ਸੰਗਰੂਰ, 13 ਅਗਸਤ, 2026 (ਹਰਸ਼ਪ੍ਰੀਤ ਕੌਰ) : ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਸਪੈਸ਼ਲ ਇੰਟੈਸਿਵ ਰਿਵੀਜ਼ਨ (ਐੱਸ.ਆਈ.ਆਰ.)-2026 ਦੇ ਸ਼ਡਿਊਲ ਅਨੁਸਾਰ ਪਹਿਲੇ ਪੜਾਅ ਤਹਿਤ ਇਸ ਜ਼ਿਲ੍ਹੇ ਦੇ ਸਮੂਹ ਬੀ.ਐੱਲ.ਓਜ਼ ਵੱਲੋਂ ਹਾਊਸ-ਟੂ-ਹਾਊਸ ਗਣਨਾ ਫਾਰਮਾਂ ਦੀ ਵੈਰੀਫਿਕੇਸ਼ਨ ਦਾ ਕੰਮ ਮਿਤੀ 03.08.2026 ਤਕ ਸਫਲਤਾਪੂਰਵਕ ਮੁਕੰਮਲ ਕੀਤਾ ਜਾ ਚੁੱਕਾ ਹੈ। ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਮਿਤੀ 13.08.2026 ਨੂੰ ਪ੍ਰਕਾਸ਼ਿਤ ਕੀਤੀ ਫੋਟੋ ਵੋਟਰ ਸੂਚੀ ਦੇ ਡਰਾਫਟ ਰੋਲ ਸਬੰਧੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਸੰਗੂਰਰ ਸ਼੍ਰੀਮਤੀ ਪੂਨਮਦੀਪ ਕੌਰ ਦੇ ਆਦੇਸ਼ਾਂ ਦੀ ਪਾਲਣਾ ਹਿਤ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ਸੰਗਰੂਰ ਸ਼੍ਰੀ ਅੰਕੁਰ ਮਹਿੰਦਰੂ ਵੱਲੋਂ ਜ਼ਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨ/ਸਕੱਤਰ/ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ।

ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਫੋਟੋ ਵੋਟਰ ਸੂਚੀਆਂ ਦੀ ਮਿਤੀ 13.08.2026 ਨੂੰ ਮੁੱਢਲੀ ਪ੍ਰਕਾਸ਼ਨਾ ਕਰਨ ਉਪਰੰਤ ਜ਼ਿਲ੍ਹੇ ਦੇ ਪੰਜ ਵਿਧਾਨ ਸਭਾ ਚੋਣ ਹਲਕਿਆਂ ਦੀ ਡਰਾਫਟ ਫੋਟੋ ਵੋਟਰ ਸੂਚੀ-2026 ਦਾ ਇੱਕ- ਇੱਕ ਕੰਪਲੀਟ ਸੈਟ ਸਮੇਤ ਬਗੈਰ ਫੋਟੋ ਵੋਟਰ ਸੂਚੀ ਦੀ ਸਾਫਟ ਕਾਪੀ ਮੀਟਿੰਗ ਦੌਰਾਨ ਜ਼ਿਲ੍ਹੇ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ ਅਥਾਰਿਟੀ ਪੱਤਰ ਰਾਹੀਂ ਦਿੱਤੀ ਜਾ ਚੁੱਕੀ ਹੈ।
