Home ਪਟਿਆਲਾ ਅਪਡੇਟ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ...

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ 251ਵਾਂ ਸੰਤ ਸਮਾਗਮ ਪਟਿਆਲਾ ਵਿਖੇ ਸੰਪੰਨ

251st Sant Samagam Concludes in Patiala Commemorating 350th Martyrdom Anniversary of Sri Guru Tegh Bahadur Sahib Ji

0

ਰਾਜੇਸ਼ਵਰਾਨੰਦ ਯੋਗ ਪੀਠ ਦੇ ਸੰਸਥਾਪਕ ਅਤੇ ਪ੍ਰਮੁੱਖ, ਆਚਾਰੀਆ ਸਵਾਮੀ ਰਾਜੇਸ਼ਵਰਾਨੰਦ ਜੀ ਮਹਾਰਾਜ ਦੇ ਸੰਕਲਪ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ; ਹਰਿਆਣਾ ਦੇ ਕੈਬਨਿਟ ਮੰਤਰੀ ਕ੍ਰਿਸ਼ਨ ਬੇਦੀ ਅਤੇ ਮੁੱਖ ਮੰਤਰੀ ਦੇ ਓਐੱਸਡੀ ਪ੍ਰਬਲੀਨ ਸਿੰਘ ਨੇ ਕੀਤੀ ਸ਼ਿਰਕਤ

ਪਟਿਆਲਾ, 1 ਨਵੰਬਰ, 2026 (ਗੁਰਮੀਤ ਸਿੰਘ ਤੁੰਗ) : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ 350 ਸੰਤ ਸਮਾਗਮ ਕਰਵਾਉਣ ਦੇ ਸੰਕਲਪ ਤਹਿਤ ਆਚਾਰੀਆ ਸਵਾਮੀ ਰਾਜੇਸ਼ਵਰਾਨੰਦ ਜੀ ਮਹਾਰਾਜ ਦੀ ਅਗਵਾਈ ਹੇਠ 251ਵਾਂ ਸੰਤ ਸਮਾਗਮ ਪਟਿਆਲਾ ਦੇ ਸਨਾਤਨ ਧਰਮ ਕੁਮਾਰ ਸਭਾ ਭਵਨ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਸੰਪੰਨ ਹੋਇਆ। ਸਮਾਗਮ ਵਿੱਚ ਪੰਜਾਬ, ਖ਼ਾਸ ਕਰਕੇ ਮਾਲਵਾ ਖੇਤਰ ਤੋਂ ਵੱਡੀ ਗਿਣਤੀ ਵਿੱਚ ਸੰਤ-ਮਹਾਂਪੁਰਖਾਂ, ਧਾਰਮਿਕ ਸ਼ਖ਼ਸੀਅਤਾਂ ਅਤੇ ਸੰਗਤਾਂ ਨੇ ਸ਼ਿਰਕਤ ਕਰਕੇ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਮਾਗਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵੀ ਸ਼ਾਮਲ ਹੋਣਾ ਸੀ, ਪਰ ਕੁਝ ਕਾਰਨਾਂ ਕਰਕੇ ਉਹ ਪਹੁੰਚ ਨਹੀਂ ਸਕੇ। ਉਨ੍ਹਾਂ ਦੀ ਥਾਂ ਹਰਿਆਣਾ ਸਰਕਾਰ ਦੇ ਕੈਬਨਿਟ ਮੰਤਰੀ ਸ੍ਰੀ ਕ੍ਰਿਸ਼ਨ ਬੇਦੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

ਇਸ ਮੌਕੇ ਅਦਾਰਾ ਸ਼ਹੀਦ-ਏ-ਆਜ਼ਮ ਦੇ ਚੀਫ਼ ਐਡੀਟਰ ਅਤੇ ਸ਼ਹੀਦ-ਏ-ਆਜ਼ਮ ਪ੍ਰੈੱਸ ਐਂਡ ਹਾਸਪਿਟੈਲਿਟੀ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਦੇ ਚੇਅਰਮੈਨ ਸਰਦਾਰ ਪ੍ਰਭਜੀਤ ਸਿੰਘ ਚੌਧਰੀ ਨੇ ਕੈਬਨਿਟ ਮੰਤਰੀ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੂੰ ਪਟਿਆਲਾ ਦੀ ਰਵਾਇਤੀ ਫੁਲਕਾਰੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਆਚਾਰੀਆ ਸਵਾਮੀ ਰਾਜੇਸ਼ਵਰਾਨੰਦ ਜੀ ਮਹਾਰਾਜ ਨੇ ਸੰਤ-ਮਹਾਂਪੁਰਖਾਂ ਦਾ ਸਨਮਾਨ ਕੀਤਾ ਅਤੇ ਸੰਗਤਾਂ ਨਾਲ ਮਿਲ ਕੇ ਉਨ੍ਹਾਂ ਦੇ ਦਰਸ਼ਨ ਕੀਤੇ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਓਐੱਸਡੀ ਸ੍ਰੀ ਪ੍ਰਬਲੀਨ ਸਿੰਘ ਨੇ ਵੀ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹਾਦਤ ਨੂੰ ਮਨੁੱਖੀ ਅਧਿਕਾਰਾਂ, ਧਾਰਮਿਕ ਆਜ਼ਾਦੀ ਅਤੇ ਦੂਜਿਆਂ ਦੇ ਵਿਸ਼ਵਾਸ ਦੀ ਰਾਖੀ ਦੀ ਅਦੁੱਤੀ ਮਿਸਾਲ ਦੱਸਦਿਆਂ ਗੁਰੂ ਸਾਹਿਬ ਦੇ ਸਰਬਵਿਆਪੀ ਸੰਦੇਸ਼ ਨੂੰ ਅੱਜ ਦੇ ਸਮੇਂ ਵਿੱਚ ਵੀ ਪ੍ਰਸੰਗਿਕ ਕਰਾਰ ਦਿੱਤਾ। ਉਨ੍ਹਾਂ ਨੂੰ ਵੀ ਪਟਿਆਲਾ ਦੀ ਰਵਾਇਤੀ ਫੁਲਕਾਰੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

