ਪਟਿਆਲਾ, 24 ਸਤੰਬਰ 2026 (ਜਗਜੀਤ ਸਿੰਘ): ਸ਼੍ਰੀ ਸਨਾਤਨ ਧਰਮ ਸਭਾ ਪਟਿਆਲਾ ਵੱਲੋਂ ਕਿਲ੍ਹਾ ਚੌਕ ਪਟਿਆਲਾ ਵਿਖੇ ਸ਼੍ਰੀ ਵਾਮਨ ਦਵਾਦਸ਼ੀ ਦਾ ਤਿਉਹਾਰ ਸਭਾ ਦੇ ਪ੍ਰਧਾਨ ਲਾਲ ਚੰਦ ਜਿੰਦਲ ਦੀ ਅਗਵਾਈ ਹੇਠ ਬੜੀ ਧੂਮਧਾਮ ਅਤੇ ਧਾਰਮਿਕ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸਭਾ ਵੱਲੋਂ ਕਿਲ੍ਹਾ ਚੌਕ ਵਿਖੇ ਵਿਸ਼ਾਲ ਮੰਚ ਸਜਾਇਆ ਗਿਆ। ਸ਼੍ਰੀ ਸਨਾਤਨ ਧਰਮ ਸਭਾ ਪਟਿਆਲਾ ਦੇ ਪ੍ਰਧਾਨ ਲਾਲ ਚੰਦ ਜਿੰਦਲ ਅਤੇ ਅਹੁਦੇਦਾਰਾਂ ਵੱਲੋਂ ਜੋਤੀ ਪ੍ਰਚੰਡ ਕਰਕੇ ਅਤੇ ਪੂਜਾ-ਅਰਚਨਾ ਉਪਰੰਤ ਭਗਵਾਨ ਸ਼੍ਰੀ ਵਾਮਨ ਜੀ ਦੇ ਚਿੱਤਰ ’ਤੇ ਫੁੱਲਾਂ ਦੀ ਮਾਲਾ ਅਰਪਿਤ ਕਰਕੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਮੇਲੇ ਦਾ ਸ਼ੁਭ ਆਰੰਭ ਕੀਤਾ ਗਿਆ।
ਸ਼੍ਰੀ ਸਨਾਤਨ ਧਰਮ ਸਭਾ ਪਟਿਆਲਾ ਦੇ ਪ੍ਰਧਾਨ ਅਤੇ ਮੈਂਬਰਾਂ ਵੱਲੋਂ ਸਮਾਗਮ ਵਿੱਚ ਪਹੁੰਚੀ ਭਾਰਤੀ ਜਨਤਾ ਪਾਰਟੀ ਪੰਜਾਬ ਇਕਾਈ ਦੀ ਮਹਿਲਾ ਮੋਰਚਾ ਪ੍ਰਧਾਨ ਬੀਬਾ ਜੈ ਇੰਦਰ ਕੌਰ, ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸਮਾਜ ਸੇਵਕਾਂ ਨੂੰ ਮੰਚ ’ਤੇ ਸੱਦ ਕੇ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਵਾਰ ਸ਼ਹਿਰ ਵਾਸੀਆਂ ਵਿੱਚ ਇਸ ਤਿਉਹਾਰ ਨੂੰ ਮਨਾਉਣ ਲਈ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਸ਼੍ਰੀ ਸਨਾਤਨ ਧਰਮ ਸਭਾ ਪਟਿਆਲਾ ਦੇ ਪ੍ਰਧਾਨ ਲਾਲ ਚੰਦ ਜਿੰਦਲ ਦੀ ਅਗਵਾਈ ਹੇਠ ਅਤੇ ਸੀਨੀਅਰ ਮੀਤ ਪ੍ਰਧਾਨ ਵਿਜੇ ਮੋਹਨ ਗੁਪਤਾ, ਮੀਤ ਪ੍ਰਧਾਨ ਨਰੇਸ਼ ਕੁਮਾਰ ਜੈਨ, ਰਾਕੇਸ਼ ਕੁਮਾਰ, ਪਵਨ ਜਿੰਦਲ, ਤ੍ਰਿਭੁਵਨ ਗੁਪਤਾ, ਜਨਰਲ ਸਕੱਤਰ ਅਨਿਲ ਗੁਪਤਾ ਅਤੇ ਧਰਮ ਪ੍ਰਚਾਰ ਮੰਤਰੀ ਐੱਨ. ਕੇ. ਸ਼ਰਮਾ ਵੱਲੋਂ ਸ਼੍ਰੀ ਵਾਮਨ ਦਵਾਦਸ਼ੀ ਦੇ ਮੌਕੇ ’ਤੇ ਪ੍ਰਦਰਸ਼ਨ ਕਰਨ ਵਾਲੀਆਂ ਝਾਕੀਆਂ, ਟਿੱਪਰੀਆਂ ਅਤੇ ਹਿੰਡੋਲਿਆਂ ਆਦਿ ਨੂੰ ਸਨਮਾਨਿਤ ਕੀਤਾ ਗਿਆ।
ਸਾਲ 1894 ਵਿੱਚ ਸਥਾਪਿਤ ਸ਼੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਲਾਲ ਚੰਦ ਜਿੰਦਲ ਨੇ ਦੱਸਿਆ ਕਿ ਇਸ ਇਤਿਹਾਸਕ ਸੰਸਥਾ ਵੱਲੋਂ ਪਿਛਲੇ ਕਈ ਸਾਲਾਂ ਤੋਂ ਸ਼੍ਰੀ ਵਾਮਨ ਦਵਾਦਸ਼ੀ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਧਾਰਮਿਕ ਸ਼ਰਧਾ ਨਾਲ ਮਨਾਇਆ ਜਾਂਦਾ ਰਿਹਾ ਹੈ। ਇਸੇ ਪਰੰਪਰਾ ਨੂੰ ਜਾਰੀ ਰੱਖਦਿਆਂ ਇਸ ਵਾਰ ਵੀ ਇਹ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਸਭਾ ਦੇ ਹੋਰ ਮੈਂਬਰਾਂ ਵਿੱਚ ਧੀਰਜ ਅਗਰਵਾਲ, ਮੁਕੇਸ਼ ਪੁਰੀ, ਰਾਜਕੁਮਾਰ ਜੋਸ਼ੀ, ਦਿਨੇਸ਼ ਜਿੰਦਲ ਅਤੇ ਪ੍ਰਿੰਸੀਪਲ ਸ੍ਰੀ ਰਿਪੁਦਮਨ ਸਿੰਘ ਸਮੇਤ ਐੱਸ.ਡੀ.ਐੱਸ.ਈ. ਸਕੂਲ ਦੇ ਸਮੂਹ ਸਟਾਫ਼ ਮੈਂਬਰ ਵੀ ਮੌਜੂਦ ਰਹੇ।







