ਅਮਲੋਹ/ਫਤਹਿਗੜ੍ਹ ਸਾਹਿਬ,17 ਸਤੰਬਰ, 2026 ( ਗੁਰਮੀਤ ਸਿੰਘ ਤੁੰਗ) : ਜ਼ਿਲ੍ਹੇ ਦੇ ਬਲਾਕ ਅਮਲੋਹ ਦੇ ਪਿੰਡ ਸਲਾਣਾ ਜੀਵਨ ਸਿੰਘ ਵਾਲਾ ਦਾ ਅਗਾਂਹਵਧੂ ਕਿਸਾਨ ਸ੍ਰੀ ਸਿਮਰਨਜੀਤ ਸਿੰਘ, ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਉਣ ਵਿੱਚ ਆਪਣਾ ਸ਼ਲਾਘਾਯੋਗ ਯੋਗਦਾਨ ਪਾ ਰਿਹਾ ਹੈ। ਅਗਾਂਹਵਧੂ ਕਿਸਾਨ ਆਪਣੇ ਪਿਤਾ ਪੁਰਖੀ ਕਿੱਤੇ ਨੂੰ ਅੱਗੇ ਵਧਾਉਂਦੇ ਹੋਏ ਜੈਵਿਕ ਖੇਤੀ ਵਿੱਚ ਨਵੀਆਂ ਮਿਸਾਲਾਂ ਪੇਸ਼ ਕਰ ਰਿਹਾ ਹੈ। ਮਲੋਟ, ਸ੍ਰੀ ਮੁਕਤਸਰ ਸਾਹਿਬ ਵਿਖੇ ਹੋਏ ਰਾਜ ਪੱਧਰੀ ਕਿਸਾਨ ਮੇਲੇ ਵਿੱਚ ਖੇਤੀਬਾੜੀ ਮੰਤਰੀ, ਪੰਜਾਬ ਸ੍ਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਨਵੀਨਤਮ ਤਕਨੀਕਾਂ ਅਪਨਾ ਕੇ ਖੇਤੀ ਕਰਨ ਵਾਲੇ ਅਗਾਂਹਵਧੂ ਸਿਮਰਨਜੀਤ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਹੈ।

ਅਗਾਂਹਵਧੂ ਕਿਸਾਨ ਸ੍ਰੀ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 10 ਸਾਲਾਂ ਤੋਂ 15 ਕਿਲਿਆਂ ਵਿੱਚ ਫਸਲਾਂ ਦੀ ਰਹਿੰਦ ਖੂਹੰਦ ਨੂੰ ਬਿਨਾਂ ਅੱਗ ਲਗਾਏ ਜੈਵਿਕ ਖੇਤੀ ਕਰਕੇ ਨਾ ਕੇਵਲ ਵੱਧ ਮੁਨਾਫਾ ਕਮਾ ਰਿਹਾ ਹੈ ਸਗੋਂ ਲੋਕਾਂ ਨੂੰ ਜਹਿਰ ਮੁਕਤ ਫਸਲ ਪੈਦਾ ਕਰਕੇ ਪੌਸ਼ਟਿਕ ਅਹਾਰ ਵੀ ਮੁਹੱਈਆ ਕਰਵਾ ਰਿਹਾ ਹੈ। ਕਿਸਾਨ ਸਿਮਰਨਜੀਤ ਸਿੰਘ ਫਸਲੀ ਵਿਭਿੰਨਤਾ ਨੂੰ ਮਹੱਤਤਾ ਦਿੰਦੇ ਹੋਏ ਜੈਵਿਕ ਬਾਸਮਤੀ 1509 ਤੇ 1121, ਸਰੋਂ, ਸੋਇਆਬੀਨ, ਹਲਦੀ, ਕਾਲੀ ਕਣਕ, ਚਪਾਤੀ ਨੰ.1 ਕਣਕ, ਮੂੰਗੀ, ਮਾਹ, ਛੋਲੇ, ਕੰਗਣੀ, ਕੋਧਰਾ, ਆਰਗੈਨਿਕ ਪਿਆਜ, ਜੌਂ, ਚਿੱਟੇ ਤਿਲ, ਅਤੇ ਨੇਪੀਅਰ ਬਾਜਰਾ ਵੀ ਬੀਜਦਾ ਹੈ। ਇਹ ਕਿਸਾਨ ਜੀ.ਐ.ਸੀ.7 ਸਰ੍ਹੋਂ ਦੀ ਪ੍ਰੋਸੈਸਿੰਗ ਕਰਕੇ ਤੇਲ ਤੇ ਪਸ਼ੂਆਂ ਦੀ ਖਲ੍ਹ ਤਿਆਰ ਕਰਦਾ ਹੈ। ਹਲਦੀ-ਪੰਜਾਬ ਨੰ 1, ਸੁਗੰਧ ਹਲਦੀ, ਕਾਲੀ ਹਲਦੀ, ਹਲਦੀ-ਪੰਜਾਬ ਨੰ 1 ਦਾ ਬੀਜ ਤਿਆਰ ਕਰਕੇ ਅਤੇ ਹਲਦੀ ਦੀ ਪ੍ਰੋਸੈਸਿੰਗ ਕਰਕੇ ਸ਼ੁੱਧ ਜੈਵਿਕ ਹਲਦੀ ਤਿਆਰ ਕਰਕੇ ਵੇਚ ਕੇ ਚੰਗਾ ਮੁਨਾਫਾ ਕਮਾ ਰਿਹਾ ਹੈ।
ਸਿਮਰਨਜੀਤ ਸਿੰਘ ਆਪ ਹੀ ਗੰਡੋਇਆ ਖਾਦ ਤਿਆਰ ਕਰਦਾ ਹੈ ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ। ਇਹ ਕਿਸਾਨ ਮੀਂਹ ਦੇ ਪਾਣੀ ਨੂੰ ਪੁਰਾਣੇ ਖੂਹ ਵਿੱਚ ਇਕੱਠਾ ਕਰਕੇ ਵਾਟਰ ਰੀਚਾਰਜਿੰਗ ਕਰਦਾ ਹੈ। ਅਗਾਂਹਵਧੂ ਕਿਸਾਨ ਹਰਪ੍ਰੀਤ ਸਿੰਘ ਨੇ ਹੋਰਨਾ ਕਿਸਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਧਰਤੀ ਦੀ ਸੰਭਾਲ ਲਈ ਪਰਾਲੀ ਨੂੰ ਖੇਤ ਵਿੱਚ ਰਲਾਉਣਾ ਅਤੇ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕਰਨਾ ਸਮੇਂ ਦੀ ਲੋੜ ਹੈ, ਕਿਉਂਕਿ ਵਾਤਾਵਰਨ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਲਈ ਜੇਕਰ ਅਸੀਂ ਹੁਣ ਤੋਂ ਵੀ ਸੁਚੇਤ ਨਾ ਹੋਏ ਤਾਂ ਸਾਨੂੰ ਭਵਿੱਖ ਵਿੱਚ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ।