ਵਾਸ਼ਿੰਗਟਨ, 27 ਨਵੰਬਰ, 2026 (ਛਤਰਪਾਲ ਸਿੰਘ ) : ਅਮਰੀਕਾ ਵਿੱਚ ਥੈਂਕਸਗਿਵਿੰਗ ਤਿਉਹਾਰ ਮੌਕੇ ਯਾਤਰਾ ਕਰਨ ਵਾਲੇ ਲੋਕਾਂ ਨੂੰ ਇਸ ਵਾਰ ਖ਼ਰਾਬ ਮੌਸਮ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਦੇ ਪੂਰਬੀ ਅਤੇ ਪੱਛਮੀ ਤੱਟਾਂ ’ਤੇ ਸਰਗਰਮ ਤੂਫ਼ਾਨੀ ਪ੍ਰਣਾਲੀਆਂ ਨੇ ਹਵਾਈ ਆਵਾਜਾਈ ਤੋਂ ਲੈ ਕੇ ਸੜਕੀ ਅਤੇ ਸਮੁੰਦਰੀ ਆਵਾਜਾਈ ਤੱਕ ਪ੍ਰਭਾਵਿਤ ਕਰ ਦਿੱਤੀ ਹੈ। ਮੌਸਮ ਦੀ ਖ਼ਰਾਬੀ ਕਾਰਨ 6,000 ਤੋਂ ਵੱਧ ਉਡਾਣਾਂ ਦੇਰੀ ਨਾਲ ਚੱਲੀਆਂ ਜਾਂ ਪ੍ਰਭਾਵਿਤ ਹੋਈਆਂ, ਜਦਕਿ ਕਰੀਬ 150 ਉਡਾਣਾਂ ਰੱਦ ਕਰਨੀਆਂ ਪਈਆਂ।
ਪੂਰਬੀ ਤੱਟ ’ਤੇ ਨਾਰਈਸਟਰ ਤੂਫ਼ਾਨ ਦਾ ਖ਼ਤਰਾ
ਅਮਰੀਕਾ ਦੇ ਪੂਰਬੀ ਤੱਟ ਵੱਲ ਵਧ ਰਹੇ ‘ਨਾਰਈਸਟਰ’ ਤੂਫ਼ਾਨ ਨੇ ਮੌਸਮ ਵਿਭਾਗ ਅਤੇ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਹੈ। ਨਿਊਯਾਰਕ, ਨਿਊ ਜਰਸੀ ਅਤੇ ਫਿਲਾਡੇਲਫੀਆ ਸਮੇਤ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਗਈ ਹੈ। ਸਮੁੰਦਰ ਵਿੱਚ ਉੱਚੀਆਂ ਲਹਿਰਾਂ ਉੱਠਣ ਕਾਰਨ ਤੱਟਵਰਤੀ ਖੇਤਰਾਂ ਵਿੱਚ ਪਾਣੀ ਭਰਨ ਅਤੇ ਹੜ੍ਹ ਆਉਣ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਦੌਰਾਨ ਮਿਆਮੀ ਹਵਾਈ ਅੱਡੇ ’ਤੇ ਭਾਰੀ ਮੀਂਹ ਕਾਰਨ ਇੱਕ ਕੈਰੀਅਰ ਜਹਾਜ਼ ਲੈਂਡਿੰਗ ਸਮੇਂ ਰਨਵੇਅ ਤੋਂ ਅੱਗੇ ਨਿਕਲ ਗਿਆ। ਘਟਨਾ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਹਵਾਈ ਅੱਡੇ ਦੇ ਜ਼ਿਆਦਾਤਰ ਰਨਵੇਅ ਕੁਝ ਸਮੇਂ ਲਈ ਬੰਦ ਕਰਨੇ ਪਏ, ਜਿਸ ਨਾਲ ਉਡਾਣਾਂ ਦਾ ਸਮਾਂ-ਸਾਰਣੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।

ਸਮੁੰਦਰ ਦੇ ਵਧਦੇ ਪੱਧਰ ਨੇ ਵਧਾਈ ਚਿੰਤਾ
ਅਮਰੀਕਾ ਦੇ ਪੱਛਮੀ ਤੱਟ ’ਤੇ ਵੀ ਸਮੁੰਦਰੀ ਲਹਿਰਾਂ ਨੇ ਕਈ ਤੱਟਵਰਤੀ ਢਾਂਚਿਆਂ ਨੂੰ ਨੁਕਸਾਨ ਪਹੁੰਚਾਇਆ ਹੈ। ਸੈਨ ਡਿਏਗੋ ਦੇ ਆਲੇ-ਦੁਆਲੇ ਸਮੁੰਦਰ ਦਾ ਪਾਣੀ ਪੁਰਾਣੇ ਰਿਕਾਰਡ ਪੱਧਰ ਤੋਂ ਉੱਪਰ ਪਹੁੰਚਣ ਦੀਆਂ ਰਿਪੋਰਟਾਂ ਹਨ। ਇਸ ਕਾਰਨ ਨੀਵੇਂ ਇਲਾਕਿਆਂ ਵਿੱਚ ਹੜ੍ਹ ਦਾ ਖ਼ਤਰਾ ਵਧ ਗਿਆ ਹੈ। ਪੂਰਬੀ ਤੱਟ ’ਤੇ ਸਾਲ 2012 ਵਿੱਚ ਆਏ ਵਿਨਾਸ਼ਕਾਰੀ ਸੁਪਰਸਟਾਰਮ ਸੈਂਡੀ ਤੋਂ ਬਾਅਦ ਸਮੁੰਦਰ ਦਾ ਜਲ-ਪੱਧਰ ਸਭ ਤੋਂ ਉੱਚੇ ਪੱਧਰ ’ਤੇ ਪਹੁੰਚਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਡੇਲਾਵੇਅਰ ਅਤੇ ਨਿਊ ਜਰਸੀ ਦੇ ਕੁਝ ਇਲਾਕਿਆਂ ਵਿੱਚ ਤੇਜ਼ ਹਵਾਵਾਂ ਕਾਰਨ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋ ਸਕਦੀ ਹੈ। ਇਸ ਤੋਂ ਇਲਾਵਾ ਅਮਰੀਕਾ ਦੇ ਮੱਧਵਰਤੀ ਖੇਤਰਾਂ ਵਿੱਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ, ਜਦਕਿ ਪੈਸੀਫਿਕ ਨਾਰਥਵੈਸਟ ਵਿੱਚ ਵੀ ਮੀਂਹ ਅਤੇ ਤੇਜ਼ ਹਵਾਵਾਂ ਦਾ ਨਵਾਂ ਦੌਰ ਆਉਣ ਦੀ ਚਿਤਾਵਨੀ ਦਿੱਤੀ ਗਈ ਹੈ।
ਥੈਂਕਸਗਿਵਿੰਗ ’ਤੇ ਹਵਾਈ ਯਾਤਰੀਆਂ ਦੀ ਵਧੀ ਪ੍ਰੇਸ਼ਾਨੀ
ਥੈਂਕਸਗਿਵਿੰਗ ਅਮਰੀਕਾ ਦਾ ਇੱਕ ਮਹੱਤਵਪੂਰਨ ਤਿਉਹਾਰ ਹੈ, ਜਿਸ ਮੌਕੇ ਲੱਖਾਂ ਲੋਕ ਆਪਣੇ ਪਰਿਵਾਰਾਂ ਅਤੇ ਦੋਸਤਾਂ ਨਾਲ ਜਸ਼ਨ ਮਨਾਉਣ ਲਈ ਦੂਜੇ ਸ਼ਹਿਰਾਂ ਦਾ ਰੁਖ ਕਰਦੇ ਹਨ। ਅਜਿਹੇ ਸਮੇਂ ਉਡਾਣਾਂ ਵਿੱਚ ਦੇਰੀ ਅਤੇ ਰੱਦ ਹੋਣ ਕਾਰਨ ਯਾਤਰੀਆਂ ਨੂੰ ਹਵਾਈ ਅੱਡਿਆਂ ’ਤੇ ਲੰਮਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਵੀ ਚਿਤਾਵਨੀ ਦਿੱਤੀ ਹੈ ਕਿ ਥੈਂਕਸਗਿਵਿੰਗ ਵਾਲੇ ਦਿਨ ਉੱਤਰ-ਪੂਰਬੀ ਅਮਰੀਕਾ ਵਿੱਚ ਖ਼ਰਾਬ ਮੌਸਮ ਕਾਰਨ ਹਵਾਈ ਸੇਵਾਵਾਂ ਪ੍ਰਭਾਵਿਤ ਰਹਿ ਸਕਦੀਆਂ ਹਨ। ਦੂਜੇ ਪਾਸੇ, ਯਾਤਰਾ ਨਾਲ ਸਬੰਧਤ ਵੈੱਬਸਾਈਟ ਦੇ ਅਨੁਮਾਨ ਮੁਤਾਬਕ ਅਟਲਾਂਟਾ ਹਵਾਈ ਅੱਡੇ ’ਤੇ ਇਸ ਛੁੱਟੀ ਦੌਰਾਨ ਸਭ ਤੋਂ ਵੱਧ ਯਾਤਰੀਆਂ ਦੀ ਭੀੜ ਦੇਖਣ ਨੂੰ ਮਿਲ ਸਕਦੀ ਹੈ। ਮੌਸਮ ਵਿਭਾਗ ਦੀਆਂ ਚਿਤਾਵਨੀਆਂ ਦੇ ਮੱਦੇਨਜ਼ਰ ਯਾਤਰੀਆਂ ਨੂੰ ਆਪਣੀ ਉਡਾਣ ਦੀ ਸਥਿਤੀ ਦੀ ਪਹਿਲਾਂ ਜਾਂਚ ਕਰਨ ਅਤੇ ਤੱਟਵਰਤੀ ਇਲਾਕਿਆਂ ਵਿੱਚ ਸੁਰੱਖਿਆ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ।