Home ਪੰਜਾਬ ਮੁਹਾਲੀ ਏਅਰੋਟ੍ਰੋਪੋਲਿਸ ਪ੍ਰਾਜੈਕਟ ਲਈ 3,864 ਏਕੜ ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਅੰਤਿਮ...

ਮੁਹਾਲੀ ਏਅਰੋਟ੍ਰੋਪੋਲਿਸ ਪ੍ਰਾਜੈਕਟ ਲਈ 3,864 ਏਕੜ ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਅੰਤਿਮ ਪੜਾਅ ਵਿੱਚ, 20 ਜੁਲਾਈ ਨੂੰ ਕਿਸਾਨਾਂ ਨੂੰ ਸੁਣਾਏ ਜਾਣਗੇ ਅਵਾਰਡ

0

ਮੁਹਾਲੀ , 17 ਜੁਲਾਈ(ਸੰਜੀਵ ਸ਼ਰਮਾ): ਮੁਹਾਲੀ ਦੇ ਮਹੱਤਵਪੂਰਨ ਏਅਰੋਟ੍ਰੋਪੋਲਿਸ ਰਿਹਾਇਸ਼ੀ ਪ੍ਰਾਜੈਕਟ ਦੇ ਵਿਸਥਾਰ ਲਈ 3,864 ਏਕੜ ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਹੁਣ ਅੰਤਿਮ ਪੜਾਅ ਵਿੱਚ ਪਹੁੰਚ ਗਈ ਹੈ। ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਵੱਲੋਂ 20 ਜੁਲਾਈ ਨੂੰ ਅੱਠ ਪਿੰਡਾਂ ਦੇ ਕਿਸਾਨਾਂ ਨੂੰ ਜ਼ਮੀਨ ਦੀ ਕੀਮਤ ਸਬੰਧੀ ਅਵਾਰਡ ਸੁਣਾਏ ਜਾਣਗੇ।

ਇਸ ਸਬੰਧੀ ਭੂਮੀ ਪ੍ਰਾਪਤੀ ਕਲੈਕਟਰ ਵੱਲੋਂ ਸਬੰਧਤ ਪਿੰਡਾਂ ਦੇ ਸਰਪੰਚਾਂ ਨੂੰ ਪੱਤਰ ਜਾਰੀ ਕਰਕੇ ਮੁਨਿਆਦੀ ਕਰਵਾਉਣ ਅਤੇ ਕਿਸਾਨਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।

ਜਾਣਕਾਰੀ ਅਨੁਸਾਰ, ਏਅਰੋਟ੍ਰੋਪੋਲਿਸ ਪ੍ਰਾਜੈਕਟ ਦੇ , ਐੱਫ, ਜੀ, ਐੱਚ, ਆਈ ਅਤੇ ਜੇ ਪਾਕੇਟਾਂ ਦੀ ਸਥਾਪਨਾ ਲਈ ਕੁਰੜੀ, ਕਿਸ਼ਨਪੁਰਾ, ਛੱਤ, ਪੱਤੋਂ, ਮਟਰਾਂ, ਬੜੀ, ਬਾਕਰਪੁਰ ਅਤੇ ਸਿਆਊ ਪਿੰਡਾਂ ਦੀ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ। ਇਹ ਕਾਰਵਾਈ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਤਹਿਤ ਕੀਤੀ ਜਾਵੇਗੀ।

ਕਿਸਾਨਾਂ ਨੂੰ ਮਿਲਣਗੇ ਇਹ ਵਿਕਲਪ

ਸੋਧੀ ਹੋਈ ਲੈਂਡ ਪੂਲਿੰਗ ਨੀਤੀ ਅਨੁਸਾਰ ਕਿਸਾਨਾਂ ਨੂੰ ਨਕਦ ਮੁਆਵਜ਼ਾ ਜਾਂ ਲੈਂਡ ਪੂਲਿੰਗ ਦੇ ਲਾਭਾਂ ਵਿੱਚੋਂ ਆਪਣੀ ਪਸੰਦ ਦਾ ਵਿਕਲਪ ਚੁਣਨ ਦੀ ਆਜ਼ਾਦੀ ਹੋਵੇਗੀ।

ਗਮਾਡਾ ਵੱਲੋਂ ਜਾਰੀ ਸਮਾਂ-ਸਾਰਣੀ ਮੁਤਾਬਕ 20 ਜੁਲਾਈ ਨੂੰ ਪੁੱਡਾ ਭਵਨ ਦੀ ਦੂਜੀ ਮੰਜ਼ਿਲ ਸਥਿਤ ਕਮੇਟੀ ਹਾਲ ਵਿੱਚ ਕਿਸਾਨਾਂ ਨੂੰ ਅਵਾਰਡ ਸੁਣਾਏ ਜਾਣਗੇ। ਸਮਾਂ ਇਸ ਤਰ੍ਹਾਂ ਨਿਰਧਾਰਤ ਕੀਤਾ ਗਿਆ ਹੈ:

  • ਸਵੇਰੇ 10 ਵਜੇ – ਕੁਰੜੀ
  • ਸਵੇਰੇ 11 ਵਜੇ – ਪੱਤੋਂ
  • ਦੁਪਹਿਰ 12 ਵਜੇ – ਸਿਆਊ
  • ਦੁਪਹਿਰ 1 ਵਜੇ – ਬੜੀ
  • ਦੁਪਹਿਰ 2 ਵਜੇ – ਮਟਰਾਂ ਅਤੇ ਬਾਕਰਪੁਰ
  • ਦੁਪਹਿਰ 3 ਵਜੇ – ਛੱਤ
  • ਸ਼ਾਮ 4 ਵਜੇ – ਕਿਸ਼ਨਪੁਰਾ

ਇੱਕ ਏਕੜ ਜ਼ਮੀਨ ਦੇ ਬਦਲੇ ਮਿਲਣਗੇ ਪਲਾਟ

ਲੈਂਡ ਪੂਲਿੰਗ ਨੀਤੀ ਤਹਿਤ ਕਿਸਾਨਾਂ ਨੂੰ ਹਰ ਇੱਕ ਏਕੜ ਜ਼ਮੀਨ ਦੇ ਬਦਲੇ 1,000 ਵਰਗ ਗਜ਼ ਰਿਹਾਇਸ਼ੀ ਅਤੇ 210 ਵਰਗ ਗਜ਼ ਵਪਾਰਕ ਥਾਂ ਦਿੱਤੀ ਜਾਵੇਗੀ। ਜੇਕਰ ਕੋਈ ਕਿਸਾਨ ਵਪਾਰਕ ਥਾਂ ਨਹੀਂ ਲੈਣਾ ਚਾਹੁੰਦਾ ਤਾਂ ਉਸ ਨੂੰ 1,630 ਵਰਗ ਗਜ਼ ਰਿਹਾਇਸ਼ੀ ਪਲਾਟ ਦਾ ਵਿਕਲਪ ਮਿਲੇਗਾ।

ਇਸ ਤੋਂ ਇਲਾਵਾ ਕਿਸਾਨਾਂ ਨੂੰ ਸਹੂਲਤ ਸਰਟੀਫਿਕੇਟ ਵੀ ਜਾਰੀ ਕੀਤੇ ਜਾਣਗੇ, ਜਿਸ ਰਾਹੀਂ ਉਹ ਅਗਲੇ ਚਾਰ ਸਾਲਾਂ ਤੱਕ ਖਰੀਦੀ ਜਾਣ ਵਾਲੀ ਜ਼ਮੀਨ ਜਾਂ ਪਲਾਟ ਦੀ ਰਜਿਸਟਰੀ ‘ਤੇ ਸਟੈਂਪ ਡਿਊਟੀ ਤੋਂ ਛੋਟ ਦਾ ਲਾਭ ਲੈ ਸਕਣਗੇ।

ਆਊਸਟੀ ਕੋਟੇ ਤਹਿਤ ਮਿਲਣਗੇ ਪਲਾਟ

ਲੈਂਡ ਪੂਲਿੰਗ ਜਾਂ ਮੁਆਵਜ਼ਾ ਲੈਣ ਵਾਲੇ ਕਿਸਾਨਾਂ ਨੂੰ ਆਊਸਟੀ ਕੋਟੇ ਤਹਿਤ ਰਾਖਵੀਂ ਕੀਮਤ ‘ਤੇ ਪਲਾਟ ਵੀ ਦਿੱਤੇ ਜਾਣਗੇ। ਇਸ ਤਹਿਤ:

  • ਇੱਕ ਏਕੜ ਤੱਕ ਜ਼ਮੀਨ ਵਾਲਿਆਂ ਨੂੰ – 200 ਵਰਗ ਗਜ਼ ਪਲਾਟ
  • ਇੱਕ ਤੋਂ ਢਾਈ ਏਕੜ ਤੱਕ ਜ਼ਮੀਨ ਵਾਲਿਆਂ ਨੂੰ – 300 ਵਰਗ ਗਜ਼ ਪਲਾਟ
  • ਢਾਈ ਏਕੜ ਤੋਂ ਵੱਧ ਜ਼ਮੀਨ ਵਾਲਿਆਂ ਨੂੰ – 500 ਵਰਗ ਗਜ਼ ਪਲਾਟ

ਇਸ ਦੇ ਨਾਲ ਹੀ ਕਿਸਾਨਾਂ ਦੇ ਖੇਤੀਬਾੜੀ ਬਿਜਲੀ ਕੁਨੈਕਸ਼ਨ, ਜ਼ਮੀਨ ਦੇ ਠੇਕੇ ਅਤੇ ਪਹਿਲਾਂ ਮਿਲ ਰਹੇ ਹੋਰ ਲਾਭ ਵੀ ਜਾਰੀ ਰਹਿਣਗੇ।

ਗਮਾਡਾ ਵੱਲੋਂ 20 ਜੁਲਾਈ ਨੂੰ ਕੀਤੀ ਜਾਣ ਵਾਲੀ ਇਹ ਕਾਰਵਾਈ ਏਅਰੋਟ੍ਰੋਪੋਲਿਸ ਪ੍ਰਾਜੈਕਟ ਨੂੰ ਅੱਗੇ ਵਧਾਉਣ ਲਈ ਇੱਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ।

Exit mobile version