Home ਪਟਿਆਲਾ ਅਪਡੇਟ ਪੁਲਿਸ ਅਤੇ ਗੋਤਾਖੋਰਾਂ ਦੀਆਂ ਟੀਮਾਂ ਦੇ ਸਹਿਯੋਗ ਨਾਲ ਭਾਖੜਾ ਨਹਿਰ ‘ਚ ਡੁੱਬੇ...

ਪੁਲਿਸ ਅਤੇ ਗੋਤਾਖੋਰਾਂ ਦੀਆਂ ਟੀਮਾਂ ਦੇ ਸਹਿਯੋਗ ਨਾਲ ਭਾਖੜਾ ਨਹਿਰ ‘ਚ ਡੁੱਬੇ ਦੋਵੇਂ ਨੌਜਵਾਨਾਂ ਦੀਆਂ ਲਾ.ਸ਼ਾਂ. ਬਰਾਮਦ

0

ਦੋ ਦਿਨਾਂ ਬਾਅਦ ਮੁਕੰਮਲ ਹੋਇਆ ਸਰਚ ਆਪ੍ਰੇਸ਼ਨ

ਪਟਿਆਲਾ, 16 ਜੁਲਾਈ: (ਬਲਜੀਤ ਸਰਨਾ) : ਪਟਿਆਲਾ ਨੇੜੇ ਭਾਖੜਾ ਨਹਿਰ ਵਿੱਚ ਡੁੱਬੇ ਦੋ ਨੌਜਵਾਨਾਂ ਦੀ ਭਾਲ ਦੋ ਦਿਨਾਂ ਬਾਅਦ ਪੂਰੀ ਹੋ ਗਈ ਹੈ। ਪਹਿਲੇ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਅੱਜ ਦੂਜੇ ਨੌਜਵਾਨ ਦੀ ਲਾਸ਼ ਵੀ ਪਹਾੜਾ ਸਿੰਘ ਨੇੜਿਓਂ ਬਰਾਮਦ ਕਰ ਲਈ ਗਈ। ਇਸ ਘਟਨਾ ਨਾਲ ਦੋਵਾਂ ਪਰਿਵਾਰਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

ਪੁਲਿਸ ਅਤੇ ਗੋਤਾਖੋਰਾਂ ਦੀਆਂ ਟੀਮਾਂ ਵੱਲੋਂ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਸੀ। ਸਥਾਨਕ ਪਿੰਡ ਵਾਸੀਆਂ ਨੇ ਵੀ ਭਾਲ ਮੁਹਿੰਮ ਵਿੱਚ ਪੂਰਾ ਸਹਿਯੋਗ ਦਿੱਤਾ। ਹਾਲਾਂਕਿ ਨਹਿਰ ਵਿੱਚ ਤੇਜ਼ ਪਾਣੀ ਦੇ ਵਹਾਅ ਅਤੇ ਗੰਦਲੇ ਪਾਣੀ ਕਾਰਨ ਰਾਹਤ ਅਤੇ ਬਚਾਅ ਕਾਰਜ ਕਾਫ਼ੀ ਚੁਣੌਤੀਪੂਰਨ ਰਹੇ।

ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਰਾਜਿੰਦਰਾ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਪੋਸਟਮਾਰਟਮ ਦੀ ਕਾਰਵਾਈ ਤੋਂ ਬਾਅਦ ਲਾਸ਼ਾਂ ਪਰਿਵਾਰਾਂ ਦੇ ਹਵਾਲੇ ਕੀਤੀਆਂ ਜਾਣਗੀਆਂ, ਜਿਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਜਾਣਕਾਰੀ ਅਨੁਸਾਰ, ਐਤਵਾਰ ਨੂੰ ਪੰਜ ਦੋਸਤ ਭਾਖੜਾ ਨਹਿਰ ਕੰਢੇ ਗਏ ਸਨ। ਇਸ ਦੌਰਾਨ ਦੋ ਨੌਜਵਾਨ ਪਾਣੀ ਵਿੱਚ ਡੁੱਬ ਗਏ ਸਨ। ਇਸ ਹਾਦਸੇ ਨੇ ਦੋ ਪਰਿਵਾਰਾਂ ਦੇ ਚਿਰਾਗ ਬੁਝਾ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਇੱਕ ਮ੍ਰਿਤਕ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਹੁਣ ਪਰਿਵਾਰ ਵਿੱਚ ਸਿਰਫ਼ ਉਸ ਦੀ ਮਾਂ ਹੀ ਬਚੀ ਹੈ, ਜੋ ਇਸ ਦੁਖਦਾਈ ਘਟਨਾ ਤੋਂ ਬਾਅਦ ਗਹਿਰੇ ਸਦਮੇ ਵਿੱਚ ਹੈ।

ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਅਤੇ ਨੌਜਵਾਨਾਂ ਨੂੰ ਨਹਿਰਾਂ, ਦਰਿਆਵਾਂ ਅਤੇ ਡੂੰਘੇ ਪਾਣੀ ਵਾਲੀਆਂ ਥਾਵਾਂ ਤੋਂ ਦੂਰ ਰੱਖਣ। ਉਨ੍ਹਾਂ ਕਿਹਾ ਕਿ ਭਾਖੜਾ ਨਹਿਰ ਵਿੱਚ ਪਾਣੀ ਦਾ ਬਹਾਅ ਅਤੇ ਦਬਾਅ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਜਿਸ ਸਥਾਨ ‘ਤੇ ਇਹ ਹਾਦਸਾ ਵਾਪਰਿਆ, ਉੱਥੇ ਤਜਰਬੇਕਾਰ ਗੋਤਾਖੋਰ ਵੀ ਜਾਣ ਤੋਂ ਪਰਹੇਜ਼ ਕਰਦੇ ਹਨ। ਇਸ ਲਈ ਲੋਕਾਂ ਨੂੰ ਆਪਣੀ ਸੁਰੱਖਿਆ ਨੂੰ ਪਹਿਲ ਦੇਣੀ ਚਾਹੀਦੀ ਹੈ।

ਇਸ ਦਰਦਨਾਕ ਹਾਦਸੇ ਤੋਂ ਬਾਅਦ ਇਲਾਕੇ ਵਿੱਚ ਗਮ ਦਾ ਮਾਹੌਲ ਹੈ। ਸਥਾਨਕ ਲੋਕਾਂ ਨੇ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਸ਼ਾਸਨ ਨੂੰ ਅਜਿਹੀਆਂ ਥਾਵਾਂ ‘ਤੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ।

Exit mobile version