ਚੰਡੀਗੜ੍ਹ:24 ਜੁਲਾਈ (ਛਤਰਪਾਲ ਸਿੰਘ):ਪੰਜਾਬੀ ਅਤੇ ਸੂਫ਼ੀ ਗਾਇਕੀ ਦੇ ਪ੍ਰਸਿੱਧ ਗਾਇਕ ਪਦਮ ਸ਼੍ਰੀ ਹੰਸ ਰਾਜ ਹੰਸ ਇੱਕ ਨਵੇਂ ਸੰਗੀਤਕ ਪ੍ਰੋਜੈਕਟ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਉਨ੍ਹਾਂ ਦਾ ਆਉਣ ਵਾਲਾ ਪੰਜਾਬੀ ਗੀਤ ‘ਆਜਾ ਦੋਵੇਂ ਨੱਚੀਏ’ ਰਿਲੀਜ਼ ਤੋਂ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਗੀਤ ਦਾ ਫਰਸਟ ਲੁੱਕ ਪੋਸਟਰ ਅਤੇ ਟੀਜ਼ਰ ਜਾਰੀ ਹੋਣ ਮਗਰੋਂ ਪ੍ਰਸ਼ੰਸਕਾਂ ਵਿੱਚ ਇਸ ਨੂੰ ਲੈ ਕੇ ਕਾਫ਼ੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ।
ਇਸ ਗੀਤ ਦੀ ਇੱਕ ਖ਼ਾਸ ਖਿੱਚ ਇਹ ਵੀ ਹੈ ਕਿ ਹੰਸ ਰਾਜ ਹੰਸ ਦੇ ਪੁੱਤਰ ਅਤੇ ਗਾਇਕ-ਅਦਾਕਾਰ ਯੁਵਰਾਜ ਹੰਸ ਪਹਿਲੀ ਵਾਰ ਆਪਣੇ ਪਿਤਾ ਦੇ ਕਿਸੇ ਮਿਊਜ਼ਿਕ ਪ੍ਰੋਜੈਕਟ ਦਾ ਹਿੱਸਾ ਬਣ ਰਹੇ ਹਨ। ਇਸ ਨਾਲ ਪਿਤਾ-ਪੁੱਤਰ ਦੀ ਜੋੜੀ ਨੂੰ ਇੱਕੋ ਪ੍ਰੋਜੈਕਟ ਵਿੱਚ ਦੇਖਣ ਲਈ ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ ਹਨ।
ਗੀਤ ਨੂੰ ਪਿਆਰ, ਮਿਲਾਪ ਅਤੇ ਪੰਜਾਬੀ ਸੱਭਿਆਚਾਰਕ ਰੰਗਾਂ ਨਾਲ ਜੋੜ ਕੇ ਪੇਸ਼ ਕੀਤਾ ਗਿਆ ਹੈ। ਇਸ ਵਿੱਚ ਕਈ ਜਾਣੇ-ਪਛਾਣੇ ਚਿਹਰੇ ਵੀ ਨਜ਼ਰ ਆਉਣਗੇ, ਜੋ ਮਿਊਜ਼ਿਕ ਵੀਡੀਓ ਨੂੰ ਹੋਰ ਵੀ ਖ਼ਾਸ ਬਣਾਉਣਗੇ।
‘ਆਜਾ ਦੋਵੇਂ ਨੱਚੀਏ’ ਦੇ ਬੋਲ ਹਰਪ੍ਰੀਤ ਸੇਖੋਂ ਨੇ ਲਿਖੇ ਹਨ, ਜਦਕਿ ਸੰਗੀਤ ਦੀ ਜ਼ਿੰਮੇਵਾਰੀ ਮਸ਼ਹੂਰ ਜੋੜੀ ਦੇਸੀ ਕ੍ਰੂ ਨੇ ਨਿਭਾਈ ਹੈ। ਵੀਡੀਓ ਦਾ ਨਿਰਦੇਸ਼ਨ ਬੌਬੀ ਬਾਜਵਾ ਨੇ ਕੀਤਾ ਹੈ ਅਤੇ ਪੂਰੇ ਪ੍ਰੋਜੈਕਟ ਨੂੰ ਤਜਰਬੇਕਾਰ ਟੀਮ ਵੱਲੋਂ ਤਿਆਰ ਕੀਤਾ ਗਿਆ ਹੈ।
ਨਿਰਮਾਤਾਵਾਂ ਮੁਤਾਬਕ ਗੀਤ ਵਿੱਚ ਇੱਕ ਵਿਸ਼ੇਸ਼ ਦੋਹਾ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਨੂੰ ਮਸ਼ਹੂਰ ਗਾਇਕਾ ਗੁਰਲੇਜ਼ ਅਖ਼ਤਰ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਕਾਰਨ ਗੀਤ ਦੀ ਖ਼ਾਸੀਅਤ ਹੋਰ ਵਧ ਗਈ ਹੈ।
ਵੇਵਕਾਨੋ ਮਿਊਜ਼ਿਕ ਦੇ ਬੈਨਰ ਹੇਠ ਤਿਆਰ ਕੀਤਾ ਗਿਆ ਇਹ ਗੀਤ 29 ਜੁਲਾਈ 2026 ਨੂੰ ਰਿਲੀਜ਼ ਹੋਵੇਗਾ। ਟੀਜ਼ਰ ਨੂੰ ਮਿਲ ਰਹੇ ਹੁੰਗਾਰੇ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਗੀਤ ਪੰਜਾਬੀ ਸੰਗੀਤ ਪ੍ਰੇਮੀਆਂ ਲਈ ਇੱਕ ਹੋਰ ਯਾਦਗਾਰ ਪੇਸ਼ਕਸ਼ ਸਾਬਤ ਹੋਵੇਗਾ।
