ਪਟਿਆਲਾ, 31 ਅਗਸਤ, 2026 (ਦੀਪਕ ਦੱਤਾ) : ਸ਼੍ਰੀ ਸਨਾਤਨ ਧਰਮ ਸਭਾ (ਰਜਿ.) ਪਟਿਆਲਾ ਦੀ ਇੱਕ ਮੀਟਿੰਗ ਪ੍ਰਧਾਨ ਸ਼੍ਰੀ ਲਾਲ ਚੰਦ ਜਿੰਦਲ ਜੀ ਦੀ ਪ੍ਰਧਾਨਗੀ ਹੇਠ ਸ਼੍ਰੀ ਸਨਾਤਨ ਧਰਮ ਭਵਨ, ਆਰੀਆ ਸਮਾਜ ਚੌਕ ਵਿਖੇ ਹੋਈ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਸ਼੍ਰੀ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ 4 ਸਤੰਬਰ 2026 ਨੂੰ ਮਨਾਇਆ ਜਾਵੇਗਾ। ਸ਼੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਸ਼੍ਰੀ ਲਾਲ ਚੰਦ ਜਿੰਦਲ ਨੇ ਸਾਰੀਆਂ ਧਾਰਮਿਕ ਸੰਸਥਾਵਾਂ ਅਤੇ ਮੰਦਰ ਕਮੇਟੀਆਂ ਨੂੰ ਅਪੀਲ ਕੀਤੀ ਕਿ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ 4 ਸਤੰਬਰ ਨੂੰ ਹੀ ਮਨਾਇਆ ਜਾਵੇ। ਉਨ੍ਹਾਂ ਦੱਸਿਆ ਕਿ ਅਸ਼ਟਮੀ 4 ਸਤੰਬਰ ਦੀ ਸ਼ਾਮ ਨੂੰ ਸ਼ੁਰੂ ਹੋਵੇਗੀ, ਜਦਕਿ 5 ਸਤੰਬਰ ਦੀ ਸ਼ਾਮ ਨੂੰ ਨਵਮੀ ਸ਼ੁਰੂ ਹੋ ਜਾਵੇਗੀ। ਇਸ ਲਈ 5 ਸਤੰਬਰ ਨੂੰ ਜਨਮ ਅਸ਼ਟਮੀ ਮਨਾਉਣ ਨਾਲ ਇਹ ਨਵਮੀ ਤਿਥੀ ਵਿੱਚ ਆਵੇਗੀ। ਉਨ੍ਹਾਂ ਅੱਗੇ ਦੱਸਿਆ ਕਿ 4 ਸਤੰਬਰ ਨੂੰ ਰੋਹਿਣੀ ਨਕਸ਼ਤਰ ਵੀ ਹੈ। ਧਾਰਮਿਕ ਮਾਨਤਾ ਅਨੁਸਾਰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਵੀ ਰੋਹਿਣੀ ਨਕਸ਼ਤਰ ਵਿੱਚ ਹੋਇਆ ਸੀ। ਇਸ ਲਈ 4 ਸਤੰਬਰ ਦਾ ਸਮਾਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਅਵਤਾਰ ਦਿਵਸ ਨੂੰ ਮਨਾਉਣ ਲਈ ਬਹੁਤ ਹੀ ਉੱਤਮ ਹੈ।

ਸ਼੍ਰੀ ਸਨਾਤਨ ਧਰਮ ਸਭਾ ਵੱਲੋਂ ਐਸ.ਡੀ.ਐਸ.ਈ. ਸੀਨੀਅਰ ਸੈਕੰਡਰੀ ਸਕੂਲ ਵਿਖੇ ਰਾਤ 8 ਵਜੇ ਬਹੁਤ ਹੀ ਮਨਮੋਹਕ ਝਾਕੀਆਂ ਸਜਾਈਆਂ ਜਾਣਗੀਆਂ। ਇਸ ਤੋਂ ਬਾਅਦ ਸ਼੍ਰੀ ਸਨਾਤਨ ਧਰਮ ਮੰਦਰ ਵਿੱਚ ਸ਼੍ਰੀ ਰਾਧਾ-ਕ੍ਰਿਸ਼ਨ ਜੀ ਦੇ ਭਜਨ ਗਾਏ ਜਾਣਗੇ ਅਤੇ ਪ੍ਰਸਾਦ ਵੰਡਿਆ ਜਾਵੇਗਾ। ਇਸ ਤੋਂ ਇਲਾਵਾ ਸਵੇਰੇ 9 ਵਜੇ ਸ਼੍ਰੀ ਸਨਾਤਨ ਧਰਮ ਮੰਦਰ ਵਿਖੇ ਗੀਤਾ ਪਾਠ ਵੀ ਕਰਵਾਇਆ ਜਾਵੇਗਾ। ਸਭਾ ਵੱਲੋਂ ਪਟਿਆਲਾ ਸ਼ਹਿਰ ਦੇ ਸਮੂਹ ਧਰਮ ਪ੍ਰੇਮੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਪਵਿੱਤਰ ਮੌਕੇ ’ਤੇ ਸਮਾਗਮ ਵਿੱਚ ਸ਼ਾਮਲ ਹੋ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਸ਼੍ਰੀ ਸਨਾਤਨ ਧਰਮ ਸਭਾ (ਰਜਿ.) ਪਟਿਆਲਾ ਦੇ ਪ੍ਰਧਾਨ ਸ਼੍ਰੀ ਲਾਲ ਚੰਦ ਜਿੰਦਲ, ਚੇਅਰਮੈਨ ਡਾ. ਰਾਜਿੰਦਰ ਕੁਮਾਰ, ਉਪ ਪ੍ਰਧਾਨ ਸ਼੍ਰੀ ਐਨ.ਕੇ. ਜੈਨ, ਸ਼੍ਰੀ ਪਵਨ ਕੁਮਾਰ ਜਿੰਦਲ, ਸ਼੍ਰੀ ਰਾਕੇਸ਼ ਕੁਮਾਰ, ਸ਼੍ਰੀ ਤ੍ਰਿਭੁਵਨ ਗੁਪਤਾ, ਮਹਾਮੰਤਰੀ ਅਨਿਲ ਗੁਪਤਾ, ਧਰਮ ਪ੍ਰਚਾਰ ਸਕੱਤਰ ਡਾ. ਐਨ.ਕੇ. ਸ਼ਰਮਾ, ਪ੍ਰੈਸ ਸਕੱਤਰ ਧੀਰਜ ਅਗਰਵਾਲ, ਰਾਜ ਕੁਮਾਰ ਜੋਸ਼ੀ, ਵਿਵੇਕਸ਼ੀਲ ਗੋਇਲ, ਸੰਜੀਵ ਕੁਮਾਰ ਗੁਪਤਾ ਅਤੇ ਐਸ.ਡੀ.ਐਸ.ਈ. ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਰਿਪੁਦਮਨ ਸਿੰਘ ਸਮੇਤ ਹੋਰ ਮੈਂਬਰ ਹਾਜ਼ਰ ਸਨ।