ਉਨ੍ਹਾਂ ਕਿਹਾ ਕਿ ਥੀਏਟਰ ਦੇ ਪ੍ਰਭਾਵਸ਼ਾਲੀ ਮਾਧਿਅਮ ਰਾਹੀਂ ਸੱਚ, ਧਰਮ, ਦਇਆ, ਏਕਤਾ ਅਤੇ ਮਨੁੱਖਤਾ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਸੂਬੇ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਰਵਾਇਤੀ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਲਈ ਇਹ ਇੱਕ ਮਹੱਤਵਪੂਰਨ ਉਪਰਾਲਾ ਹੈ। ਉਹਨਾਂ ਕਿਹਾ ਕਿ ਨਾਟਕ ਦੀ ਖਾਸੀਅਤ ਮਸ਼ਹੂਰ ਅਦਾਕਾਰ ਆਸ਼ੂਤੋਸ਼ ਰਾਣਾ ਦੀ ਪ੍ਰਭਾਵਸ਼ਾਲੀ ਅਦਾਕਾਰੀ ਹੈ, ਜਿਸ ਨੇ ਪੇਸ਼ਕਾਰੀ ਨੂੰ ਹੋਰ ਵੀ ਜੀਵੰਤ ਅਤੇ ਆਕਰਸ਼ਕ ਬਣਾਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਮਾਇਣ ਦੇ ਮਹਾਂਕਾਵਿ ਰਾਹੀਂ ਭਗਵਾਨ ਸ੍ਰੀ ਰਾਮ ਦੇ ਸਦੀਵੀ ਸੰਦੇਸ਼ ਅਤੇ ਆਦਰਸ਼ਾਂ ਨੂੰ ਨਵੀਂ ਪੀੜ੍ਹੀ ਤਕ ਪਹੁੰਚਾਉਣ ਲਈ ਅਜਿਹੇ ਸੱਭਿਆਚਾਰਕ ਉਪਰਾਲਿਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਆਡੀਟੋਰੀਅਮ ਵਿੱਚ ਦਰਸ਼ਕਾਂ ਨੂੰ ਸ਼ੁਰੂਆਤੀ ਦ੍ਰਿਸ਼ ਤੋਂ ਲੈ ਕੇ ਆਖਰੀ ਪਰਦੇ ਤੱਕ ਆਪਣੇ ਨਾਲ ਜੋੜੀ ਰੱਖਿਆ। ਦਮਦਾਰ ਅਦਾਕਾਰੀ, ਪ੍ਰਭਾਵਸ਼ਾਲੀ ਸੰਵਾਦਾਂ, ਰੂਹਾਨੀ ਸੰਗੀਤ, ਸ਼ਾਨਦਾਰ ਵਿਜ਼ੂਅਲਸ ਅਤੇ ਵਿਸ਼ਵ ਪੱਧਰੀ ਸਟੇਜ ਕਲਾ ਦੇ ਸੁਮੇਲ ਨੇ ਦਰਸ਼ਕਾਂ ਲਈ ਭਾਵਨਾਤਮਕ ਅਤੇ ਅਧਿਆਤਮਿਕ ਮਾਹੌਲ ਸਿਰਜਿਆ। ਮਸ਼ਹੂਰ ਅਦਾਕਾਰ ਆਸ਼ੂਤੋਸ਼ ਰਾਣਾ ਵੱਲੋਂ ਰਾਵਣ ਦੀ ਭੂਮਿਕਾ ਨੂੰ ਬੇਹੱਦ ਦਮਦਾਰ ਅੰਦਾਜ਼ ਵਿੱਚ ਨਿਭਾਇਆ ਗਿਆ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਤਾਲੀਆਂ ਮਿਲੀਆਂ। ਇਸੇ ਤਰ੍ਹਾਂ ਹੋਰਨਾਂ ਕਲਾਕਾਰਾਂ ਨੇ ਵੀ ਮਹਾਂਕਾਵਿ ਦੇ ਵੱਖ-ਵੱਖ ਪਾਤਰਾਂ ਨੂੰ ਪੂਰੀ ਸ਼ਿੱਦਤ ਅਤੇ ਜੀਵੰਤਤਾ ਨਾਲ ਪੇਸ਼ ਕੀਤਾ। ਨਾਟਕ ਦੀ ਭਾਵਨਾਤਮਕ ਡੂੰਘਾਈ, ਸ਼ਰਧਾ ਭਰੇ ਮਾਹੌਲ ਅਤੇ ਕਲਾਤਮਕ ਪੇਸ਼ਕਾਰੀ ਨੇ ਦਰਸ਼ਕਾਂ ਦੇ ਦਿਲਾਂ ਨੂੰ ਛੂਹਿਆ ਅਤੇ ਇਹ ਸ਼ਾਮ ਭਾਰਤ ਦੀ ਅਮੀਰ ਅਧਿਆਤਮਿਕ ਤੇ ਸੱਭਿਆਚਾਰਕ ਵਿਰਾਸਤ ਨਾਲ ਜੁੜਿਆ ਯਾਦਗਾਰ ਅਨੁਭਵ ਬਣ ਗਈ।
ਜ਼ਿਕਰਯੋਗ ਹੈ ਕਿ ‘ਹਮਾਰੇ ਰਾਮ’ ਮਹਾਨ ਮਹਾਂਕਾਵਿ ਰਾਮਾਇਣ ‘ਤੇ ਆਧਾਰਿਤ ਵੱਡੇ ਪੱਧਰ ਦਾ ਨਾਟਕ ਹੈ, ਜੋ ਵਾਲਮੀਕਿ ਰਾਮਾਇਣ ਦੇ ਅਧਿਆਤਮਿਕ ਤੱਤਾਂ ਨਾਲ ਜੁੜੇ ਭਗਵਾਨ ਸ੍ਰੀ ਰਾਮ ਦੇ ਜੀਵਨ, ਆਦਰਸ਼ਾਂ ਅਤੇ ਵਿਚਾਰਧਾਰਾ ਨੂੰ ਆਧੁਨਿਕ ਨਾਟਕੀ ਰੂਪ ਵਿੱਚ ਪੇਸ਼ ਕਰਦਾ ਹੈ। ਗੌਰਵ ਭਾਰਦਵਾਜ ਵੱਲੋਂ ਨਿਰਦੇਸ਼ਿਤ ਅਤੇ ਫੈਲੀਸਿਟੀ ਥੀਏਟਰ ਵੱਲੋਂ ਨਿਰਮਿਤ ਇਸ ਨਾਟਕ ਵਿੱਚ ਆਸ਼ੂਤੋਸ਼ ਰਾਣਾ ਰਾਵਣ ਦੀ ਭੂਮਿਕਾ ਨਿਭਾਅ ਰਹੇ ਹਨ, ਜਦਕਿ ਉਨ੍ਹਾਂ ਦੇ ਨਾਲ ਕਈ ਹੋਰ ਉੱਘੇ ਕਲਾਕਾਰ ਵੀ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਰਹੇ ਹਨ।
‘ਹਮਾਰੇ ਰਾਮ’ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ, ਖਾਸ ਕਰਕੇ ਨੌਜਵਾਨ ਪੀੜ੍ਹੀ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਨਾਟਕ ਰਾਮਾਇਣ ਦੀ ਕਥਾ ਨੂੰ ਵਿਲੱਖਣ ਅਤੇ ਅਣਛੂਹੇ ਪਹਿਲੂਆਂ ਰਾਹੀਂ ਪੇਸ਼ ਕਰਦਿਆਂ ਦਰਸ਼ਕਾਂ ਨੂੰ ਭਾਰਤੀ ਸੱਭਿਆਚਾਰ, ਅਧਿਆਤਮਿਕਤਾ ਅਤੇ ਜੀਵਨ ਮੁੱਲਾਂ ਨਾਲ ਜੋੜਨ ਦਾ ਨਿਵੇਕਲਾ ਅਨੁਭਵ ਪ੍ਰਦਾਨ ਕਰਦਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਖਚੈਨ ਸਿੰਘ, ਐੱਸ.ਡੀ.ਐਮ. ਸ਼੍ਰੀ ਸਤੀਸ਼ ਚੰਦਰ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਅਧਿਕਾਰੀ ਵੀ ਹਾਜ਼ਰ ਸਨ।
