Home ਦੇਸ਼ ਸ਼ਰਦ ਪਵਾਰ ਦੀ ਸਿਹਤ ਵਿੱਚ ਸੁਧਾਰ, ਹਾਲਤ ਸਥਿਰ; ਪਰਿਵਾਰਕ ਦੋਸਤ ਨੇ ਕਿਹਾ-...

ਸ਼ਰਦ ਪਵਾਰ ਦੀ ਸਿਹਤ ਵਿੱਚ ਸੁਧਾਰ, ਹਾਲਤ ਸਥਿਰ; ਪਰਿਵਾਰਕ ਦੋਸਤ ਨੇ ਕਿਹਾ- ਸਾਰਿਆਂ ਨਾਲ ਕਰ ਰਹੇ ਹਨ ਗੱਲਬਾਤ

Sharad Pawar's Health Stable, Showing Improvement and Interacting with Family Members, Says Family Friend

0

ਛਾਤੀ ਵਿੱਚ ਹਲਕੀ ਇਨਫੈਕਸ਼ਨ ਕਾਰਨ ਪੁਣੇ ਦੇ ਹਸਪਤਾਲ ਵਿੱਚ ਕਰਵਾਇਆ ਗਿਆ ਦਾਖ਼ਲ, ਡਾਕਟਰਾਂ ਨੇ ਦੋ ਦਿਨ ਨਿਗਰਾਨੀ ਹੇਠ ਰੱਖਣ ਦਾ ਲਿਆ ਫ਼ੈਸਲਾ

ਪੁਣੇ, 3 ਨਵੰਬਰ, 2026 (ਚੌਧਰੀ ਪ੍ਰਭਜੀਤ ਸਿੰਘ ) : ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦਚੰਦਰ ਪਵਾਰ) ਦੇ ਮੁਖੀ ਅਤੇ ਸੀਨੀਅਰ ਆਗੂ ਸ਼ਰਦ ਪਵਾਰ ਦੀ ਸਿਹਤ ਨੂੰ ਲੈ ਕੇ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਦੀ ਸਿਹਤ ਹੁਣ ਸਥਿਰ ਹੈ ਅਤੇ ਉਹ ਪਹਿਲਾਂ ਨਾਲੋਂ ਬਿਹਤਰ ਮਹਿਸੂਸ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਹਸਪਤਾਲ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਅਤੇ ਹੋਰ ਲੋਕਾਂ ਨਾਲ ਗੱਲਬਾਤ ਵੀ ਕਰ ਰਹੇ ਹਨ। ਪੁਣੇ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੇ ਪਰਿਵਾਰਕ ਦੋਸਤ ਵਿਠਲ ਮਣਿਆਰ ਨੇ ਦੱਸਿਆ ਕਿ ਮੌਸਮ ਵਿੱਚ ਆਏ ਬਦਲਾਅ ਕਾਰਨ ਸ਼ਰਦ ਪਵਾਰ ਨੂੰ ਜ਼ੁਕਾਮ ਅਤੇ ਖੰਘ ਹੋ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਛਾਤੀ ਵਿੱਚ ਹਲਕੀ ਇਨਫੈਕਸ਼ਨ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਜਾਂਚ ਲਈ ਹਸਪਤਾਲ ਲਿਆਂਦਾ ਗਿਆ। ਮਣਿਆਰ ਅਨੁਸਾਰ ਡਾਕਟਰਾਂ ਨੇ ਸਾਰੇ ਜ਼ਰੂਰੀ ਟੈਸਟ ਕੀਤੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਚਿੰਤਾਜਨਕ ਗੱਲ ਸਾਹਮਣੇ ਨਹੀਂ ਆਈ। ਉਨ੍ਹਾਂ ਕਿਹਾ ਕਿ ਇਨਫੈਕਸ਼ਨ ਮਾਮੂਲੀ ਹੈ ਅਤੇ ਦਵਾਈਆਂ ਤੇ ਆਰਾਮ ਨਾਲ ਠੀਕ ਹੋ ਜਾਵੇਗੀ। ਫਿਲਹਾਲ ਸ਼ਰਦ ਪਵਾਰ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਡਾਕਟਰਾਂ ਨੇ ਸਾਵਧਾਨੀ ਵਜੋਂ ਸ਼ਰਦ ਪਵਾਰ ਨੂੰ ਦੋ ਦਿਨਾਂ ਲਈ ਡਾਕਟਰੀ ਨਿਗਰਾਨੀ ਹੇਠ ਰੱਖਣ ਦਾ ਫ਼ੈਸਲਾ ਕੀਤਾ ਹੈ।

ਰੂਬੀ ਹਾਲ ਕਲੀਨਿਕ ਵੱਲੋਂ ਵੀ ਸਿਹਤ ਸਥਿਰ ਹੋਣ ਦੀ ਪੁਸ਼ਟੀ

ਇਸ ਤੋਂ ਪਹਿਲਾਂ ਸ਼ਰਦ ਪਵਾਰ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਪੁਣੇ ਦੇ ਰੂਬੀ ਹਾਲ ਕਲੀਨਿਕ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਹਸਪਤਾਲ ਵੱਲੋਂ ਜਾਰੀ ਅਧਿਕਾਰਤ ਬਿਆਨ ਅਨੁਸਾਰ ਉਨ੍ਹਾਂ ਨੂੰ ਆਮ ਸਿਹਤ ਜਾਂਚ ਅਤੇ ਡਾਕਟਰੀ ਨਿਗਰਾਨੀ ਲਈ ਦਾਖ਼ਲ ਕੀਤਾ ਗਿਆ ਹੈ। ਰੂਬੀ ਹਾਲ ਕਲੀਨਿਕ ਦੇ ਮੁੱਖ ਕਾਰਡੀਓਲੋਜਿਸਟ, ਚੇਅਰਮੈਨ ਅਤੇ ਮੈਨੇਜਿੰਗ ਟਰੱਸਟੀ ਡਾ. ਪਰਵੇਜ਼ ਕੇ. ਗ੍ਰਾਂਟ ਨੇ ਕਿਹਾ ਕਿ ਸ਼ਰਦ ਪਵਾਰ ਦੀ ਹਾਲਤ ਵਿੱਚ ਸੁਧਾਰ ਹੋਣ ਦੀ ਉਮੀਦ ਹੈ ਅਤੇ ਸਾਵਧਾਨੀ ਵਜੋਂ ਉਨ੍ਹਾਂ ਨੂੰ ਡਾਕਟਰੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਉਨ੍ਹਾਂ ਦੀ ਧੀ ਅਤੇ ਲੋਕ ਸਭਾ ਮੈਂਬਰ ਸੁਪ੍ਰੀਆ ਸੁਲੇ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਨੂੰ ਖੰਘ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੇ ਸਾਰੇ ਸਿਹਤ ਮਾਪਦੰਡ ਸਥਿਰ ਹਨ ਅਤੇ ਡਾਕਟਰਾਂ ਵੱਲੋਂ ਰੁਟੀਨ ਜਾਂਚ ਕੀਤੀ ਜਾ ਰਹੀ ਹੈ।

ਕਿਸਾਨਾਂ ਦੀਆਂ ਸਮੱਸਿਆਵਾਂ ਜਾਣਨ ਲਈ ਪਿੰਡ ਦਾ ਕੀਤਾ ਸੀ ਦੌਰਾ

ਜ਼ਿਕਰਯੋਗ ਹੈ ਕਿ 1 ਨਵੰਬਰ ਨੂੰ ਸ਼ਰਦ ਪਵਾਰ ਨੇ ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਦੀ ਮਾਢਾ ਤਹਿਸੀਲ ਦੇ ਤੁਲਸ਼ੀ ਪਿੰਡ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਇਲਾਕੇ ਵਿੱਚ ਸੋਕੇ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਪ੍ਰਭਾਵਿਤ ਕਿਸਾਨਾਂ ਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਪੇਂਡੂ ਖੇਤਰਾਂ ਵਿੱਚ ਵਧ ਰਹੀਆਂ ਮੁਸ਼ਕਲਾਂ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਸੀ ਕਿ ਕਿਸਾਨਾਂ ਅਤੇ ਖੇਤੀਬਾੜੀ ਮਜ਼ਦੂਰਾਂ ਨੂੰ ਤੁਰੰਤ ਰਾਹਤ ਦੇਣ ਲਈ ਪ੍ਰਸ਼ਾਸਨ ਅਤੇ ਸਮਾਜ ਨੂੰ ਮਿਲ ਕੇ ਯਤਨ ਕਰਨ ਦੀ ਲੋੜ ਹੈ।

 

Exit mobile version