ਕੋਟਕਪੂਰਾ, 30 ਜੁਲਾਈ, 2026 (ਜਗਦੇਵ ਸਿੰਘ ਜੱਗੀ) : ਰੋਜ਼ਗਾਰ ਦੀ ਭਾਲ ਵਿੱਚ ਦੁਬਈ ਗਏ ਪੰਜਾਬ ਦੇ ਇੱਕ ਨੌਜਵਾਨ ਦੀ ਉੱਥੇ ਅਚਾਨਕ ਮੌਤ ਹੋ ਜਾਣ ਕਾਰਨ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਪਿੰਡ ਭਾਗਥਲਾ ਖੁਰਦ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਦੀ ਦੁਬਈ ਪਹੁੰਚਣ ਦੇ ਕੁਝ ਹੀ ਦਿਨਾਂ ਬਾਅਦ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਅਨੁਸਾਰ ਗੁਰਪ੍ਰੀਤ ਸਿੰਘ ਰੋਜ਼ੀ-ਰੋਟੀ ਕਮਾਉਣ ਦੇ ਮਕਸਦ ਨਾਲ ਕਰਜ਼ਾ ਲੈ ਕੇ ਵਿਦੇਸ਼ ਗਿਆ ਸੀ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਵਿਦੇਸ਼ ਵਿੱਚ ਉਸ ਦੀ ਜ਼ਿੰਦਗੀ ਦਾ ਸਫ਼ਰ ਅਚਾਨਕ ਖਤਮ ਹੋ ਗਿਆ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਗਹਿਰੇ ਸਦਮੇ ਵਿੱਚ ਚਲਾ ਗਿਆ।
ਵਿਦੇਸ਼ ਤੋਂ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਜਟਿਲ ਅਤੇ ਮਹਿੰਗੀ ਪ੍ਰਕਿਰਿਆ ਕਾਰਨ ਪਰਿਵਾਰ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਪਰਿਵਾਰ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨਾਲ ਸੰਪਰਕ ਕੀਤਾ, ਜਿਸ ਨੇ ਮਾਮਲੇ ਵਿੱਚ ਸਹਿਯੋਗ ਦਿੰਦਿਆਂ ਲੋੜੀਂਦੀਆਂ ਕਾਰਵਾਈਆਂ ਪੂਰੀਆਂ ਕਰਵਾਈਆਂ।ਟਰੱਸਟ ਦੇ ਯਤਨਾਂ ਸਦਕਾ ਕਰੀਬ 24 ਦਿਨਾਂ ਬਾਅਦ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਭਾਗਥਲਾ ਖੁਰਦ ਪਹੁੰਚੀ, ਜਿੱਥੇ ਗਮਗੀਨ ਮਾਹੌਲ ਵਿੱਚ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਟਰੱਸਟ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਮੌਤ ਹੋਣ ਦੀ ਸੂਰਤ ਵਿੱਚ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ ਲਈ ਕਈ ਕਾਨੂੰਨੀ ਅਤੇ ਪ੍ਰਸ਼ਾਸਨਿਕ ਕਾਰਵਾਈਆਂ ਪੂਰੀਆਂ ਕਰਣੀਆਂ ਪੈਂਦੀਆਂ ਹਨ, ਜਿਸ ਲਈ ਸਮਾਂ ਅਤੇ ਵੱਡਾ ਖ਼ਰਚਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਅਜਿਹੇ ਮਾਨਵਤਾਵਾਦੀ ਉਪਰਾਲੇ ਲਗਾਤਾਰ ਕੀਤੇ ਜਾਂਦੇ ਹਨ।