ਵਧੀਕ ਜ਼ਿਲ੍ਹਾ ਚੋਣ ਅਫਸਰ ਵਲੋਂ ਦੱਸਿਆ ਗਿਆ ਕਿ ਅੱਜ ਮਿਤੀ 13.08.2026 ਪ੍ਰਕਾਸ਼ਿਤ ਡਰਾਫਟ ਫੋਟੋ ਵੋਟਰ ਸੂਚੀ ਮੁਤਾਬਿਕ ਇਸ ਜ਼ਿਲ੍ਹੇ ਵਿੱਚ ਕੁੱਲ ਵੋਟਰਾਂ ਦੀ ਗਿਣਤੀ 864592 ਹੈ। ਇਨ੍ਹਾਂ ਵਿੱਚੋਂ ਵਿਧਾਨ ਸਭਾ ਚੋਣ ਹਲਕਾ 099-ਲਹਿਰਾ ਵਿੱਚ 168830, 100-ਦਿੜ੍ਹਬਾ ਵਿੱਚ 178954, 101-ਸੁਨਾਮ ਵਿੱਚ 188631, 107-ਧੂਰੀ ਵਿੱਚ 154021 ਅਤੇ 108-ਸੰਗਰੂਰ ਵਿੱਚ 174156 ਵੋਟਰ ਹਨ, ਜਦੋਂਕਿ ਕੁੱਲ 53486 ਵੋਟਰ ਗੈਰ-ਹਾਜ਼ਰ ਪਾਏ ਜਾਣ ਕਾਰਨ ਉਨ੍ਹਾਂ ਦੇ ਗਣਨਾ ਫਾਰਮ ਇਕੱਤਰ ਨਹੀਂ ਹੋਏ। ਸੋ ਕੁੱਲ 53486 ਵੋਟਰਾਂ ਦਾ ਨਾਮ ਅੱਜ ਮਿਤੀ 13.08.2026 ਨੂੰ ਪ੍ਰਕਾਸ਼ਿਤ ਕੀਤੀ ਜਾ ਰਹੀ ਵੋਟਰ ਸੂਚੀ ਦੇ ਡਰਾਫਟ ਰੋਲ ਵਿੱਚ ਦਰਜ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਲਿੰਗ ਬੂਥਾਂ ਦੀ ਰੈਸ਼ਨਲਾਈਜੇਸ਼ਨ ਕਰਨ ਉਪਰੰਤ ਇਸ ਜ਼ਿਲ੍ਹੇ ਦੇ ਕੁੱਲ 36 ਪੋਲਿੰਗ ਬੂਥ ਹੋਰ ਨਵੇਂ ਸਥਾਪਿਤ ਕੀਤੇ ਗਏ ਹਨ, ਜਿਸ ਅਨੁਸਾਰ ਹੁਣ ਇਸ ਜ਼ਿਲ੍ਹੇ ਦੇ ਪੋਲਿੰਗ ਬੂਥਾਂ ਦੀ ਗਿਣਤੀ ਵੱਧ ਕੇ 1042 ਹੋ ਗਈ ਹੈ।
ਉਹਨਾਂ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਮਿਸ਼ਨ ਦੇ ਸ਼ਡਿਊਲ ਅਨੁਸਾਰ ਐੱਸ ਆਈ ਆਰ ਦੇ ਦੂਸਰੇ ਪੜਾਅ ਮੁਤਾਬਿਕ ਦਾਅਵੇ ਅਤੇ ਇਤਰਾਜ਼ ਮਿਤੀ 13.08.2026 ਤੋਂ ਲੈ ਕੇ ਮਿਤੀ 12.09.2026 ਤਕ ਪ੍ਰਾਪਤ ਕੀਤੇ ਜਾਣਗੇ ਅਤੇ ਪ੍ਰਾਪਤ ਹੋਏ ਦਾਅਵੇ ਤੇ ਇਤਰਾਜ਼ਾਂ ਦਾ ਮਿਤੀ 08.10.2026 ਤਕ ਨਿਪਟਾਰਾ ਕੀਤਾ ਜਾਵੇਗਾ। ਜਿਸ ਉਪਰੰਤ ਮਿਤੀ 12.10.2026 ਨੂੰ ਫੋਟੋ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕਰਵਾਈ ਜਾਵੇਗੀ।
ਮੀਟਿੰਗ ਦੌਰਾਨ ਸਮੂਹ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਡਰਾਫਟ ਫੋਟੋ ਵੋਟਰ ਸੂਚੀਆਂ ਸਪਲਾਈ ਕਰਦੇ ਹੋਏ ਵਧੀਕ ਜ਼ਿਲ੍ਹਾ ਚੋਣ ਅਫਸਰ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਵਲੋਂ ਇਹ ਵੋਟਰ ਸੂਚੀਆਂ ਚੰਗੀ ਤਰ੍ਹਾਂ ਚੈੱਕ ਕਰ ਲਈਆਂ ਜਾਣ ਅਤੇ ਜੇਕਰ ਕਿਸੇ ਯੋਗ ਵਿਅਕਤੀ ਦਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਹੋਣ ਤੋਂ ਰਹਿ ਗਿਆ ਹੈ ਜਾਂ ਕੋਈ ਸੋਧ ਕੀਤੀ ਜਾਣੀ ਹੈ, ਤਾਂ ਲੋਂੜੀਦਾ ਫਾਰਮ ਭਰ ਕੇ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਦੇ ਦਫਤਰ ਜਾਂ ਆਨ ਲਾਈਨ ਪੋਰਟਲ (voters.eci.gov.in) ‘ਤੇ ਅਪਲਾਈ ਕੀਤੇ ਜਾ ਸਕਦੇ ਹਨ।
ਇਸ ਤੋਂ ਇਲਾਵਾ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਮੀਟਿੰਗ ਸਮੇਂ ਇਹ ਵਿਸ਼ੇਸ ਤੌਰ ‘ਤੇ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਆਮ ਜਨਤਾ ਅਤੇ ਵੋਟਰਾਂ ਦੀ ਸੁਵਿਧਾ ਲਈ ਜ਼ਿਲ੍ਹਾ ਚੋਣ ਦਫਤਰ, ਸੰਗਰੂਰ ਦੇ 1950 ਟੋਲ ਫ੍ਰੀ ਨੰਬਰ ‘ਤੇ ਵੋਟਾਂ ਦੇ ਕੰਮ ਸਬੰਧੀ ਕਿਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ, ਕੋਈ ਸੁਝਾਅ ਦੇਣ ਜਾਂ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਦੇਣ ਸਬੰਧੀ 1950 ਟੋਲ ਫ੍ਰੀ ਨੰਬਰ ‘ਤੇ ਕਾਲ ਕੀਤਾ ਜਾ ਸਕਦਾ ਹੈ।
ਇਸ ਮੀਟਿੰਗ ਵਿੱਚ ਸ਼੍ਰੀ ਸਤਿਗੁਰ ਸਿੰਘ, ਬਹੁਜਨ ਸਮਾਜ ਪਾਰਟੀ, ਸ਼੍ਰੀ ਪਵਿੱਤਰ ਸਿੰਘ, ਬਹੁਜਨ ਸਮਾਜ ਪਾਰਟੀ, ਸ਼੍ਰੀ ਚਮਕੌਰ ਸਿੰਘ, ਸੀ.ਪੀ.ਆਈ.(ਐੱਮ), ਸ਼੍ਰੀ ਸੰਦੀਪ ਕੁਮਾਰ, ਆਮ ਆਦਮੀ ਪਾਰਟੀ, ਸ਼੍ਰੀ ਰੌਕੀ ਬਾਂਸਲ ਇੰਡੀਅਨ ਨੈਸ਼ਨਲ ਕਾਂਗਰਸ, ਸ਼੍ਰੀ ਗੁਰਨੈੱਬ ਸਿੰਘ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) , ਸ਼੍ਰੀ ਸ਼ੇਰ ਸਿੰਘ ਬੱਲੇਵਾਲ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਸ਼੍ਰੀ ਰਾਜਬੀਰ ਸਿੰਘ, ਸਹਾਇਕ ਕਮਿਸ਼ਨਰ (ਜ), ਸੰਗਰੂਰ ਅਤੇ ਸ਼੍ਰੀਮਤੀ ਪਰਮਜੀਤ ਕੌਰ, ਚੋਣ ਤਹਿਸੀਲਦਾਰ ਹਾਜ਼ਰ ਸਨ।