ਸਾਂਗ ਹਰਿਆਣਾ ਦੀ ਸੱਭਿਆਚਾਰਕ ਚੇਤਨਾ, ਲੋਕ ਜੀਵਨ ਅਤੇ ਅਮੀਰ ਪਰੰਪਰਾਵਾਂ ਦੀ ਪਛਾਣ – ਡਾ. ਆਦਿਤਿਆ ਦਹੀਆ
ਹਰਿਆਣਾ, 11 ਨਵੰਬਰ , 2026 (ਸੰਜੀਵ ਸ਼ਰਮਾ ) : ਹਰਿਆਣਾ ਦੀ ਅਮੀਰ ਲੋਕ ਨਾਟਕ ਪਰੰਪਰਾ ਸਾਂਗ ਨੂੰ ਸਮਰਪਿਤ ਪ੍ਰਤਿਸ਼ਠਤ ਸ੍ਰੀ ਧਨਪਤ ਸਿੰਘ ਸਾਂਗੀ ਲਾਈਫਟਾਈਮ ਅਚੀਵਮੈਂਟ ਐਵਾਰਡ-2026 ਲਈ ਪ੍ਰਸਿੱਧ ਸਾਂਗੀ ਪੰਡਿਤ ਲਖਮੀਚੰਦ ਦੇ ਪੋਤੇ ਸ੍ਰੀ ਵਿਸ਼ਨੂੰਦੱਤ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਨੂੰ ਇੱਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਅਤੇ ਪ੍ਰਸ਼ੰਸਾ ਪੱਤਰ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਜਾਵੇਗਾ। ਹਰਿਆਣਾ ਦੇ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਡਾ. ਆਦਿਤਿਆ ਦਹੀਆ ਨੇ ਦੱਸਿਆ ਕਿ ਹਰਿਆਣਾ ਦੀ ਲੋਕ ਸੰਸਕ੍ਰਿਤੀ ਵਿੱਚ ਸਾਂਗ ਦਾ ਵਿਸ਼ੇਸ਼ ਸਥਾਨ ਹੈ। ਇਹ ਸਿਰਫ਼ ਮਨੋਰੰਜਨ ਦੀ ਵਿਧਾ ਨਹੀਂ, ਸਗੋਂ ਲੋਕ ਜੀਵਨ, ਸਮਾਜਿਕ ਚੇਤਨਾ, ਨੈਤਿਕ ਮੁੱਲਾਂ ਅਤੇ ਸੱਭਿਆਚਾਰਕ ਪਰੰਪਰਾਵਾਂ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਇੱਕ ਮਜਬੂਤ ਸਰੋਤ ਰਹੀ ਹੈ। ਸਾਂਗ ਦੀ ਇਸੇ ਗੌਰਵਸ਼ਾਲੀ ਵਿਰਾਸਤ ਦੀ ਸੰਭਾਲ ਅਤੇ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਵਿਭਾਗ ਵੱਲੋਂ ਹਰ ਸਾਲ ਰਾਜ ਪੱਧਰੀ ਸਾਂਗ ਮਹੋਤਸਵ ਦਾ ਆਯੋਜਨ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਸਾਲ 2025-26 ਦਾ ਰਾਜ ਪੱਧਰੀ ਸਾਂਗ ਮਹੋਤਸਵ 23 ਤੋਂ 27 ਫਰਵਰੀ, 2026 ਤੱਕ ਹਰਿਆਣਾ ਕਲਾ ਪ੍ਰੀਸ਼ਦ, ਕੁਰੂਕਸ਼ੇਤਰ ਦੇ ਆਡੀਟੋਰੀਅਮ ਵਿੱਚ ਕਰਵਾਇਆ ਗਿਆ ਸੀ। ਪੰਜ ਰੋਜ਼ਾ ਇਸ ਮਹੋਤਸਵ ਵਿੱਚ ਸੂਬੇ ਦੇ ਵੱਖ-ਵੱਖ ਸਾਂਗ ਕਲਾਕਾਰਾਂ ਨੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਹਰਿਆਣਾ ਦੀ ਰਵਾਇਤੀ ਲੋਕ ਨਾਟਕ ਸ਼ੈਲੀ, ਲੋਕ ਸੰਗੀਤ, ਅਦਾਕਾਰੀ ਅਤੇ ਸੰਵਾਦ ਅਦਾਇਗੀ ਦੀ ਅਮੀਰ ਝਲਕ ਪੇਸ਼ ਕੀਤੀ। ਡਾ. ਦਹੀਆ ਨੇ ਦੱਸਿਆ ਕਿ ਪੁਰਸਕਾਰ ਲਈ ਨਿਰਧਾਰਤ ਮੁਲਾਂਕਣ ਪ੍ਰਕਿਰਿਆ ਅਪਣਾਈ ਗਈ। ਇਸ ਤਹਿਤ ਸਮੀਖਿਆ ਕਮੇਟੀ ਵੱਲੋਂ ਕਲਾਕਾਰਾਂ ਦੀਆਂ ਮੰਚੀ ਪੇਸ਼ਕਾਰੀਆਂ ਦਾ ਮੁਲਾਂਕਣ 60 ਅੰਕਾਂ ਦੇ ਆਧਾਰ ‘ਤੇ ਅਤੇ ਚੋਣ ਕਮੇਟੀ ਵੱਲੋਂ ਉਨ੍ਹਾਂ ਦੇ ਦਸਤਾਵੇਜ਼ਾਂ ਅਤੇ ਜੀਵਨ ਬਿਓਰੇ ਦਾ ਮੁਲਾਂਕਣ 40 ਅੰਕਾਂ ਦੇ ਆਧਾਰ ‘ਤੇ ਕੀਤਾ ਗਿਆ। ਦੋਵਾਂ ਕਮੇਟੀਆਂ ਦੇ ਸਾਂਝੇ ਮੁਲਾਂਕਣ ਤੋਂ ਬਾਅਦ ਸ੍ਰੀ ਵਿਸ਼ਨੂੰਦੱਤ ਦੀ ਇਸ ਵੱਕਾਰੀ ਪੁਰਸਕਾਰ ਲਈ ਚੋਣ ਕੀਤੀ ਗਈ।
ਪੰਡਿਤ ਲਖਮੀਚੰਦ ਦੀ ਗੌਰਵਸ਼ਾਲੀ ਸਾਂਗ ਪਰੰਪਰਾ ਨਾਲ ਜੁੜਿਆ ਹੈ ਵਿਸ਼ਨੂੰਦੱਤ ਦਾ ਨਾਂ
ਡਾ. ਆਦਿਤਿਆ ਦਹੀਆ ਨੇ ਕਿਹਾ ਕਿ ਹਰਿਆਣਾ ਦੀ ਲੋਕ ਨਾਟਕ ਪਰੰਪਰਾ ਵਿੱਚ ਪੰਡਿਤ ਲਖਮੀਚੰਦ ਦਾ ਯੋਗਦਾਨ ਅਭੁੱਲ ਹੈ। ਉਨ੍ਹਾਂ ਨੇ ਆਪਣੀਆਂ ਰਚਨਾਵਾਂ, ਲੋਕ ਗੀਤਾਂ ਅਤੇ ਸਾਂਗ ਪੇਸ਼ਕਾਰੀਆਂ ਰਾਹੀਂ ਹਰਿਆਣਵੀ ਲੋਕ ਸਾਹਿਤ ਨੂੰ ਨਵੀਆਂ ਬੁਲੰਦੀਆਂ ਪ੍ਰਦਾਨ ਕੀਤੀਆਂ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਲੋਕ ਜੀਵਨ ਦੀਆਂ ਸੰਵੇਦਨਾਵਾਂ, ਸਮਾਜਿਕ ਸਰੋਕਾਰਾਂ, ਨੈਤਿਕ ਕਦਰਾਂ-ਕੀਮਤਾਂ ਅਤੇ ਮਾਨਵੀ ਰਿਸ਼ਤਿਆਂ ਦੀ ਡੂੰਘੀ ਅਭਿਵਿਅਕਤੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਪੰਡਿਤ ਲਖਮੀਚੰਦ ਦੇ ਪੋਤੇ ਸ੍ਰੀ ਵਿਸ਼ਨੂੰਦੱਤ ਦੀ ਇਸ ਸਨਮਾਨ ਲਈ ਚੋਣ ਹੋਣਾ ਹਰਿਆਣਾ ਦੀ ਉਸ ਅਮੀਰ ਸੱਭਿਆਚਾਰਕ ਵਿਰਾਸਤ ਪ੍ਰਤੀ ਸਨਮਾਨ ਦਾ ਪ੍ਰਤੀਕ ਹੈ, ਜਿਸ ਨੇ ਲੋਕ ਕਲਾ ਅਤੇ ਲੋਕ ਭਾਸ਼ਾ ਨੂੰ ਸੂਬੇ ਦੀ ਵਿਸ਼ੇਸ਼ ਪਛਾਣ ਪ੍ਰਦਾਨ ਕੀਤੀ ਹੈ।
ਲੋਕ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਪਹਿਲਕਦਮੀ
ਡਾ. ਆਦਿਤਿਆ ਦਹੀਆ ਨੇ ਦੱਸਿਆ ਕਿ ਚੁਣੇ ਗਏ ਸ੍ਰੀ ਵਿਸ਼ਨੂੰਦੱਤ ਨੂੰ ਇੱਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਅਤੇ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਰਾਜ ਪੱਧਰੀ ਸਾਂਗ ਮਹੋਤਸਵ ਵਿੱਚ ਹਿੱਸਾ ਲੈਣ ਵਾਲੇ ਹੋਰ ਕਲਾਕਾਰਾਂ ਨੂੰ ਪ੍ਰਤੀ ਪੇਸ਼ਕਾਰੀ 30 ਹਜ਼ਾਰ ਰੁਪਏ ਮਾਣਭੱਤਾ ਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਸੂਬੇ ਦੀਆਂ ਰਵਾਇਤੀ ਲੋਕ ਕਲਾਵਾਂ ਦੀ ਸੰਭਾਲ, ਪ੍ਰੋਤਸਾਹਨ ਅਤੇ ਪ੍ਰਚਾਰ-ਪ੍ਰਸਾਰ ਲਈ ਵਚਨਬੱਧ ਹੈ। ਵਿਭਾਗ ਦਾ ਉਦੇਸ਼ ਸੀਨੀਅਰ ਲੋਕ ਕਲਾਕਾਰਾਂ ਦੇ ਯੋਗਦਾਨ ਨੂੰ ਸਨਮਾਨ ਦੇਣ ਦੇ ਨਾਲ-ਨਾਲ ਨੌਜਵਾਨ ਪ੍ਰਤਿਭਾਵਾਂ ਨੂੰ ਮੰਚ ਪ੍ਰਦਾਨ ਕਰਨਾ ਅਤੇ ਨਵੀਂ ਪੀੜ੍ਹੀ ਨੂੰ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੋੜਨਾ ਹੈ। ਡਾ. ਦਹੀਆ ਨੇ ਕਿਹਾ ਕਿ ਸਾਂਗ ਹਰਿਆਣਾ ਦੀ ਲੋਕ ਆਤਮਾ ਦੀ ਅਭਿਵਿਅਕਤੀ ਹੈ। ਇਸ ਪਰੰਪਰਾ ਨੂੰ ਜੀਵੰਤ ਰੱਖਣਾ ਸਾਡੀ ਸੱਭਿਆਚਾਰਕ ਜ਼ਿੰਮੇਵਾਰੀ ਹੈ। ਅਜਿਹੇ ਸਮਾਗਮਾਂ ਅਤੇ ਸਨਮਾਨਾਂ ਰਾਹੀਂ ਹਰਿਆਣਾ ਦੀ ਅਮੀਰ ਲੋਕ ਨਾਟਕ ਵਿਰਾਸਤ ਨੂੰ ਨਵੀਂ ਪਛਾਣ ਮਿਲਦੀ ਰਹੇਗੀ ਅਤੇ ਕਲਾਕਾਰਾਂ ਨੂੰ ਲਗਾਤਾਰ ਉਤਸ਼ਾਹ ਮਿਲਦਾ ਰਹੇਗਾ।
