ਫਤਹਿਗੜ੍ਹ ਸਾਹਿਬ, 23 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ) : ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਰਵੀਰ ਕੌਰ ਭੁੱਲਰ ਦੀ ਪ੍ਰਧਾਨਗੀ ਹੇਠ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਹੋਈ। ਜਿਸ ਵਿੱਚ ਸੜਕ ਸੁਰੱਖਿਆ ਨਾਲ ਸਬੰਧਤ ਵੱਖ-ਵੱਖ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਰਾਹਤ ਸਕੀਮ ਤਹਿਤ ਸੜ੍ਹਕੀ ਦੁਰਘਟਨਾਂ ਦੌਰਾਨ ਜਖਮੀਆਂ ਨੂੰ ਪਹਿਲੇ 07 ਦਿਨ ਜਾਂ 1.50 ਲੱਖ ਰੁਪਏ ਤੱਕ ਦਾ ਇਲਾਜ ਸਰਕਾਰੀ ਅਤੇ ਇੰਮਪੈਨਲਡ ਹਸਪਤਾਲਾਂ ਵਿੱਚ ਮੁਫਤ ਦਿੱਤਾ ਜਾਂਦਾ ਹੈ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਇੰਮਪੈਨਲਡ ਹਸਪਤਾਲਾਂ ਦੀ ਸੂਚੀ ਪੁਲਿਸ ਥਾਣਿਆਂ,ਸਰਕਾਰੀ ਹਸਪਤਾਲਾਂ ਵਿੱਚ ਚਸਪਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਲਾਭ ਲੈਣ ਲਈ ਕਿਸੇ ਵੀ ਰਾਜ ਦਾ ਕੋਈ ਵੀ ਵਿਅਕਤੀ ਆਪਣਾ ਇਲਾਜ ਕਰਵਾ ਸਕਦਾ ਹੈ ਅਤੇ ਪੁਲਿਸ ਵੱਲੋਂ ਸਿਰਫ ਜਖਮੀਆਂ ਤੇ ਦੁਰਘਟਨਾਂ ਦੀ ਜਾਣਕਾਰੀ ਲਈ ਜਾਂਦੀ ਹੈ, ਮਰੀਜ ਜਾਂ ਮਰੀਜ ਦੇ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਾਨਯੋਗ ਸੁਪਰੀਮ ਕੋਰਟ ਅਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਨੈਸ਼ਨਲ ਹਾਈਵੇ ਉੱਤੇ ਗੈਰ ਕਾਨੂੰਨੀ ਤਰੀਕੇ ਨਾਲ ਲਗਾਏ ਆਰਜੀ ਢਾਬੇ,ਸਟਾਲਾਂ ਅਤੇ ਉਸਾਰੀਆਂ ਤੇ ਬਣਦੀ ਕਾਰਵਾਈ ਅਮਲ ਚ ਲਿਆਂਦੀ ਜਾਵੇ ਤਾਂ ਜੋ ਨੈਸ਼ਨਲ ਹਾਈਵੇ ਤੇ ਹੋਣ ਵਾਲੇ ਸੜਕੀ ਹਾਦਸਿਆਂ ਤੋਂ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਲੰਮੇ ਰੂਟ ਤੇ ਜਾਣ ਵਾਲੇ ਭਾਰੀ ਵਾਹਨ ਅਕਸਰ ਸੜਕਾਂ ਦੇ ਕਿਨਾਰੇ ਖੜ੍ਹਦੇ ਹਨ ਜਿਨ੍ਹਾਂ ਤੇ ਫੌਰੀ ਕਾਰਵਾਈ ਕੀਤੀ ਜਾਵੇ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ। ਉਨ੍ਹਾਂ ਸੜਕਾਂ ’ਤੇ ਆਵਾਰਾ ਪਸ਼ੂਆਂ ਦੀ ਰੋਕਥਾਮ, ਸੜਕ ਕਿਨਾਰੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ, ਹਿੱਟ ਐਂਡ ਰਨ ਮਾਮਲਿਆਂ, ਵਾਹਨਾਂ ਦੀ ਚੈਕਿੰਗ ਅਤੇ ਇਨਫੋਰਸਮੈਂਟ, ਸੇਫ ਸਕੂਲ ਵਾਹਨ ਸਕੀਮ ਅਤੇ ਬਲੈਕ ਸਪੌਟਸ ਸਬੰਧੀ ਕਾਰਵਾਈ ਦੀ ਸਮੀਖਿਆ ਕੀਤੀ ਗਈ। ਮੀਟਿੰਗ ਦੌਰਾਨ ਰਿਜ਼ਨਲ ਟਰਾਂਸਪੋਰਟ ਅਫਸਰ ਸ੍ਰੀ ਨਮਨ ਮੜਕਨ, ਐਸ.ਡੀ.ਐਮ.ਫਤਹਿਗੜ੍ਹ ਸਾਹਿਬ ਕਰੁਣ ਗੁਪਤਾ, ਸਹਾਇਕ ਕਮਿਸ਼ਨਰ(ਜਨਰਲ) ਸੂਬਾ ਸਿੰਘ, ਡੀ.ਐਸ.ਪੀ. ਇੰਦਰਪ੍ਰੀਤ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਜਸਪ੍ਰੀਤ ਕੌਰ, ਸਹਾਇਕ ਰਿਜ਼ਨਲ ਟਰਾਂਸਪੋਰਟ ਅਫਸਰ,ਸ੍ਰੀ ਮਨਿੰਦਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਹਾਜਰ ਸਨ।