250 ਸਮਾਗਮਾਂ ਦੀ ਯਾਤਰਾ ਨੂੰ ਵਿਸ਼ੇਸ਼ ਪ੍ਰਕਾਸ਼ਨ ਰਾਹੀਂ ਕੀਤਾ ਪੇਸ਼: ਆਚਾਰੀਆ ਸਵਾਮੀ ਰਾਜੇਸ਼ਵਰਾਨੰਦ ਜੀ ਮਹਾਰਾਜ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਹੁਣ ਤੱਕ ਕਰਵਾਏ ਗਏ 250 ਸੰਤ ਸਮਾਗਮਾਂ ਦੀ ਯਾਤਰਾ ਅਤੇ ਸਵਾਮੀ ਜੀ ਦੇ ਜੀਵਨ ਦੀਆਂ ਪ੍ਰਮੁੱਖ ਪ੍ਰਾਪਤੀਆਂ ਨੂੰ ਦਰਸਾਉਂਦੀ ਵਿਸ਼ੇਸ਼ ਪ੍ਰਕਾਸ਼ਨ ਸਮੱਗਰੀ ਵੀ ਇਸ ਮੌਕੇ ਚਰਚਾ ਦਾ ਵਿਸ਼ਾ ਰਹੀ। ਰੋਜ਼ਾਨਾ ਸ਼ਹੀਦ-ਏ-ਆਜ਼ਮ ਅਖ਼ਬਾਰ ਵਿੱਚ ਪ੍ਰਕਾਸ਼ਿਤ ਇਸ ਵਿਸ਼ੇਸ਼ ਲੜੀ ਰਾਹੀਂ ਪਿਛਲੇ ਸਮਾਗਮਾਂ ਦੀਆਂ ਤਸਵੀਰਾਂ ਅਤੇ ਸੰਕਲਪ ਦੀ ਪੂਰਤੀ ਲਈ ਕੀਤੇ ਉਪਰਾਲਿਆਂ ਨੂੰ ਲੋਕਾਂ ਸਾਹਮਣੇ ਲਿਆਂਦਾ ਗਿਆ ਹੈ। ਆਚਾਰੀਆ ਸਵਾਮੀ ਰਾਜੇਸ਼ਵਰਾਨੰਦ ਜੀ ਮਹਾਰਾਜ ਨੇ ਇਸ ਵਿਸ਼ੇਸ਼ ਪ੍ਰਕਾਸ਼ਨ ਦੀ ਸ਼ਲਾਘਾ ਕੀਤੀ ਅਤੇ ਅਦਾਰਾ ਸ਼ਹੀਦ-ਏ-ਆਜ਼ਮ ਦੇ ਪੰਜਾਬ ਤੇ ਹਰਿਆਣਾ ਬਿਊਰੋ ਚੀਫ਼ ਗੁਰਮੀਤ ਸਿੰਘ ਤੁੰਗ ਨਾਲ ਤਸਵੀਰ ਵੀ ਸਾਂਝੀ ਕੀਤੀ।

ਸਮਾਗਮ ਦੌਰਾਨ ਸਰਬੱਤ ਦੇ ਭਲੇ, ਪੰਜਾਬ ਦੀ ਖ਼ੁਸ਼ਹਾਲੀ, ਆਪਸੀ ਸਦਭਾਵਨਾ ਅਤੇ ਸਮੁੱਚੀ ਮਨੁੱਖਤਾ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਸੰਤ-ਮਹਾਂਪੁਰਖਾਂ ਅਤੇ ਸੰਗਤਾਂ ਦੀ ਭਰਵੀਂ ਸ਼ਮੂਲੀਅਤ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਸਰਬਵਿਆਪੀ ਸੰਦੇਸ਼ ਪ੍ਰਤੀ ਲੋਕਾਂ ਦੀ ਡੂੰਘੀ ਸ਼ਰਧਾ ਅਤੇ ਸਤਿਕਾਰ ਨੂੰ ਉਜਾਗਰ ਕੀਤਾ। ਆਚਾਰੀਆ ਸਵਾਮੀ ਰਾਜੇਸ਼ਵਰਾਨੰਦ ਜੀ ਮਹਾਰਾਜ ਵੱਲੋਂ 350 ਸੰਤ ਸਮਾਗਮ ਕਰਵਾਉਣ ਦਾ ਸੰਕਲਪ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹਾਦਤ, ਧਾਰਮਿਕ ਸਹਿਣਸ਼ੀਲਤਾ, ਮਨੁੱਖੀ ਮਰਿਆਦਾ ਅਤੇ ਹਰ ਵਿਅਕਤੀ ਦੇ ਧਾਰਮਿਕ ਅਧਿਕਾਰਾਂ ਦੀ ਰਾਖੀ ਦੇ ਸੰਦੇਸ਼ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇੱਕ ਮਹੱਤਵਪੂਰਨ ਉਪਰਾਲਾ ਹੈ। 251ਵੇਂ ਸਮਾਗਮ ਦੀ ਸਫ਼ਲਤਾ ਨਾਲ ਇਹ ਮੁਹਿੰਮ ਆਪਣੇ ਅਗਲੇ ਪੜਾਅ ਵੱਲ ਵਧ ਰਹੀ ਹੈ।

Exit mobile version