ਨਵੀਂ ਦਿੱਲੀ, 25 ਨਵੰਬਰ, 2026 (ਚੌਧਰੀ ਪ੍ਰਭਜੀਤ ਸਿੰਘ) : ਭਾਰਤ ਵੱਲੋਂ ਫਲਸਤੀਨੀ ਸ਼ਰਨਾਰਥੀਆਂ ਦੀ ਮਦਦ ਲਈ ਸੰਯੁਕਤ ਰਾਸ਼ਟਰ ਦੀ ਏਜੰਸੀ UNRWA ਨੂੰ 25 ਲੱਖ ਅਮਰੀਕੀ ਡਾਲਰ ਦੀ ਵਿੱਤੀ ਸਹਾਇਤਾ ਦੇਣ ਦਾ ਫਲਸਤੀਨ ਨੇ ਸਵਾਗਤ ਕੀਤਾ ਹੈ। ਭਾਰਤ ਵਿੱਚ ਫਲਸਤੀਨ ਦੇ ਰਾਜਦੂਤ ਅਬਦੁੱਲਾ ਐਮ. ਅਬੂ ਸ਼ਾਵੇਸ਼ ਨੇ ਇਸ ਸਹਾਇਤਾ ਨੂੰ ਫਲਸਤੀਨੀ ਲੋਕਾਂ ਲਈ ਬੇਹੱਦ ਨਾਜ਼ੁਕ ਸਮੇਂ ’ਤੇ ਮਿਲਿਆ ਮਹੱਤਵਪੂਰਨ ਰਾਜਨੀਤਿਕ ਅਤੇ ਆਰਥਿਕ ਸਮਰਥਨ ਕਰਾਰ ਦਿੱਤਾ ਹੈ। ਰਾਜਦੂਤ ਨੇ ਕਿਹਾ ਕਿ ਭਾਰਤ ਲੰਬੇ ਸਮੇਂ ਤੋਂ ਫਲਸਤੀਨੀ ਲੋਕਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀ ਭਲਾਈ ਲਈ ਆਪਣਾ ਸਮਰਥਨ ਜਾਰੀ ਰੱਖ ਰਿਹਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਫਲਸਤੀਨ ਦੇ ਹੱਕ ਵਿੱਚ ਭਾਰਤ ਵੱਲੋਂ ਪਾਈਆਂ ਗਈਆਂ ਵੋਟਾਂ ਵੀ ਦੋਵਾਂ ਦੇਸ਼ਾਂ ਦੇ ਮਜ਼ਬੂਤ ਸਬੰਧਾਂ ਦੀ ਪੁਸ਼ਟੀ ਕਰਦੀਆਂ ਹਨ। ਭਾਰਤ ਨੇ ਸਾਲ 2026-27 ਲਈ UNRWA ਨੂੰ ਕੁੱਲ 50 ਲੱਖ ਡਾਲਰ ਦੀ ਸਾਲਾਨਾ ਸਹਾਇਤਾ ਦੇਣ ਦੀ ਵਚਨਬੱਧਤਾ ਕੀਤੀ ਹੈ, ਜਿਸ ਦੀ ਪਹਿਲੀ ਕਿਸ਼ਤ ਵਜੋਂ 25 ਲੱਖ ਡਾਲਰ ਜਾਰੀ ਕੀਤੇ ਗਏ ਹਨ। ਇਸ ਰਾਸ਼ੀ ਦੀ ਵਰਤੋਂ ਫਲਸਤੀਨੀ ਸ਼ਰਨਾਰਥੀਆਂ ਲਈ ਸਿੱਖਿਆ, ਸਿਹਤ ਸੇਵਾਵਾਂ ਅਤੇ ਰਾਹਤ ਕਾਰਜਾਂ ਵਾਸਤੇ ਕੀਤੀ ਜਾਵੇਗੀ। ਰਾਜਦੂਤ ਨੇ ਕਿਹਾ ਕਿ ਭਾਰਤ ਨੇ ਹਾਲ ਹੀ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਫਲਸਤੀਨੀ ਲੋਕਾਂ ਦੇ ਹੱਕ ਵਿੱਚ ਕਈ ਮਤੇ ਸਮਰਥਿਤ ਕੀਤੇ ਹਨ। ਉਨ੍ਹਾਂ ਮੁਤਾਬਕ ਭਾਰਤ ਦਾ ਇਹ ਰੁਖ ਸਿਰਫ਼ ਬਿਆਨਾਂ ਤੱਕ ਸੀਮਤ ਨਹੀਂ, ਸਗੋਂ ਅਮਲੀ ਪੱਧਰ ’ਤੇ ਵੀ ਦਿਖਾਈ ਦਿੰਦਾ ਹੈ।
ਭਾਰਤ-ਇਜ਼ਰਾਈਲ ਸਬੰਧਾਂ ਬਾਰੇ ਫਲਸਤੀਨ ਦਾ ਰੁਖ
ਕਾਂਗਰਸ ਆਗੂ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਇਜ਼ਰਾਈਲ ਨਾਲ ਭਾਰਤ ਦੇ ਰਣਨੀਤਕ ਸਬੰਧਾਂ ਦੀ ਹਮਾਇਤ ਕਰਨ ਦੇ ਨਾਲ ਗਾਜ਼ਾ ਵਿੱਚ ਇਜ਼ਰਾਈਲੀ ਕਾਰਵਾਈਆਂ ਦੀ ਆਲੋਚਨਾ ਕੀਤੇ ਜਾਣ ਬਾਰੇ ਪੁੱਛੇ ਜਾਣ ’ਤੇ ਰਾਜਦੂਤ ਨੇ ਕਿਹਾ ਕਿ ਫਲਸਤੀਨ ਭਾਰਤ ਦੇ ਪ੍ਰਭੂਸੱਤਾ ਸੰਪੰਨ ਫੈਸਲਿਆਂ ਦਾ ਸਤਿਕਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਫਲਸਤੀਨ ਨੇ ਕਦੇ ਵੀ ਭਾਰਤ ਅਤੇ ਇਜ਼ਰਾਈਲ ਦੇ ਦੁਵੱਲੇ ਸਬੰਧਾਂ ਵਿੱਚ ਦਖ਼ਲ ਨਹੀਂ ਦਿੱਤਾ। ਇਸ ਦੀ ਬਜਾਏ ਫਲਸਤੀਨ ਦੀ ਇੱਛਾ ਹੈ ਕਿ ਭਾਰਤ ਇਜ਼ਰਾਈਲ ਨਾਲ ਆਪਣੇ ਚੰਗੇ ਸਬੰਧਾਂ ਦੀ ਵਰਤੋਂ ਮੱਧ ਪੂਰਬ ਵਿੱਚ ਸ਼ਾਂਤੀ ਸਥਾਪਿਤ ਕਰਨ ਅਤੇ ਦੋ-ਰਾਸ਼ਟਰ ਹੱਲ ਨੂੰ ਅੱਗੇ ਵਧਾਉਣ ਲਈ ਕਰੇ। ਰਾਜਦੂਤ ਨੇ ਇਹ ਵੀ ਕਿਹਾ ਕਿ 7 ਅਕਤੂਬਰ ਦੇ ਹਮਲਿਆਂ ਨੂੰ ਫਲਸਤੀਨੀ ਸੰਘਰਸ਼ ਦੇ ਲੰਬੇ ਇਤਿਹਾਸ ਅਤੇ ਇਸ ਦੇ ਪਿਛੋਕੜ ਤੋਂ ਵੱਖ ਕਰਕੇ ਨਹੀਂ ਦੇਖਿਆ ਜਾਣਾ ਚਾਹੀਦਾ।
ਦੋ-ਰਾਸ਼ਟਰ ਹੱਲ ਲਈ ਗੱਲਬਾਤ ਦੀ ਲੋੜ
ਇਜ਼ਰਾਈਲ ਦੀ ਮੌਜੂਦਾ ਰਾਜਨੀਤਿਕ ਸਥਿਤੀ ਦਾ ਜ਼ਿਕਰ ਕਰਦਿਆਂ ਅਬੂ ਸ਼ਾਵੇਸ਼ ਨੇ ਕਿਹਾ ਕਿ ਉੱਥੋਂ ਦੀ ਮੌਜੂਦਾ ਸਰਕਾਰ ਅਤੇ ਵਿਰੋਧੀ ਧਿਰ ਦੋਵਾਂ ਵੱਲੋਂ ਅਜੇ ਤੱਕ ਦੋ-ਰਾਸ਼ਟਰ ਹੱਲ ਲਈ ਕੋਈ ਭਰੋਸੇਯੋਗ ਰਾਹ ਪੇਸ਼ ਨਹੀਂ ਕੀਤਾ ਗਿਆ। ਉਨ੍ਹਾਂ ਅਨੁਸਾਰ ਸਥਾਈ ਸ਼ਾਂਤੀ ਲਈ ਫਲਸਤੀਨੀ ਅਥਾਰਟੀ ਅਤੇ ਫਲਸਤੀਨ ਲਿਬਰੇਸ਼ਨ ਆਰਗੇਨਾਈਜ਼ੇਸ਼ਨ (ਪੀਐਲਓ) ਨਾਲ ਗੰਭੀਰ ਰਾਜਨੀਤਿਕ ਗੱਲਬਾਤ ਮੁੜ ਸ਼ੁਰੂ ਕਰਨੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਓਸਲੋ ਸਮਝੌਤਿਆਂ ਰਾਹੀਂ ਸ਼ਾਂਤੀ ਪ੍ਰਕਿਰਿਆ ਦੀ ਨੀਂਹ ਰੱਖੀ ਗਈ ਸੀ, ਪਰ ਮੌਜੂਦਾ ਹਾਲਾਤ ਵਿੱਚ ਅਮਨ ਵੱਲ ਕੋਈ ਠੋਸ ਪ੍ਰਗਤੀ ਨਜ਼ਰ ਨਹੀਂ ਆ ਰਹੀ।
ਭਾਰਤ-ਫਲਸਤੀਨ ਸਬੰਧਾਂ ਦਾ ਇਤਿਹਾਸਕ ਪਿਛੋਕੜ
