ਨਵੀਂ ਦਿੱਲੀ, 12 ਅਗਸਤ 2026 (ਹਰਸ਼ਪ੍ਰੀਤ ਕੌਰ) : ਭਾਰਤ ਦੀ ਸਾਬਕਾ ਪਹਿਲਵਾਨ ਅਤੇ ਭਾਜਪਾ ਆਗੂ ਬਬੀਤਾ ਫੋਗਾਟ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਸ਼ਿਵਰਾਤਰੀ ਦੇ ਪਵਿੱਤਰ ਮੌਕੇ ’ਤੇ ਬਬੀਤਾ ਫੋਗਾਟ ਨੇ ਧੀ ਨੂੰ ਜਨਮ ਦਿੱਤਾ ਹੈ। ਉਨ੍ਹਾਂ ਨੇ ਇਹ ਖੁਸ਼ਖਬਰੀ ਸੋਸ਼ਲ ਮੀਡੀਆ ਪਲੇਟਫਾਰਮ ‘X’ ’ਤੇ ਸਾਂਝੀ ਕੀਤੀ।
ਬਬੀਤਾ ਨੇ ਆਪਣੀ ਨਵਜੰਮੀ ਧੀ ਨੂੰ ਮਾਂ ਪਾਰਵਤੀ ਦਾ ਰੂਪ ਦੱਸਦਿਆਂ ਕਿਹਾ ਕਿ ਉਸ ਦੇ ਘਰ ਆਉਣ ਨਾਲ ਪਰਿਵਾਰ ਦੀਆਂ ਖੁਸ਼ੀਆਂ ਕਈ ਗੁਣਾ ਵੱਧ ਗਈਆਂ ਹਨ। ਉਨ੍ਹਾਂ ਨੇ ਧੀ ਦੇ ਜਨਮ ਨੂੰ ਆਪਣੇ ਅਤੇ ਪਰਿਵਾਰ ਲਈ ਬੇਹੱਦ ਕੀਮਤੀ ਅਸੀਸ ਕਰਾਰ ਦਿੱਤਾ ਅਤੇ ਪ੍ਰਸ਼ੰਸਕਾਂ ਕੋਲੋਂ ਨਵਜੰਮੀ ਬੱਚੀ ਲਈ ਅਸ਼ੀਰਵਾਦ ਮੰਗਿਆ। ਬਬੀਤਾ ਨੇ ਕਿਹਾ ਕਿ ਸ਼ਿਵਰਾਤਰੀ ਦੇ ਇਸ ਪਵਿੱਤਰ ਦਿਹਾੜੇ ’ਤੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਨੰਨ੍ਹੀ ਪਰੀ ਦਾ ਆਉਣਾ ਮਹਾਦੇਵ ਦੀ ਕਿਰਪਾ ਵਰਗਾ ਹੈ। ਧੀ ਦੇ ਜਨਮ ਦੀ ਖੁਸ਼ੀ ਨੂੰ ਉਨ੍ਹਾਂ ਨੇ ਸ਼ਬਦਾਂ ਤੋਂ ਪਰੇ ਦੱਸਿਆ। ਇਹ ਬਬੀਤਾ ਫੋਗਾਟ ਅਤੇ ਉਨ੍ਹਾਂ ਦੇ ਪਤੀ ਵਿਵੇਕ ਸੁਹਾਗ ਦੀ ਦੂਜੀ ਔਲਾਦ ਹੈ। ਇਸ ਤੋਂ ਪਹਿਲਾਂ ਜਨਵਰੀ 2021 ਵਿੱਚ ਦੋਵੇਂ ਇੱਕ ਪੁੱਤਰ ਦੇ ਮਾਤਾ-ਪਿਤਾ ਬਣੇ ਸਨ। ਬਬੀਤਾ ਅਤੇ ਵਿਵੇਕ ਦਾ ਵਿਆਹ ਸਾਲ 2019 ਵਿੱਚ ਹੋਇਆ ਸੀ।
ਬਬੀਤਾ ਫੋਗਾਟ ਨੇ ਕਾਮਨਵੈਲਥ ਗੇਮਜ਼ ਵਿੱਚ ਸੋਨ ਤਮਗਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਸੀ। ਉਨ੍ਹਾਂ ਦੀ ਜ਼ਿੰਦਗੀ ਤੋਂ ਪ੍ਰੇਰਿਤ ਕਿਰਦਾਰ ਨੇ ਬਾਲੀਵੁੱਡ ਫ਼ਿਲਮ ‘ਦੰਗਲ’ ਰਾਹੀਂ ਵੀ ਦੇਸ਼ ਭਰ ਵਿੱਚ ਖਾਸ ਪਛਾਣ ਬਣਾਈ। ਬਾਅਦ ਵਿੱਚ ਉਹ ਰਾਜਨੀਤੀ ਵਿੱਚ ਆਈਆਂ ਅਤੇ ਜਨਤਕ ਜੀਵਨ ਵਿੱਚ ਸਰਗਰਮ ਰਹੀਆਂ। ਧੀ ਦੇ ਜਨਮ ਤੋਂ ਬਾਅਦ ਬਬੀਤਾ ਫੋਗਾਟ ਅਤੇ ਵਿਵੇਕ ਸੁਹਾਗ ਨੂੰ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਪ੍ਰਸ਼ੰਸਕਾਂ ਵੱਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ।
