Home ਪਟਿਆਲਾ ਅਪਡੇਟ ਪੰਜਾਬੀ ਭਾਸ਼ਾ ’ਚ ਇਨਕਲਾਬੀ ਤਬਦੀਲੀਆਂ ਲਿਆਉਣ ਦੀ ਸਮਰੱਥਾ- ਸਪੀਕਰ ਕੁਲਤਾਰ ਸਿੰਘ ਸੰਧਵਾਂ

ਪੰਜਾਬੀ ਭਾਸ਼ਾ ’ਚ ਇਨਕਲਾਬੀ ਤਬਦੀਲੀਆਂ ਲਿਆਉਣ ਦੀ ਸਮਰੱਥਾ- ਸਪੀਕਰ ਕੁਲਤਾਰ ਸਿੰਘ ਸੰਧਵਾਂ

Punjabi Language Holds Potential for Revolutionary Transformation: Speaker Kultar Singh Sandhwan

0
ਪਟਿਆਲਾ 2 ਨਵੰਬਰ, 2026 (ਸ਼ਹੀਦ-ਏ-ਆਜ਼ਮ-ਬਿਊਰੋ ) : ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬ ਸਰਕਾਰ ਦੀ ਸਰਪ੍ਰਸਤੀ ’ਚ ਮਨਾਏ ਜਾਣ ਵਾਲੇ ਪੰਜਾਬੀ ਮਾਹ-2026 ਦੇ ਸਮਾਗਮਾਂ ਦਾ ਅੱਜ ਸ. ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਕੀਤਾ। ਭਾਸ਼ਾ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਕੀਤੀ ਅਤੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਡਾ. ਆਤਮ ਰੰਧਾਵਾ ਨੇ ਕੁੰਜੀਵਤ ਭਾਸ਼ਨ ਦਿੱਤਾ। ਇਸ ਮੌਕੇ ਨੌਜਵਾਨ ਸੂਫ਼ੀ ਗਾਇਕ ਯਾਕੂਬ ਨੇ ਆਪਣੀ ਸੁਰੀਲੀ ਤੇ ਸਾਫ਼-ਸੁਥਰੀ ਗਾਇਕੀ ਨਾਲ ਸਭ ਦਾ ਮਨ ਮੋਹ ਲਿਆ। ਇਸ ਮੌਕੇ 10 ਲਿਖਾਰੀਆਂ ਨੂੰ ਸਰਵੋਤਮ ਪੰਜਾਬੀ ਪੁਸਤਕ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।  ਮੁੱਖ ਮਹਿਮਾਨ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਪੰਜਾਬੀ ਇੱਕ ਸੰਚਾਰ ਦਾ ਸਾਧਨ ਹੀ ਨਹੀਂ ਸਗੋਂ ਇੱਕ ਤਾਕਤ ਹੈ। ਜਿਸ ਰਾਹੀਂ ਸਮੇਂ-ਸਮੇਂ ਸਿਰ ਬਹੁਤ ਵੱਡੇ ਬਦਲਾਅ ਆਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਬਹੁਤ ਵੱਡਾ ਪਰਉਪਕਾਰ ਕਰਕੇ ਗਏ ਜਿੰਨਾਂ ਨੇ ਆਪਣੀ ਬਾਣੀ ਰਾਹੀਂ ਪੰਜਾਬੀ ਭਾਸ਼ਾ ਰਾਹੀਂ ਪੂਰੀ ਲੋਕਾਈ ਨੂੰ ਮਾਨਵਤਾ ਦਾ ਸੰਦੇਸ਼ ਦੇ ਗਏ ਹਨ। ਜਿਸ ਕਰਕੇ ਉਨ੍ਹਾਂ ਦੀ ਮਹਾਨਤਾ ਨੂੰ ਦੁਨੀਆ ਸਦਾ ਹੀ ਸਲਾਮ ਕਰਦੀ ਰਹੇਗੀ। ਸ. ਸੰਧਵਾਂ ਨੇ ਕਿਹਾ ਕਿ ਅੱਜ ਸਰਵੋਤਮ ਪੁਰਸਕਾਰ ਵੰਡਣ ਦਾ ਮੌਕਾ ਨਹੀਂ ਸਗੋਂ ਲਿਖਾਰੀਆਂ ਦੀ ਮਿਹਨਤ ਤੇ ਮਹਾਨਤਾ ਨੂੰ ਸਲਾਮ ਕਰਨ ਦਾ ਦਿਨ ਹੈ। ਉਨ੍ਹਾਂ ਕਿਹਾ ਪੁਸਤਕ ਰਚਨਾ ਸਿਰਫ ਕਾਗਜ਼ਾਂ ’ਤੇ ਸ਼ਬਦ ਉਕਰਨ ਵਾਲਾ ਕਾਰਜ ਨਹੀਂ ਹੁੰਦਾ ਸਗੋਂ ਇੱਕ ਭਾਸ਼ਾ ਦਾ ਅਗਲੀਆਂ ਪੀੜ੍ਹੀਆਂ ਤੱਕ ਸੰਚਾਰ ਕਰਨਾ ਵੀ ਹੁੰਦਾ ਹੈ। ਉਨ੍ਹਾਂ ਸਭ ਨੂੰ ਅਪੀਲ ਕੀਤੀ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਤੋਂ ਪੰਜਾਬੀ ਨੂੰ ਲਾਗੂ ਕਰਨ ਦਾ ਅਹਿਦ ਕਰੀਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਪਸਾਰ ਲਈ ਵਚਨਬੱਧ ਹੈ।
ਆਪਣੇ ਸਵਾਗਤੀ ਭਾਸ਼ਣ ’ਚ ਸ. ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਪੰਜਾਬ ਦਿਵਸ ਮਨਾਉਣ ਦਾ ਮਕਸਦ ਹੈ ਕਿ ਅਸੀਂ ਆਪਣੀ ਬਰਬਾਦੀਆਂ ਨੂੰ ਯਾਦ ਰੱਖੀਏ ਅਤੇ ਭਵਿੱਖ ਵਿੱਚ ਮੁੜ ਬਰਬਾਦ ਨਾ ਹੋਈਏ। ਉਨ੍ਹਾਂ ਕਿਹਾ ਕਿ ਸਾਡੇ ਕੋਲ ਦੁਨੀਆ ਦਾ ਸਭ ਤੋਂ ਉਪਜਾਊ ਖਿੱਤਾ ਹੈ ਪਰ ਅਸੀਂ ਆਪਣੇ ਕੁਦਰਤੀ ਸਾਧਨਾਂ ਦੀ ਸਹੀ ਸੰਭਾਲ ਨਹੀਂ ਕਰ ਰਹੇ ਜਿਸ ਕਾਰਨ ਅਸੀਂ ਕਦੇ ਵੀ ਖੁਸ਼ਹਾਲ ਨਹੀਂ ਹੋ ਸਕੇ। ਸਾਡੇ ਸੁਪਨੇ ਵੀ ਬਹੁਤ ਵੱਡੇ ਹਨ, ਸਿੱਖਣ ਦੀ ਸਮਰੱਥਾ ਵੀ ਬਹੁਤ ਹੈ ਤੇ ਤਰੱਕੀ ਵੀ ਬਹੁਤ ਕਰ ਲੈਂਦੇ ਹਾਂ ਪਰ ਦੁਨੀਆ ਦੇ ਚੰਗੇ ਲੋਕਾਂ ’ਚ ਸ਼ਾਮਲ ਨਹੀਂ ਹੋ ਸਕੇ, ਇਸ ਦਾ ਵੱਡਾ ਕਾਰਨ ਹੈ ਕਿ ਅਸੀਂ ਕਿਸੇ ਹੋਰ ਨੂੰ ਅੱਗੇ ਆਉਣ ਨਹੀਂ ਦਿੰਦੇ ਅਤੇ ਇਸੇ ਦੌੜ ’ਚ ਵੰਡੀਆਂ ਪਾ ਲੈਂਦੇ ਹੈ। ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਤਾਂ ਆਜ਼ਾਦ ਹੋ ਗਿਆ ਪਰ ਵਤਨ ਗੁਆ ਲਿਆ। ਜਿਸ ਦੀ ਕਦੇ ਵੀ ਭਰਪਾਈ ਨਹੀਂ ਹੋ ਸਕਦੀ।
ਪ੍ਰਧਾਨਗੀ ਭਾਸ਼ਣ ’ਚ ਡਾ. ਜਗਦੀਪ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਪੋਸਟ ਗ੍ਰੈਜੂਏਸ਼ਨ ’ਚ ਸਾਇੰਸ ਦੇ ਕੋਰਸਾਂ ’ਚ ਪੰਜਾਬੀ ਵਿਸ਼ਾ ਲਾਗੂ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਸਾਇੰਸ, ਕਾਮਰਸ ਤੇ ਇੰਜੀਨੀਅਰਿੰਗ ਦੀਆਂ ਟੈਕਸਟ ਬੁੱਕਸ ਨੂੰ ਪੰਜਾਬੀ ’ਚ ਤਿਆਰ ਕਰਨ ਦੇ ਯਤਨ ਚੱਲ ਰਹੇ ਹਨ। ਪੰਜਾਬੀ ਯੂਨੀਵਰਸਿਟੀ ਹਮੇਸ਼ਾ ਹੀ ਪੰਜਾਬੀ ਭਾਸ਼ਾ, ਸੱਭਿਆਚਾਰ ਤੇ ਪੰਜਾਬੀਅਤ ਦੀ ਮੁਦਈ ਰਹੀ ਹੈ। ਕੁੰਜੀਵਤ ਭਾਸ਼ਣ ’ਚ ਡਾ ਆਤਮ ਰੰਧਾਵਾ ਨੇ ਕਿਹਾ ਕਿ ਏਆਈ ਦੇ ਯੁੱਗ ਵਿੱਚ ਪੰਜਾਬੀ ਭਾਸ਼ਾ ਨੂੰ ਜ਼ਮਾਨੇ ਦੇ ਮੇਚ ਦੀ ਬਣਾਉਣ ਲਈ ਨਿਰੰਤਰ ਯਤਨ ਕਰਨ ਦੀ ਲੋੜ ਹੈ। ਜਿਸ ਲਈ ਸਾਨੂੰ ਸਭ ਨੂੰ ਸਾਂਝੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਇੱਕ ਅਜਿਹੀ ਭਾਸ਼ਾ ਹੈ ਜੋ ਨੈਤਿਕ ਕਦਰਾਂ ਕੀਮਤਾਂ ਦਾ ਵੀ ਸੰਚਾਰ ਕਰਦੀ ਹੈ। ਜਿਸ ਦਾ ਪ੍ਰਤੱਖ ਪ੍ਰਮਾਣ ਇਸ ਦੇ ਰਿਸ਼ਤਾ ਪ੍ਰਬੰਧ ਤੋਂ ਪਤਾ ਲੱਗਦਾ ਹੈ। ਗਾਇਕ ਯਾਕੂਬ ਨੇ ਛੱਲਾ, ਦਮਾ ਦਮ ਮਸਤ ਕਲੰਧਰ, ਮਾਹੀਆ ਤੇ ਹੋਰ ਗੀਤਾਂ ਨਾਲ ਮਾਹੌਲ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ ਅਤੇ ਸੂਬੇ ਭਰ ’ਚੋਂ ਆਏ ਸਰੋਤਿਆਂ ਦਾ ਮਨ ਮੋਹ ਲਿਆ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ।
