ਪਟਿਆਲਾ, 18 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ) : ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ-4 ਤਹਿਤ ਅੱਜ ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਸਲਾਟ-2 ਦੇ ਰਾਜ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜਿਮਨਾਸਟਿਕ ਅਤੇ ਖੋਹ-ਖੋਹ ਦੇ ਖੇਡ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਖਿਡਾਰੀਆਂ ਨੇ ਪੂਰੇ ਜੋਸ਼, ਉਤਸ਼ਾਹ ਅਤੇ ਖੇਡ ਭਾਵਨਾ ਨਾਲ ਭਾਗ ਲਿਆ। ਇਸ ਮੌਕੇ ਵਿਧਾਇਕ ਪਟਿਆਲਾ ਸ਼ਹਿਰੀ ਸ੍ਰੀ ਅਜੀਤ ਪਾਲ ਸਿੰਘ ਕੋਹਲੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ। ਓਹਨਾ ਕਿਹਾ ਕਿ ਖੇਡਾਂ ਜਿੱਥੇ ਨੌਜਵਾਨਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਂਦੀਆਂ ਹਨ, ਉੱਥੇ ਹੀ ਉਨ੍ਹਾਂ ਵਿੱਚ ਅਨੁਸ਼ਾਸਨ, ਮਿਹਨਤ, ਟੀਮ ਭਾਵਨਾ ਅਤੇ ਅਗਵਾਈ ਵਰਗੇ ਗੁਣ ਵੀ ਪੈਦਾ ਕਰਦੀਆਂ ਹਨ।

ਵਿਧਾਇਕ ਕੋਹਲੀ ਨੇ ਖਿਡਾਰੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਪੂਰੀ ਮਿਹਨਤ ਅਤੇ ਲਗਨ ਨਾਲ ਖੇਡਾਂ ਵਿੱਚ ਭਾਗ ਲੈਣ ਅਤੇ ਆਪਣੇ ਮਾਪਿਆਂ, ਕੋਚਾਂ ਅਤੇ ਸੂਬੇ ਦਾ ਨਾਮ ਰੌਸ਼ਨ ਕਰਨ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਖਿਡਾਰੀਆਂ ਨੂੰ ਬਿਹਤਰ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਯਤਨ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ‘ਖੇਡਾਂ ਵਤਨ ਪੰਜਾਬ ਦੀਆਂ’ ਵਰਗੇ ਉਪਰਾਲਿਆਂ ਨਾਲ ਪਿੰਡਾਂ ਅਤੇ ਸ਼ਹਿਰਾਂ ਦੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਉੱਚ ਪੱਧਰ ’ਤੇ ਪਹੁੰਚਣ ਦੇ ਬਿਹਤਰ ਮੌਕੇ ਮਿਲ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਖੋਹ-ਖੋਹ ਦੇ ਪਹਿਲੇ ਦਿਨ ਦੇ ਮੁਕਾਬਲਿਆਂ ਵਿੱਚ ਵੱਖ-ਵੱਖ ਉਮਰ ਵਰਗਾਂ ਦੇ ਲਗਭਗ 1200 ਖਿਡਾਰੀਆਂ ਅਤੇ ਖਿਡਾਰਨਾਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਅੰਡਰ-14 ਲੜਕੀਆਂ ਦੇ ਵਰਗ ਵਿੱਚ ਮਾਨਸਾ ਦੀ ਟੀਮ ਨੇ ਅੰਮ੍ਰਿਤਸਰ ਦੀ ਟੀਮ ਨੂੰ 6 ਅੰਕਾਂ ਨਾਲ ਹਰਾਇਆ, ਜਦਕਿ ਫਰੀਦਕੋਟ ਦੀ ਟੀਮ ਨੇ ਗੁਰਦਾਸਪੁਰ ਦੀ ਟੀਮ ਨੂੰ 15 ਅੰਕਾਂ ਨਾਲ ਮਾਤ ਦਿੱਤੀ। ਅੰਡਰ-17 ਲੜਕੀਆਂ ਦੇ ਵਰਗ ਵਿੱਚ ਗੁਰਦਾਸਪੁਰ ਦੀ ਟੀਮ ਨੇ ਕਪੂਰਥਲਾ ਦੀ ਟੀਮ ਨੂੰ 4 ਅੰਕਾਂ ਨਾਲ ਹਰਾਇਆ। ਇਸੇ ਤਰ੍ਹਾਂ ਅੰਡਰ-17 ਲੜਕਿਆਂ ਦੇ ਵਰਗ ਵਿੱਚ ਰੂਪਨਗਰ ਦੀ ਖੋਹ-ਖੋਹ ਟੀਮ ਨੇ ਮਾਲੇਰਕੋਟਲਾ ਦੀ ਟੀਮ ਨੂੰ 5 ਅੰਕਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਖਿਡਾਰੀਆਂ ਦੀ ਵੱਡੀ ਸ਼ਮੂਲੀਅਤ ਪੰਜਾਬ ਦੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਵਧ ਰਹੇ ਉਤਸ਼ਾਹ ਨੂੰ ਦਰਸਾਉਂਦੀ ਹੈ। ਅਜਿਹੇ ਮੁਕਾਬਲੇ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤਿਭਾ ਨਿਖਾਰਨ ਦੇ ਨਾਲ-ਨਾਲ ਭਵਿੱਖ ਵਿੱਚ ਉੱਚ ਪੱਧਰੀ ਮੁਕਾਬਲਿਆਂ ਲਈ ਤਿਆਰ ਕਰਨ ਵਿੱਚ ਵੀ ਸਹਾਈ ਸਿੱਧ ਹੁੰਦੇ ਹਨ।