PAU ਦੇ ਵਿਦਵਾਨਾਂ, ਖੇਤੀ ਮਾਹਿਰਾਂ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਸਾਂਝੇ ਕੀਤੇ ਨਵੇਂ ਰਾਹ
ਲੁਧਿਆਣਾ, 15 ਸਤੰਬਰ 2026, (ਹਰਸ਼ਪ੍ਰੀਤ ਕੌਰ) : ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਗੁਰੂ ਰਾਮਦਾਸ ਸੈਂਟਰ ਫਾਰ ਇਕਨਾਮਿਕ ਗ੍ਰੋਥ ਵੱਲੋਂ “Empowering Youth through Agribusiness” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਪੰਜਾਬ ਦੇ ਨੌਜਵਾਨਾਂ ਨੂੰ ਰਵਾਇਤੀ ਖੇਤੀ ਤੋਂ ਅੱਗੇ ਵਧ ਕੇ ਤਕਨਾਲੋਜੀ, ਉਦਯਮਤਾ, ਪ੍ਰੋਸੈਸਿੰਗ, ਬ੍ਰਾਂਡਿੰਗ ਅਤੇ ਮਾਰਕੀਟਿੰਗ ਨਾਲ ਜੋੜਨ ’ਤੇ ਜ਼ੋਰ ਦਿੱਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਗੁਰਬਾਣੀ ਦੀ ਪੰਕਤੀ “ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ॥” ਦੇ ਉਚਾਰਨ ਨਾਲ ਹੋਈ। ਬੁਲਾਰਿਆਂ ਨੇ ਕਿਹਾ ਕਿ ਖੇਤੀਬਾੜੀ ਸਿਰਫ਼ ਰੋਜ਼ੀ-ਰੋਟੀ ਦਾ ਸਾਧਨ ਨਹੀਂ, ਸਗੋਂ ਨੌਜਵਾਨਾਂ ਲਈ ਰੁਜ਼ਗਾਰ ਅਤੇ ਵੱਡੇ ਕਾਰੋਬਾਰੀ ਮੌਕਿਆਂ ਦਾ ਖੇਤਰ ਬਣ ਸਕਦੀ ਹੈ। ਸੈਮੀਨਾਰ ਦੇ ਮੁੱਖ ਮਹਿਮਾਨ ਅਤੇ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਦੇ ਸਾਬਕਾ ਚਾਂਸਲਰ ਡਾ. ਐੱਸ.ਐੱਸ. ਜੌਹਲ ਨੇ ਕਿਹਾ ਕਿ ਖੇਤੀ ਨੀਤੀਆਂ ਨੂੰ ਲੋਕ-ਭਲਾਈ ਅਤੇ ਪੇਂਡੂ ਰੁਜ਼ਗਾਰ ਪੈਦਾ ਕਰਨ ਨਾਲ ਜੋੜਨਾ ਜ਼ਰੂਰੀ ਹੈ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਦੇ ਸਾਬਕਾ ਵਾਈਸ-ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਪੰਜਾਬ ਦੀ ਖੇਤੀ ਦਾ ਭਵਿੱਖ ਆਧੁਨਿਕ ਤਕਨਾਲੋਜੀ, ਵਿਗਿਆਨਕ ਗਿਆਨ, ਵੈਲਿਊ ਐਡੀਸ਼ਨ ਅਤੇ ਉਦਯਮੀ ਸੋਚ ਵਿੱਚ ਹੈ। ਉਨ੍ਹਾਂ ਨੇ ਨੌਜਵਾਨ ਕਿਸਾਨਾਂ ਨੂੰ ਐਗਰੀਬਿਜ਼ਨਸ ਵੱਲ ਲਿਆਉਣ ਲਈ ਸੂਬਾ ਪੱਧਰੀ ਮੁਹਿੰਮ ਦੀ ਲੋੜ ਦੱਸੀ ਅਤੇ ਵਿਦੇਸ਼ਾਂ ਵਿੱਚ ਸਫਲ ਪੰਜਾਬੀ ਖੇਤੀ ਉਦਯੋਗਪਤੀਆਂ ਨੂੰ ਆਪਣਾ ਤਜਰਬਾ, ਨਿਵੇਸ਼ ਅਤੇ ਬਾਜ਼ਾਰ ਸੰਪਰਕ ਪੰਜਾਬ ਨਾਲ ਸਾਂਝੇ ਕਰਨ ਦੀ ਅਪੀਲ ਕੀਤੀ।
