Home ਪਟਿਆਲਾ ਅਪਡੇਟ ਪ੍ਰਸ਼ਾਸਨ ਨਾਲ ਇੰਟਰਨਜ ਵਜੋਂ ਕੰਮ ਕਰਕੇ ਹਾਸਲ ਕੀਤਾ ਤਜਰਬਾ ਵਿਦਿਆਰਥੀਆਂ ਦੇ ਕਰੀਅਰ...

ਪ੍ਰਸ਼ਾਸਨ ਨਾਲ ਇੰਟਰਨਜ ਵਜੋਂ ਕੰਮ ਕਰਕੇ ਹਾਸਲ ਕੀਤਾ ਤਜਰਬਾ ਵਿਦਿਆਰਥੀਆਂ ਦੇ ਕਰੀਅਰ ‘ਚ ਮੀਲ ਪੱਥਰ ਸਾਬਤ ਹੋਵੇਗਾ- ਡਾ. ਹਿਮਾਂਸ਼ੂ ਅਗਰਵਾਲ

Administrative Internship Experience to Prove a Career Milestone for Students: Dr. Himanshu Aggarwal

0
ਡਿਪਟੀ ਕਮਿਸ਼ਨਰ ਨੇ ਪਬਲਿਕ ਪਾਲਿਸੀ ਇੰਟਰਨਸ਼ਿਪ ਪ੍ਰੋਗਰਾਮ ਦੇ ਪਹਿਲੇ ਬੈਚ ਦੇ ਇੰਟਰਨਜ ਨੂੰ ਸਰਟੀਫਿਕੇਟ ਤੇ ਵਧੀਆ ਕਾਰਗੁਜ਼ਾਰੀ ਲਈ ਦਿੱਤਾ ਨਗਦ ਇਨਾਮ

ਪਟਿਆਲਾ, 25 ਸਤੰਬਰ, 2026 ( ਗੁਰਮੀਤ ਸਿੰਘ ਤੁੰਗ) : ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਰਹਿਨੁਮਾਈ ਹੇਠ ਚਲਾਇਆ ਗਿਆ 3 ਮਹੀਨਿਆਂ ਦਾ ਪਹਿਲਾ “ਪਬਲਿਕ ਪਾਲਿਸੀ ਇੰਟਰਨਸ਼ਿਪ ਪ੍ਰੋਗਰਾਮ 2026” ਸਫ਼ਲਤਾ ਪੂਰਵਕ ਸਮਾਪਤ ਹੋ ਗਿਆ। ਚੁਣੇ ਗਏ ਇੰਟਰਨਜ ਨੂੰ “ਇੰਟਰਨਸ਼ਿਪ ਕੰਪਲੀਸ਼ਨ ਸਰਟੀਫਿਕੇਟ” ਅਤੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਗਰੁੱਪਾਂ ਨੂੰ ਨਗਦ ਇਨਾਮ ਵੰਡਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਹਾਸਲ ਹੋਇਆ ਇਹ ਪ੍ਰਸ਼ਾਸਨਿਕ ਤਜਰਬਾ ਇਨ੍ਹਾਂ ਦੇ ਕਰੀਅਰ ਵਿੱਚ ਮੀਲ ਪੱਥਰ ਸਾਬਤ ਹੋਵੇਗਾ। ਇਸ ਮੌਕੇ ਓ.ਐੱਸ.ਡੀ. ਸ਼ਹਿਰੀ ਵਿਕਾਸ ਮੁਕਿਲਨ ਆਰ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਪ੍ਰਸ਼ਾਸਨਿਕ ਕੰਮਕਾਜ, ਸਰਕਾਰੀ ਨੀਤੀਆਂ ਦੇ ਨਿਰਮਾਣ ਅਤੇ ਜ਼ਮੀਨੀ ਪੱਧਰ ‘ਤੇ ਲੋਕ ਸੇਵਾ ਦੇ ਤਜਰਬੇ ਤੋਂ ਜਾਣੂ ਕਰਵਾਉਣਾ ਸੀ।ਪ੍ਰੋਗਰਾਮ ਦੌਰਾਨ 49 ਚੁਣੇ ਗਏ ਇੰਟਰਨਜ ਨੇ ਵੱਖ-ਵੱਖ 17 ਪ੍ਰਸ਼ਾਸਨਿਕ ਵਿਭਾਗਾਂ ਵਿੱਚ ਰਹਿ ਕੇ ਸੁਚੱਜੇ ਢੰਗ ਨਾਲ ਕੰਮ ਕੀਤਾ। ਇੰਟਰਨਾਂ ਦੁਆਰਾ ਤਿਆਰ ਕੀਤੀਆਂ ਗਈਆਂ ਪ੍ਰੋਜੈਕਟ ਰਿਪੋਰਟਾਂ ਦੇ ਆਧਾਰ ‘ਤੇ ਕਰਵਾਈ ਗਈ ਫਾਈਨਲ ਪ੍ਰੈਜ਼ੈਂਟੇਸ਼ਨ ਤੋਂ ਬਾਅਦ, ਸਰਵੋਤਮ ਤਿੰਨ ਇੰਟਰਨਾਂ/ਗਰੁੱਪਾਂ ਦੀ ਚੋਣ ਕੀਤੀ ਗਈ, ਜਿਨ੍ਹਾਂ ਨੂੰ ਰੈੱਡ ਕਰਾਸ ਸੋਸਾਇਟੀ ਪਟਿਆਲਾ ਵੱਲੋਂ ਦਿੱਤੇ ਗਏ 31,000 ਰੁਪਏ ਦੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।


ਡਿਪਟੀ ਕਮਿਸ਼ਨਰ ਨੇ ਸਾਰੇ ਇੰਟਰਨਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਆਸ ਪ੍ਰਗਟਾਈ ਕਿ ਉਹ ਇਸ ਸਮੇਂ ਦੌਰਾਨ ਸਿੱਖੇ ਕੰਮਾਂ ਨੂੰ ਸਮਾਜ ਦੀ ਬਿਹਤਰੀ ਲਈ ਵਰਤਣਗੇ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਪੂਰੇ ਪ੍ਰੋਗਰਾਮ ਨੂੰ 3 ਮਹੀਨਿਆਂ ਤੱਕ ਸੁਚਾਰੂ ਢੰਗ ਨਾਲ ਚਲਾਉਣ ਅਤੇ ਵਧੀਆ ਤਾਲਮੇਲ ਬਣਾਏ ਰੱਖਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀਬੀਈਈ) ਪਟਿਆਲਾ ਦੀ ਟੀਮ ਡਿਪਟੀ ਡਾਇਰੈਕਟਰ ਰਵਿੰਦਰ ਪਾਲ ਸਿੰਘ, ਡਿਪਟੀ ਸੀ.ਈ.ਓ. ਸਤਿੰਦਰ ਸਿੰਘ ਤੇ ਕਰੀਅਰ ਕੌਂਸਲਰ ਡਾ. ਰੂਪਸੀ ਪਾਹੂਜਾ ਦੀ ਉਚੇਚੇ ਤੌਰ ‘ਤੇ ਪ੍ਰਸ਼ੰਸਾ ਕੀਤੀ।

Exit mobile version