ਉਨ੍ਹਾਂ ਨੇ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਅਤੇ ਯੂਨੀਵਰਸਿਟੀ ਦੀ ਸਮੁੱਚੀ ਟੀਮ ਨੂੰ ਇਸ ਵੱਡੇ ਖੇਡ ਸਮਾਗਮ ਦੇ ਆਯੋਜਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਆਪਣੇ ਦੂਰਅੰਦੇਸ਼ੀ ਦ੍ਰਿਸ਼ਟੀਕੋਣ, ਮਿਹਨਤ ਅਤੇ ਦ੍ਰਿੜ੍ਹ ਇਰਾਦੇ ਸਦਕਾ ਖੇਡਾਂ ਦੇ ਖੇਤਰ ਵਿੱਚ ਇੱਕ ਨਾਮਵਰ ਸੰਸਥਾ ਵਜੋਂ ਉੱਭਰ ਰਹੀ ਹੈ। ਇਸ ਚੈਂਪੀਅਨਸ਼ਿਪ ਸਬੰਧੀ ਜਾਣਕਾਰੀ ਦਿੰਦਿਆਂ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ ਦੇ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਈ ਜਾ ਰਹੀ ਇਸ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਸੂਬਿਆਂ ਦੀਆਂ 83 ਟੀਮਾਂ ਨੇ ਭਾਗ ਲੈਣ ਲਈ ਰਿਪੋਰਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇੰਨੀ ਵੱਡੀ ਗਿਣਤੀ ਵਿੱਚ ਟੀਮਾਂ ਦੀ ਸ਼ਮੂਲੀਅਤ ਬਾਸਕਟਬਾਲ ਪ੍ਰਤੀ ਨੌਜਵਾਨਾਂ ਦੇ ਵਧ ਰਹੇ ਉਤਸ਼ਾਹ ਅਤੇ ਯੂਨੀਵਰਸਿਟੀ ਪੱਧਰ ‘ਤੇ ਖੇਡਾਂ ਲਈ ਸਾਰਥਕ ਮਾਹੌਲ ਸਿਰਜਣ ਦੇ ਯਤਨਾਂ ਦਾ ਪ੍ਰਮਾਣ ਹੈ।
ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ ਦੇ ਨਿਯਮਾਂ ਅਨੁਸਾਰ ਸਾਰੀਆਂ ਭਾਗ ਲੈਣ ਵਾਲੀਆਂ ਟੀਮਾਂ ਨੂੰ ਚਾਰ ਪੂਲਾਂ ਵਿੱਚ ਵੰਡਿਆ ਗਿਆ ਹੈ। ਮੁਕਾਬਲਿਆਂ ਦੇ ਸ਼ੁਰੂਆਤੀ ਦੌਰ ਨਾਕਆਊਟ ਪ੍ਰਣਾਲੀ ਅਧੀਨ ਕਰਵਾਏ ਜਾਣਗੇ, ਜਦਕਿ ਆਖ਼ਰੀ ਚਾਰ ਟੀਮਾਂ ਲੀਗ ਮੈਚਾਂ ਰਾਹੀਂ ਆਪਣੀ ਅੰਤਿਮ ਸਥਿਤੀ ਨਿਰਧਾਰਤ ਕਰਨਗੀਆਂ। ਡਾ. ਗਿੱਲ ਨੇ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਚੈਂਪੀਅਨਸ਼ਿਪ ਸਿਰਫ਼ ਜਿੱਤ-ਹਾਰ ਜਾਂ ਅੰਕਾਂ ਤੱਕ ਸੀਮਤ ਨਹੀਂ ਹੈ, ਸਗੋਂ ਵੱਖ-ਵੱਖ ਯੂਨੀਵਰਸਿਟੀਆਂ ਦੇ ਖਿਡਾਰੀਆਂ ਨੂੰ ਆਪਸੀ ਮੇਲ-ਮਿਲਾਪ, ਵਿਚਾਰਾਂ ਦੇ ਆਦਾਨ-ਪ੍ਰਦਾਨ ਅਤੇ ਖੇਡ ਸੱਭਿਆਚਾਰ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਨਾਲ ਜੋੜਨ ਦਾ ਇੱਕ ਮਹੱਤਵਪੂਰਨ ਮੌਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਪੋਰਟਸ ਯੂਨੀਵਰਸਿਟੀ ਵੱਲੋਂ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਖਿਡਾਰੀ ਬਿਹਤਰੀਨ ਪ੍ਰਦਰਸ਼ਨ ਕਰ ਸਕਣ।






