ ਦੇ ਸਰਕਾਰੀ ਅਦਾਰਿਆਂ ਵਿੱਚ ਨਵੰਬਰ ਮਹੀਨੇ ਦੌਰਾਨ ਕਈ ਦਿਨ ਕੰਮਕਾਜ ਬੰਦ ਰਹੇਗਾ। ਸਰਕਾਰੀ ਕੰਮਾਂ ਲਈ ਦਫ਼ਤਰ ਜਾਣ ਵਾਲੇ ਲੋਕਾਂ ਨੂੰ ਛੁੱਟੀਆਂ ਦਾ ਧਿਆਨ ਰੱਖਦਿਆਂ ਆਪਣੀ ਯੋਜਨਾ ਬਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