ਰਾਜਦੂਤ ਨੇ ਭਾਰਤ ਅਤੇ ਫਲਸਤੀਨ ਦੇ ਸਬੰਧਾਂ ਨੂੰ ਇਤਿਹਾਸਕ, ਸੱਭਿਆਚਾਰਕ ਅਤੇ ਕੂਟਨੀਤਕ ਸਾਂਝ ’ਤੇ ਆਧਾਰਿਤ ਦੱਸਿਆ। ਉਨ੍ਹਾਂ ਨੇ ਨੌਵੀਂ ਸਦੀ ਵਿੱਚ ਬਾਬਾ ਫਰੀਦ ਜੀ ਦੀ ਯਰੂਸ਼ਲਮ ਯਾਤਰਾ ਅਤੇ ਉੱਥੇ ਸਥਾਪਿਤ ਕੀਤੇ ਗਏ ਇੰਡੀਅਨ ਹੋਸਪਾਈਸ ਦਾ ਜ਼ਿਕਰ ਕੀਤਾ, ਜੋ ਅੱਜ ਵੀ ਭਾਰਤੀ ਭਾਈਚਾਰੇ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ 1918 ਦੀ ਹਾਇਫਾ ਦੀ ਲੜਾਈ ਵਿੱਚ ਭਾਰਤੀ ਸੈਨਿਕਾਂ ਦੇ ਯੋਗਦਾਨ ਨੂੰ ਵੀ ਯਾਦ ਕੀਤਾ। ਰਾਜਦੂਤ ਅਨੁਸਾਰ ਫਲਸਤੀਨ ਵਿੱਚ 1,000 ਤੋਂ ਵੱਧ ਭਾਰਤੀ ਸੈਨਿਕ ਦਫ਼ਨ ਹਨ, ਜਿਨ੍ਹਾਂ ਵਿੱਚੋਂ 109 ਗਾਜ਼ਾ ਵਿੱਚ ਹਨ। ਕੂਟਨੀਤਕ ਇਤਿਹਾਸ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਰਤ ਨੇ 1947 ਵਿੱਚ ਫਲਸਤੀਨ ਦੀ ਵੰਡ ਸਬੰਧੀ ਸੰਯੁਕਤ ਰਾਸ਼ਟਰ ਦੀ ਯੋਜਨਾ ਦਾ ਵਿਰੋਧ ਕੀਤਾ ਸੀ। ਸਾਲ 1974 ਵਿੱਚ ਭਾਰਤ ਨੇ ਪੀਐਲਓ ਨੂੰ ਫਲਸਤੀਨੀ ਲੋਕਾਂ ਦਾ ਇਕਮਾਤਰ ਜਾਇਜ਼ ਪ੍ਰਤੀਨਿਧੀ ਮੰਨਣ ਵਾਲੇ ਪਹਿਲੇ ਗੈਰ-ਅਰਬ ਦੇਸ਼ ਦਾ ਦਰਜਾ ਹਾਸਲ ਕੀਤਾ, ਜਦਕਿ 1988 ਵਿੱਚ ਫਲਸਤੀਨ ਰਾਜ ਨੂੰ ਮਾਨਤਾ ਦਿੱਤੀ। ਰਾਜਦੂਤ ਨੇ ਭਾਰਤ ਵੱਲੋਂ ਫਲਸਤੀਨ ਵਿੱਚ ਵਿਕਾਸ ਕਾਰਜਾਂ ਅਤੇ ਟਿਕਾਊ ਵਿਕਾਸ ਲਈ ਦਿੱਤੀ ਜਾ ਰਹੀ ਸਹਾਇਤਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਉਮੀਦ ਜਤਾਈ ਕਿ ਦੋਵਾਂ ਦੇਸ਼ਾਂ ਦੀ ਇਤਿਹਾਸਕ ਦੋਸਤੀ ਭਵਿੱਖ ਵਿੱਚ ਹੋਰ ਮਜ਼ਬੂਤ ਹੋਵੇਗੀ। ਭਾਰਤ ਲਗਾਤਾਰ ਗੱਲਬਾਤ ਰਾਹੀਂ ਦੋ-ਰਾਸ਼ਟਰ ਹੱਲ ਦੀ ਵਕਾਲਤ ਕਰਦਾ ਆ ਰਿਹਾ ਹੈ, ਜਿਸ ਤਹਿਤ ਇਜ਼ਰਾਈਲ ਦੇ ਨਾਲ ਸੁਰੱਖਿਅਤ ਅਤੇ ਮਾਨਤਾ ਪ੍ਰਾਪਤ ਸਰਹੱਦਾਂ ਅੰਦਰ ਇੱਕ ਸੁਤੰਤਰ, ਪ੍ਰਭੂਸੱਤਾ ਸੰਪੰਨ ਅਤੇ ਵਿਹਾਰਕ ਫਲਸਤੀਨੀ ਰਾਜ ਦੀ ਸਥਾਪਨਾ ਦਾ ਸਮਰਥਨ ਕੀਤਾ ਜਾਂਦਾ ਹੈ।