ਮੁੱਖ ਭਾਸ਼ਣ ਦੌਰਾਨ ਡਾ. ਰਾਮਨਦੀਪ ਸਿੰਘ ਜੱਸਲ, ਡਾਇਰੈਕਟਰ, ਸਕੂਲ ਆਫ਼ ਬਿਜ਼ਨਸ ਸਟੱਡੀਜ਼ ਅਤੇ ਪ੍ਰਿੰਸੀਪਲ ਇਨਵੈਸਟੀਗੇਟਰ, NIDHI-TBI, PAU ਨੇ ਕਿਹਾ ਕਿ ਖੇਤੀ ਹੁਣ ਸਿਰਫ਼ ਫ਼ਸਲ ਉਗਾਉਣ ਤੱਕ ਸੀਮਿਤ ਨਹੀਂ ਰਹੀ। ਪ੍ਰੋਸੈਸਿੰਗ, ਐਗਰੀ-ਟੈਕ, ਲੌਜਿਸਟਿਕਸ, ਮਾਰਕੀਟਿੰਗ ਅਤੇ ਇਨੋਵੇਸ਼ਨ ਨੇ ਇਸਨੂੰ ਵਿਸ਼ਵ ਪੱਧਰ ’ਤੇ ਵੱਡੇ ਕਾਰੋਬਾਰ ਦਾ ਰੂਪ ਦੇ ਦਿੱਤਾ ਹੈ। ਉਨ੍ਹਾਂ ਨੇ “Farm to Business” ਦੀ ਸੋਚ ਅਪਣਾਉਣ ਅਤੇ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲਿਆਂ ਦੀ ਬਜਾਏ ਨੌਕਰੀਆਂ ਪੈਦਾ ਕਰਨ ਵਾਲੇ ਉਦਯੋਗਪਤੀ ਬਣਨ ਦਾ ਸੱਦਾ ਦਿੱਤਾ।
ਗੁਰੂ ਰਾਮਦਾਸ ਸੈਂਟਰ ਫਾਰ ਇਕਨਾਮਿਕ ਗ੍ਰੋਥ ਦੇ ਡਾਇਰੈਕਟਰ ਸ. ਖੁਸ਼ਵਿੰਦਰ ਬੀਰ ਸਿੰਘ ਨੇ ਪੰਜਾਬ ਦੀ ਉਪਜਾਊ ਖੇਤੀਬਾੜੀ ਜ਼ਮੀਨ ਦੀ ਸੰਭਾਲ ਨੂੰ ਟਿਕਾਊ ਆਰਥਿਕ ਵਿਕਾਸ ਲਈ ਅਹਿਮ ਦੱਸਿਆ। ਸ. ਪ੍ਰਤਾਪ ਸਿੰਘ, ਡਾਇਰੈਕਟਰ, ਡਾ. ਇੰਦਰਜੀਤ ਸਿੰਘ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਸੈਂਟਰ ਨੇ ਮਹਿੰਗੀ ਖੇਤੀ ਮਸ਼ੀਨਰੀ ਦੀ ਸਾਂਝੀ ਵਰਤੋਂ ਅਤੇ ਘੱਟ ਲਾਗਤ ਵਾਲੀਆਂ ਤਕਨੀਕਾਂ ਅਪਣਾਉਣ ਦੀ ਵਕਾਲਤ ਕੀਤੀ। GADVASU ਦੇ ਡਾਇਰੈਕਟਰ ਸਟੂਡੈਂਟਸ ਵੈਲਫੇਅਰ ਡਾ. ਜਸਪਾਲ ਸਿੰਘ ਹੁੰਦਲ ਨੇ ਡੇਅਰੀ ਫਾਰਮਿੰਗ ਨੂੰ ਨਿਯਮਤ ਆਮਦਨ ਦਾ ਮਹੱਤਵਪੂਰਨ ਸਰੋਤ ਦੱਸਿਆ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਆਧੁਨਿਕ ਡੇਅਰੀ ਉਤਪਾਦਨ ਤਕਨੀਕਾਂ ਸਬੰਧੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ।
ਇਸੇ ਤਰ੍ਹਾਂ ਸ. ਜਸਪਾਲ ਸਿੰਘ, ਜਨਰਲ ਸਕੱਤਰ, ਗੁਰੂ ਰਾਮਦਾਸ ਸੈਂਟਰ ਨੇ ਖੇਤੀ ਉਤਪਾਦਾਂ ਦੀ ਪ੍ਰੋਸੈਸਿੰਗ, ਬ੍ਰਾਂਡਿੰਗ, ਪੈਕਿੰਗ ਅਤੇ ਮਾਰਕੀਟਿੰਗ ਨੂੰ ਵਧਾਉਣ ਦੀ ਲੋੜ ਉਜਾਗਰ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਦੇਸ਼ੀ ਦੇ ਨਾਲ-ਨਾਲ ਕੌਮਾਂਤਰੀ ਬਾਜ਼ਾਰਾਂ ਤੱਕ ਪਹੁੰਚ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ। ਉਨ੍ਹਾਂ ਨੇ ਨੀਦਰਲੈਂਡ ਦੀ ਐਕਸਪੋਰਟ-ਕੇਂਦਰਿਤ ਖੇਤੀ ਅਰਥਵਿਵਸਥਾ ਨੂੰ ਇੱਕ ਉਦਾਹਰਨ ਵਜੋਂ ਪੇਸ਼ ਕੀਤਾ। ਗੁਰੂ ਰਾਮਦਾਸ ਸੈਂਟਰ ਦੇ ਪ੍ਰਧਾਨ ਅਤੇ ਬਿਗ ਬੈਨ ਇੰਡਸਟਰੀਅਲ ਗਰੁੱਪ ਦੇ ਮੁਖੀ ਸ. ਤੇਜਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਗਰੁੱਪ ਅਮਰੀਕਾ ਸਮੇਤ ਵੱਖ-ਵੱਖ ਦੇਸ਼ਾਂ ਦੇ ਖੇਤੀਬਾੜੀ ਅਤੇ ਫੂਡ ਮਾਰਕੀਟਾਂ ਦਾ ਅਧਿਐਨ ਕਰਨ ਤੋਂ ਬਾਅਦ ਐਗਰੀਬਿਜ਼ਨਸ ਦੇ ਨਵੇਂ ਮੌਕਿਆਂ ’ਤੇ ਵਿਚਾਰ ਕਰ ਰਿਹਾ ਹੈ। ਉੱਘੇ ਅਰਥਸ਼ਾਸਤਰੀ ਡਾ. ਬਲਵਿੰਦਰ ਪਾਲ ਸਿੰਘ ਨੇ ਪੇਂਡੂ ਸੈਰ-ਸਪਾਟੇ ਨੂੰ ਪਿੰਡਾਂ ਵਿੱਚ ਰੁਜ਼ਗਾਰ ਅਤੇ ਆਮਦਨ ਵਧਾਉਣ ਦਾ ਇੱਕ ਹੋਰ ਪ੍ਰਭਾਵਸ਼ਾਲੀ ਸਾਧਨ ਦੱਸਿਆ। ਸਾਬਕਾ ਬੈਂਕਰ ਬ੍ਰਿਜ ਭੂਸ਼ਣ ਗੋਇਲ ਨੇ ਸੁਝਾਅ ਦਿੱਤਾ ਕਿ PAU ਇਨੋਵੇਸ਼ਨ ਸੈਂਟਰ ਅਤੇ ਸੂਬਾ ਸਰਕਾਰ ਨੂੰ Verka ਅਤੇ MARKFED ਦੇ ਆਊਟਲੈਟਸ ਨਾਲ ਮਿਲ ਕੇ Self-Help Groups (SHGs) ਅਤੇ Farmer Producer Organisations (FPOs) ਦੇ ਉਤਪਾਦਾਂ ਲਈ ਬ੍ਰਾਂਡਿੰਗ ਅਤੇ ਸੰਗਠਿਤ ਰਿਟੇਲ ਮਾਰਕੀਟ ਮੁਹੱਈਆ ਕਰਵਾਉਣੀ ਚਾਹੀਦੀ ਹੈ।
ਸੈਮੀਨਾਰ ਵਿੱਚ ਡਾ. ਨਿਰਮਲ ਸਿੰਘ ਜੌਰਾ, ਸਾਬਕਾ ਡਾਇਰੈਕਟਰ ਸਟੂਡੈਂਟਸ ਵੈਲਫੇਅਰ, PAU ਨੇ ਗੈਸਟ ਆਫ਼ ਆਨਰ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਡਾ. ਕਮਲਜੀਤ ਸਿੰਘ ਸੂਰੀ, ਡਾਇਰੈਕਟਰ ਸਟੂਡੈਂਟਸ ਵੈਲਫੇਅਰ, PAU ਸਮੇਤ ਖੇਤੀ ਵਿਗਿਆਨੀ, ਵਿਦਵਾਨ, ਅਕਾਦਮਿਕ ਅਤੇ ਹੋਰ ਮਾਹਿਰ ਵੀ ਮੌਜੂਦ ਰਹੇ। ਸੈਮੀਨਾਰ ਦੀਆਂ ਵਿਚਾਰ-ਚਰਚਾਵਾਂ ਵਿੱਚ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਪੰਜਾਬ ਵਿੱਚ ਖੇਤੀ ਨੂੰ ਸਿਰਫ਼ ਰਵਾਇਤੀ ਕਿੱਤੇ ਵਜੋਂ ਦੇਖਣ ਦੀ ਬਜਾਏ ਤਕਨਾਲੋਜੀ, ਉਦਯਮਤਾ, ਵੈਲਿਊ ਐਡੀਸ਼ਨ, ਮਾਰਕੀਟ ਪਹੁੰਚ ਅਤੇ ਟਿਕਾਊ ਕੁਦਰਤੀ ਸਰੋਤ ਪ੍ਰਬੰਧਨ ਨਾਲ ਜੁੜੇ ਇੱਕ ਸੰਪੂਰਨ ਆਰਥਿਕ ਉੱਦਮ ਵਜੋਂ ਵਿਕਸਤ ਕਰਨ ਦੀ ਲੋੜ ਹੈ। ਅੰਤ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਡਾਇਰੈਕਟਰ, ਓਵਰਸੀਜ਼ ਸ. ਗੁਰਮੀਤ ਸਿੰਘ ਨੇ ਸਭ ਦਾ ਧੰਨਵਾਦ ਕੀਤਾ।
