ਸਮਾਣਾ,13 ਜੁਲਾਈ (ਜਗਦੇਵ ਸਿੰਘ ਜੱਗੀ):ਪਿਛਲੇ ਕਈ ਦਿਨਾਂ ਤੋਂ ਪਹਾੜੀ ਖੇਤਰਾਂ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਟਾਂਗਰੀ ਅਤੇ ਮਾਰਕੰਡਾ ਨਦੀਆਂ ਦਾ ਪਾਣੀ ਓਵਰਫਲੋਅ ਹੋ ਗਿਆ ਹੈ। ਇਸ ਕਾਰਨ ਜਿੱਥੇ ਹਰਿਆਣਾ ਨਾਲ ਲਗਦੇ ਕਈ ਪਿੰਡਾਂ ਵਿੱਚ ਹੜ੍ਹ ਵਰਗੀ ਹਾਲਤ ਬਣ ਗਈ ਹੈ, ਉੱਥੇ ਹੀ ਘੱਗਰ ਦਰਿਆ ਵਿੱਚ ਵਧੇ ਪਾਣੀ ਦੇ ਵਹਾਅ ਕਾਰਨ ਨੇੜਲੇ ਪਿੰਡਾਂ ਅਤੇ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਦੂਜੇ ਪਾਸੇ ਹਾਂਸੀ-ਬੁਟਾਣਾ ਨਹਿਰ ਦੇ ਹੇਠਾਂ ਬਣੇ ਸਾਈਫਨਾਂ ਦੀ ਹਰਿਆਣਾ ਸਰਕਾਰ ਵੱਲੋਂ ਸਫ਼ਾਈ ਕਰਵਾਏ ਜਾਣ ਕਾਰਨ ਫਿਲਹਾਲ ਪਾਣੀ ਲਗਾਤਾਰ 22 ਫੁੱਟ ਦੇ ਪੱਧਰ ’ਤੇ ਚੱਲ ਰਿਹਾ ਹੈ।
ਸਥਾਨਕ ਵਸਨੀਕਾਂ ਅਤੇ ਕਿਸਾਨਾਂ ਅਨੁਸਾਰ ਘੱਗਰ ਦੇ ਪਾਣੀ ਦਾ ਵਹਾਅ ਆਮ ਦਿਨਾਂ ਦੇ ਮੁਕਾਬਲੇ ਕਈ ਗੁਣਾ ਤੇਜ਼ ਹੋ ਗਿਆ ਹੈ। ਕਿਸਾਨਾਂ ਨੂੰ ਸਭ ਤੋਂ ਵੱਡੀ ਚਿੰਤਾ ਇਹ ਸਤਾ ਰਹੀ ਹੈ ਕਿ ਜੇ ਪਹਾੜਾਂ ਵਿੱਚ ਬਾਰਿਸ਼ ਦਾ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਅਤੇ ਖੇਤੀਯੋਗ ਜ਼ਮੀਨ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਜਾਵੇਗੀ, ਜਿਸ ਨਾਲ ਭਾਰੀ ਮਾਲੀ ਨੁਕਸਾਨ ਹੋ ਸਕਦਾ ਹੈ। ਕਈ ਪਿੰਡਾਂ ਦੇ ਲੋਕ ਖੁਦ ਵੀ ਘੱਗਰ ਦੇ ਕੰਢਿਆਂ ’ਤੇ ਖੜ੍ਹ ਕੇ ਪਾਣੀ ਦੇ ਪੱਧਰ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਿਆ ਹੈ ਅਤੇ ਸਬੰਧਤ ਵਿਭਾਗਾਂ ਨੂੰ ਚੌਕਸ ਰਹਿਣ ਦੇ ਹੁਕਮ ਜਾਰੀ ਕੀਤੇ ਹਨ। ਪ੍ਰਸ਼ਾਸਨ ਨੇ ਨਦੀ ਕਿਨਾਰੇ ਰਹਿਣ ਵਾਲੇ ਲੋਕਾਂ ਨੂੰ ਬਿਨਾਂ ਵਜ੍ਹਾ ਘੱਗਰ ਦੇ ਨੇੜੇ ਨਾ ਜਾਣ ਅਤੇ ਆਪਣੇ ਪਸ਼ੂਆਂ ਨੂੰ ਦੂਰ ਰੱਖਣ ਦੀ ਸਖ਼ਤ ਅਪੀਲ ਕੀਤੀ ਹੈ। ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਹੋਰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ, ਜਿਸ ਕਾਰਨ ਪਾਣੀ ਹੋਰ ਵਧਣ ਦਾ ਖਦਸ਼ਾ ਹੈ। ਹਾਲਾਂਕਿ, ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਬਚਾਅ ਟੀਮਾਂ ਤਿਆਰ ਹਨ ਅਤੇ ਸਥਿਤੀ ਕੰਟਰੋਲ ਹੇਠ ਹੈ। ਹਰਿਆਣਾ ਰਾਜ ਦੇ ਗੂਹਲਾ (ਚੀਕਾ) ਵਿੱਚ ਹਾਂਸੀ-ਬੁਟਾਣਾ ਨਹਿਰ ਦੇ ਜੇ ਈ ਨੇ ਦੱਸਿਆ ਕਿ ਘੱਗਰ ਵਿੱਚ ਪਾਣੀ ਆਉਣ ਕਾਰਨ ਮਿੱਟੀ ਦੀ ਸਫ਼ਾਈ 30 ਫ਼ੀਸਦੀ ਹੀ ਹੋ ਸਕੀ ਹੈ, ਪਰ ਪਾਣੀ ਦੇ ਤੇਜ਼ ਨਿਕਾਸ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਹੜ੍ਹ ਦਾ ਪਾਣੀ ਬਾਹਰ ਨਾ ਫੈਲੇ।
