ਪਟਿਆਲਾ, 26 ਸਤੰਬਰ, 2026 (ਚੌਧਰੀ ਪ੍ਰਭਜੀਤ ਸਿੰਘ): ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਡਾ. ਹਿਮਾਂਸ਼ੂ ਅਗਰਵਾਲ ਨੇ ਐਸਆਈਆਰ-2026 ਦੌਰਾਨ ਘਰ-ਘਰ ਐਨਿਊਮੇਰੇਸ਼ਨ ਮੁਹਿੰਮ (25 ਜੂਨ ਤੋਂ 03 ਅਗਸਤ 2026 ਤੱਕ) ਵਿੱਚ 100 ਫੀਸਦੀ ਮੈਪਿੰਗ ਕਰਨ ਵਾਲੇ ਜ਼ਿਲ੍ਹਾ ਪਟਿਆਲਾ ਦੇ ਕੁੱਲ 56 ਬੀਐਲਓਜ਼ ਨੂੰ ਮੁੱਖ ਚੋਣ ਅਧਿਕਾਰੀ, ਪੰਜਾਬ ਵੱਲੋਂ ਜਾਰੀ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।
ਜ਼ਿਲ੍ਹਾ ਚੋਣ ਅਧਿਕਾਰੀ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਹ ਸਾਰੇ ਬੀਐਲਓਜ਼ ਪੰਜਾਬ ਦੇ ਉਨ੍ਹਾਂ ਪਹਿਲੇ 1000 ਬੀਐਲਓਜ਼ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਮੁੱਖ ਚੋਣ ਅਧਿਕਾਰੀ, ਪੰਜਾਬ ਵੱਲੋਂ ਜਾਰੀ ਪ੍ਰਸ਼ੰਸਾ ਪੱਤਰ ਪ੍ਰਾਪਤ ਹੋਏ ਹਨ।
ਜ਼ਿਲ੍ਹਾ ਚੋਣ ਅਧਿਕਾਰੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਇਨ੍ਹਾਂ ਬੀਐਲਓਜ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੀਐਲਓ ਚੋਣ ਕਮਿਸ਼ਨ ਦੀ ਰੀੜ੍ਹ ਦੀ ਹੱਡੀ ਹਨ ਅਤੇ ਘਰ-ਘਰ ਮੁਹਿੰਮ ਦੌਰਾਨ ਇਨ੍ਹਾਂ ਸਾਰਿਆਂ ਨੇ ਬੇਹੱਦ ਸ਼ਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂ ਨੇ ਬੀਐਲਓਜ਼ ਨੂੰ ਐਸਆਈਆਰ-2026 ਦੇ ਆਉਣ ਵਾਲੇ ਪੜਾਅ ਦੌਰਾਨ ਵੀ ਪਹਿਲਾਂ ਵਾਂਗ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਅਨੁਪ੍ਰੀਤਾ ਜੌਹਲ, ਚੋਣ ਤਹਿਸੀਲਦਾਰ ਵਿਜੈ ਕੁਮਾਰ ਚੌਧਰੀ, ਜ਼ਿਲ੍ਹਾ ਸਵੀਪ ਨੋਡਲ ਅਧਿਕਾਰੀ ਡਾ. ਸਵਿੰਦਰ ਸਿੰਘ ਰੇਖੀ, ਸਹਾਇਕ ਜ਼ਿਲ੍ਹਾ ਸਵੀਪ ਨੋਡਲ ਅਧਿਕਾਰੀ ਮੋਹਿਤ ਕੌਸ਼ਲ ਅਤੇ ਹੋਰ ਅਧਿਕਾਰੀ ਵੀ ਮੌਜੂਦ ਰਹੇ।
