ਪਟਿਆਲਾ, 22 ਜੁਲਾਈ, 2026 (ਦੀਪਕ ਦੱਤਾ): ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਸੇਵਾ ਕੇਂਦਰ ਅਤੇ ਪਟਿਆਲਾ ਦੇ ਸਬ ਰਜਿਸਟਰਾਰ ਦਫ਼ਤਰ ਅਚਨਚੇਤ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਰਜਿਸਟਰੀਆਂ ਤੇ ਹੋਰ ਵੱਖ-ਵੱਖ ਕੰਮ ਕਰਵਾਉਣ ਆਏ ਆਮ ਲੋਕਾਂ ਨਾਲ ਗੱਲਬਾਤ ਕਰਕੇ ਸਰਕਾਰੀ ਸੇਵਾਵਾਂ ਬਾਬਤ ਫੀਡਬੈਕ ਪ੍ਰਾਪਤ ਕੀਤੀ। ਉਨ੍ਹਾਂ ਨੇ ਇੱਥੇ ਲੋਕਾਂ ਦੇ ਬੈਠਣ, ਪੀਣ ਵਾਲੇ ਪਾਣੀ ਤੇ ਹੋਰ ਸਹੂਲਤਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਨੇ ਇਸ ਮੌਕੇ ਮੁਲਾਜਮਾਂ ਨੂੰ ਚਿਤਾਵਨੀ ਵੀ ਦਿੱਤੀ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਅਸੁਵਿਧਾ ਨਾ ਆਉਣ ਦਿੱਤੀ ਜਾਵੇ।
ਡਾ. ਹਿਮਾਂਸ਼ੂ ਅਗਰਵਾਲ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੇ ਫਲੈਗਸ਼ਿਪ ਪ੍ਰੋਗਰਾਮ ਈਜ਼ੀ ਰਜਿਸਟਰੀ ਦਾ ਜਾਇਜ਼ਾ ਲੈਂਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਲੋਕ ਸਬ ਰਜਿਸਟਰਾਰ ਦਫ਼ਤਰਾਂ ਵਿਖੇ ਹੀ ਰਜਿਸਟਰੀਆਂ ਲਿਖਣ ਲਈ ਹੈਲਪ ਡੈਸਕ ‘ਤੇ ਤਾਇਨਾਤ ਕਰਮਚਾਰੀਆਂ ਤੋਂ ਕੇਵਲ 550 ਰੁਪਏ ਸਰਕਾਰੀ ਫੀਸ ਵਿੱਚ ਆਪਣੀਆਂ ਰਜਿਸਟਰੀਆਂ ਲਿਖਵਾਉਣ।
