ਮੱਧ ਪ੍ਰਦੇਸ਼:9ਜੁਲਾਈ (ਛਤਰਪਾਲ ਸਿੰਘ):ਮੱਧ ਪ੍ਰਦੇਸ਼ ਦੇ ਉਮਰੀਆ ਜ਼ਿਲ੍ਹੇ ਵਿੱਚ ਵੀਰਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਰਾਸ਼ਟਰੀ ਰਾਜਮਾਰਗ-43 ‘ਤੇ ਤੇਜ਼ ਰਫ਼ਤਾਰ ਅਰਟਿਗਾ ਕਾਰ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਹਾਦਸਾ ਕੋਤਵਾਲੀ ਥਾਣਾ ਖੇਤਰ ਅਧੀਨ ਸਿਵਲ ਲਾਈਨਜ਼ ਪੁਲਿਸ ਚੌਕੀ ਨੇੜੇ ਵਾਪਰਿਆ। ਕਾਰ ਵਿੱਚ ਅਨੂਪਪੁਰ ਜ਼ਿਲ੍ਹੇ ਦੇ ਇੱਕ ਪਰਿਵਾਰ ਦੇ ਛੇ ਮੈਂਬਰ ਸਵਾਰ ਸਨ, ਜੋ ਧਾਰਮਿਕ ਯਾਤਰਾ ਲਈ ਚਿੱਤਰਕੂਟ ਜਾ ਰਹੇ ਸਨ। ਰਸਤੇ ਵਿੱਚ ਕਾਰ ਅਚਾਨਕ ਬੇਕਾਬੂ ਹੋ ਗਈ ਅਤੇ ਅੱਗੇ ਖੜ੍ਹੇ ਟਰੱਕ ਨਾਲ ਟਕਰਾ ਗਈ।
ਵਧੀਕ ਪੁਲਿਸ ਸੁਪਰਡੈਂਟ ਆਲੋਕ ਸ਼ਰਮਾ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਲੀਲਾ ਪਿੰਡ ਦੇ ਸਰਪੰਚ ਕੁਲਪਤ ਸਿੰਘ (37), ਉਨ੍ਹਾਂ ਦੀ ਪਤਨੀ ਅਤੇ ਹੈੱਡ ਕਾਂਸਟੇਬਲ ਸਵਿਤਾ ਸਿੰਘ ਮਾਰਕੋ (32), ਪ੍ਰਿਯੰਕਾ ਸਿੰਘ ਅਤੇ ਤਿੰਨ ਸਾਲਾ ਰੁਦਰ ਪ੍ਰਤਾਪ ਸ਼ਾਮਲ ਹਨ। ਹਾਦਸੇ ਤੋਂ ਬਾਅਦ ਮੌਕੇ ‘ਤੇ ਹੜਕੰਪ ਮਚ ਗਿਆ ਅਤੇ ਪੁਲਿਸ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕੀਤਾ।
ਪੁਲਿਸ ਨੇ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੁਖਦਾਈ ਘਟਨਾ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