ਪੁਰਸਕਾਰ ਵੰਡ:
ਇਸ ਮੌਕੇ ਪੰਜਾਬੀ ਸਰਵੋਤਮ ਪੁਸਤਕ ਪੁਰਸਕਾਰਾਂ ਤਹਿਤ ਵੱਖ ਵੱਖ ਵੰਨਗੀਆਂ ਦੇ 10 ਪੁਰਸਕਾਰ ਅਤੇ 01 ਡਾ. ਸੁਰਜੀਤ ਪਾਤਰ ਯੁਵਾ ਸਾਹਿਤ ਪੁਰਸਕਾਰ ਪ੍ਰਦਾਨ ਕੀਤਾ ਗਿਆ। ਇਨ੍ਹਾਂ ਪੁਰਸਕਾਰਾਂ ਲਈ ਪਿਛਲੇ ਸਾਲ 2025 ਦੌਰਾਨ ਛਪੀਆਂ ਪੁਸਤਕਾਂ ਦੀ ਸਰਵੋਤਮ ਪੰਜਾਬੀ ਪੁਸਤਕ ਪੁਰਸਕਾਰਾਂ ਲਈ ਮੰਗ ਕੀਤੀ ਗਈ ਸੀ ਅਤੇ ਵੱਖ-ਵੱਖ ਖੇਤਰਾਂ ਦੇ ਵਿਦਵਾਨ ਵਿਸ਼ਾ ਮਾਹਿਰਾਂ ਤੋਂ ਇਨ੍ਹਾਂ ਪੁਸਤਕਾਂ ਦਾ ਮੁਲਾਂਕਣ ਕਰਵਾਇਆ ਗਿਆ ਅਤੇ ਸਰਵੋਤਮ ਪੁਸਤਕਾਂ ਦੀ ਚੋਣ ਕੀਤੀ ਗਈ। ਇਸ ਪੁਰਸਕਾਰ ’ਚ ਇਨਾਮੀ ਰਾਸ਼ੀ 31,000/- ਦੇ ਨਾਲ-ਨਾਲ ਇਕ ਦੋਸ਼ਾਲਾ ਅਤੇ ਸਨਮਾਨ ਚਿੰਨ੍ਹ ਭੇਂਟ ਕੀਤਾ ਜਾਵੇਗਾ। ਇਨ੍ਹਾਂ ਪੁਰਸਕਾਰਾਂ ਲਈ ਵੱਖ-ਵੱਖ ਵਿਧਾਵਾਂ ਦੀਆਂ 282 ਕਿਤਾਬਾਂ ਪ੍ਰਾਪਤ ਹੋਈਆਂ ਸਨ। ਇਸ ਮੌਕੇ ਸਰਵੋਤਮ ਪੰਜਾਬੀ ਪੁਸਤਕ ਪੁਰਸਕਾਰਾਂ ਤਹਿਤ ਭਾਈ ਵੀਰ ਸਿੰਘ ਪੁਰਸਕਾਰ (ਸਵੈ-ਜੀਵਨੀ) ਵਰਿਆਮ ਮਸਤ ਦੀ ਪੁਸਤਕ ‘ਰੰਗਮੰਚ ਦੇ ਦਿਨ’ ਨੂੰ, ਨਾਨਕ ਸਿੰਘ ਪੁਰਸਕਾਰ (ਨਾਵਲ) ਜਸਪਾਲ ਮਾਨਖੇੜਾ ਦੀ ਪੁਸਤਕ ‘ਹਵੇਲੀਆਲ਼ਾ’ ਨੂੰ, ਪ੍ਰਿੰ ਸੁਜਾਨ ਸਿੰਘ ਪੁਰਸਕਾਰ (ਕਹਾਣੀ) ਭੁਪਿੰਦਰ ਸਿੰਘ ਮਾਨ ਦੀ ਪੁਸਤਕ ‘ਲਾਲ ਰੱਤਾ’ ਨੂੰ, ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ (ਨਿਬੰਧ) ਅਜੈ ਤਨਵੀਰ ਦੀ ਪੁਸਤਕ ‘ਜਾਦੂਨਗਰੀ ਦੇ ਜਾਦੂਗਰ’ ਨੂੰ, ਗਿਆਨੀ ਗੁਰਮੁਖ ਸਿੰਘ ਮੁਸਾਫਿਰ ਪੁਰਸਕਾਰ (ਕਵਿਤਾ) ਡਾ. ਨਵਦੀਪ ਕੌਰ ਦੀ ਪੁਸਤਕ ‘ਅਹਿਿਲਆ’ ਨੂੰ, ਈਸ਼ਵਰ ਚੰਦਰ ਨੰਦਾ ਪੁਰਸਕਾਰ (ਨਾਟਕ) ਕੁਲਬੀਰ ਮਲਿਕ ਦੀ ਪੁਸਤਕ ‘ਡਾਕ ਨਿੱਤ ਆਵੇਗੀ…’ ਨੂੰ, ਪ੍ਰੋ. ਗੁਰਦਿਆਲ ਸਿੰਘ ਪੁਰਸਕਾਰ (ਅਨੁਵਾਦ) ਜੰਗ ਬਹਾਦੁਰ ਗੋਇਲ ਦੀ ਪੁਸਤਕ ‘ਜੰਗਲ ਤੋਂ ਪਾਰ (ਸੀਤਾ ਰਤਨਾਮਲ)’ ਨੂੰ, ਐੱਮ.ਐੱਸ. ਰੰਧਾਵਾ ਪੁਰਸਕਾਰ (ਸੰਪਾਦਨ) ਪ੍ਰਿੰ. ਲਵਲੀ ਸ. ਪੰਨੂ ਦੀ ਪੁਸਤਕ ‘ਪੁਆਧੀ ਲੋਕ-ਕਾਵਿ (ਟੱਪੇ ਅਤੇ ਜੱਕੜੀਆਂ)’ ਨੂੰ ਅਤੇ ਡਾ. ਅਤਰ ਸਿੰਘ ਪੁਰਸਕਾਰ (ਖੋਜ) ਡਾ. ਧਰਮ ਸਿੰਘ ਦੀ ਪੁਸਤਕ ‘ਪ੍ਰਗਟ ਭਏ ਗੁਰ ਤੇਗ ਬਹਾਦਰ’ ਨੂੰ ਪ੍ਰਦਾਨ ਕੀਤੇ ਜਾਣਗੇ। ਡਾ. ਸੁਰਜੀਤ ਪਾਤਰ ਯੁਵਾ ਪੁਰਸਕਾਰ ਉਭਰਦੇ ਕਵੀ ਸੁਰਖ਼ਾਬ ਦੀ ਪੁਸਤਕ ‘ਵੈਤਰਨੀ’ ਨੂੰ ਪ੍ਰਦਾਨ ਕੀਤਾ ਗਿਆ। ਇਸ ਤੋਂ ਇਲਾਵਾ ਵਿਸ਼ੇਸ਼ ਸਨਮਾਨਾਂ ਤਹਿਤ ਡਾ. ਰਣਜੀਤ ਸਿੰਘ, ਭੁਪਿੰਦਰ ਦੁਲੇਅ ਟੌਰਾਂਟੋ, ਹਰਕੀਰਤ ਕੌਰ ਚਹਿਲ ਕੈਨੇਡਾ, ਪ੍ਰੋ. ਅਰਵਿੰਦਰ ਸਿੰਘ ਘਨੌਰ, ਸਰਵੋਤਮ ਕਰਮਚਾਰੀ ਵਜੋਂ ਮਨਜਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰ. ਐਸ. ਐਸ. ਰਿਸ਼ੀ, ਡਾ. ਬਲਵੀਰ ਕੌਰ ਪੰਧੇਰ, ਰਣਜੀਤ ਸਿੰਘ ਆਸਟਰੇਲੀਆ, ਡਾ. ਗੁਰਮੁਖ ਸਿੰਘ, ਡਾ. ਸੁਰਜੀਤ ਸਿੰਘ, ਪਦਮ ਸ੍ਰੀ ਪ੍ਰਾਣ ਸੱਭਰਵਾਲ, ਸਵਾਮੀ ਅੰਤਰਨੀਰਵ, ਗੁਰਪ੍ਰੀਤ ਮਾਨਸਾ, ਜਗਦੀਸ਼ ਰਾਏ ਕੂਲਰੀਆਂ, ਦਰਸ਼ਨ ਬੁੱਟਰ, ਬਲਵਿੰਦਰ ਸੰਧੂ, ਅਵਤਾਰਜੀਤ ਸਿੰਘ, ਪਵਨ ਹਰਚੰਦਪੁਰੀ ਤੇ ਵੱਖ-ਵੱਖ ਜ਼ਿਲਾ ਭਾਸ਼ਾ ਅਫ਼ਸਰ ਹਾਜ਼ਰ ਸਨ।

Exit mobile version