Home ਪੰਜਾਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 5...

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 5 ਤੋਂ 8 ਸਤੰਬਰ ਤੱਕ ਲਹਿਰਾ, ਸੰਗਰੂਰ, ਧੂਰੀ ਤੇ ਦਿੜ੍ਹਬਾ ’ਚ ਹੋਣਗੇ ਵਿਸ਼ੇਸ਼ ਸ਼ੋਅ

Special Shows to Mark 650th Prakash Purab of Sri Guru Ravidas Maharaj Ji

0
ਸੰਗਰੂਰ, 4 ਸਤੰਬਰ, 2026 (ਰਾਜੇਸ਼ ਸ਼ਰਮਾ) : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਸੰਗਰੂਰ ਵਾਸੀਆਂ ਨੂੰ ਆਧੁਨਿਕ ਤਕਨਾਲੋਜੀ ਅਤੇ ਅਧਿਆਤਮਿਕਤਾ ਦੇ ਸੁਮੇਲ ਦਾ ਵਿਲੱਖਣ ਅਨੁਭਵ ਦੇਣ ਲਈ 500 ਡਰੋਨਾਂ ਦੇ ਵਿਸ਼ੇਸ਼ ਸ਼ੋਅ ਕਰਵਾਏ ਜਾਣਗੇ। ਚਾਰ ਦਿਨਾਂ ਤੱਕ ਚੱਲਣ ਵਾਲੀ ਇਸ ਲੜੀ ਦੌਰਾਨ ਅਸਮਾਨ ਵਿੱਚ ਰੌਸ਼ਨੀਆਂ ਰਾਹੀਂ ਗੁਰੂ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਸਰਬੱਤ ਦੇ ਭਲੇ ਵਾਲੇ ਸੰਦੇਸ਼ ਦੀ ਝਲਕ ਪੇਸ਼ ਕੀਤੀ ਜਾਵੇਗੀ।  ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਖਚੈਨ ਸਿੰਘ ਪਾਪੜਾ ਨੇ ਦੱਸਿਆ ਕਿ ਪਹਿਲਾ ਸ਼ੋਅ 5 ਸਤੰਬਰ ਨੂੰ ਅਨਾਜ ਮੰਡੀ ਲਹਿਰਾ, ਦੂਜਾ 6 ਸਤੰਬਰ ਨੂੰ ਸਰਕਾਰੀ ਰਣਬੀਰ ਕਾਲਜ ਸੰਗਰੂਰ, ਤੀਜਾ 7 ਸਤੰਬਰ ਨੂੰ ਅਨਾਜ ਮੰਡੀ ਧੂਰੀ ਅਤੇ ਚੌਥਾ 8 ਸਤੰਬਰ ਨੂੰ ਦਿੜ੍ਹਬਾ ਅਨਾਜ ਮੰਡੀ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੈਂਕੜੇ ਡਰੋਨਾਂ ਦੀ ਤਾਲਮੇਲਬੱਧ ਉਡਾਣ ਰਾਹੀਂ ਆਕਾਸ਼ ਵਿੱਚ ਬਣਨ ਵਾਲੀਆਂ ਵੱਖ-ਵੱਖ ਆਕ੍ਰਿਤੀਆਂ ਅਤੇ ਰੌਸ਼ਨੀ ਦੇ ਰੰਗਾਂ ਰਾਹੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਰਾਬਰੀ, ਮਨੁੱਖਤਾ, ਸਾਂਝੀਵਾਲਤਾ ਅਤੇ ਸਮਾਜਿਕ ਏਕਤਾ ਦੀ ਵਿਚਾਰਧਾਰਾ ਨੂੰ ਦਰਸ਼ਕਾਂ ਤੱਕ ਪਹੁੰਚਾਇਆ ਜਾਵੇਗਾ। ਇਹ ਪੇਸ਼ਕਾਰੀ ਖ਼ਾਸ ਕਰਕੇ ਨੌਜਵਾਨਾਂ ਨੂੰ ਗੁਰੂ ਜੀ ਦੇ ਮਹਾਨ ਜੀਵਨ ਅਤੇ ਸੰਦੇਸ਼ ਨਾਲ ਜੋੜਨ ਦਾ ਪ੍ਰਭਾਵਸ਼ਾਲੀ ਮਾਧਿਅਮ ਬਣੇਗੀ। ਪਾਪੜਾ ਨੇ ਕਿਹਾ ਕਿ ਸਮਾਗਮਾਂ ਦੌਰਾਨ ਲੋਕਾਂ ਦੀ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਸ਼ਾਸਨ ਵੱਲੋਂ ਆਵਾਜਾਈ, ਸੁਰੱਖਿਆ, ਪਾਰਕਿੰਗ, ਬਿਜਲੀ, ਪਾਣੀ, ਸਫ਼ਾਈ ਅਤੇ ਬੈਠਣ ਸਮੇਤ ਲੋੜੀਂਦੀਆਂ ਵਿਵਸਥਾਵਾਂ ਨੂੰ ਸੁਚਾਰੂ ਬਣਾਇਆ ਜਾ ਰਿਹਾ ਹੈ।ਉਨ੍ਹਾਂ ਡਰੋਨਾਂ ਦੇ ਅਲੌਕਿਕ ਨਜ਼ਾਰੇ ਦੇ ਸਾਕਸ਼ੀ ਬਣਨ ਲਈ ਜ਼ਿਲ੍ਹਾ ਵਾਸੀਆਂ ਨੂੰ ਸੱਦਾ ਦਿੰਦਿਆ ਕਿਹਾ ਕਿ ਉਹ ਪਰਿਵਾਰਾਂ ਸਮੇਤ ਇਨ੍ਹਾਂ ਸ਼ੋਅਜ਼ ਦਾ ਹਿੱਸਾ ਬਣਨ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਸਾਂਝੀਆਂ ਕਰਨ।

Exit mobile version