ਪਟਿਆਲਾ, 23 ਜੁਲਾਈ, 2026 (ਦੀਪਕ ਦੱਤਾ): ਨਗਰ ਨਿਗਮ ਪਟਿਆਲਾ ਵੱਲੋਂ ਸ਼ਹਿਰ ਦੀ ਨੁਹਾਰ ਬਦਲਣ ਅਤੇ ਆਮ ਲੋਕਾਂ ਨੂੰ ਗੰਦਗੀ ਮੁਕਤ ਵਾਤਾਵਰਣ ਦੇਣ ਲਈ ‘ਮਿਸ਼ਨ ਕਲੀਨ ਪਟਿਆਲਾ’ ਦੇ ਰੂਪ ਵਿੱਚ ਇੱਕ ਵੱਡੀ ਸਫ਼ਾਈ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪਹਿਲਕਦਮੀ ਤਹਿਤ ਹੁਣ ਰੋਜ਼ਾਨਾ ਦਿਨ ਚੜ੍ਹਨ ਤੋਂ ਪਹਿਲਾਂ ਹੀ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ, ਚੌਂਕਾਂ ਅਤੇ ਬਾਜ਼ਾਰਾਂ ਨੂੰ ਚਮਕਾਉਣ ਦਾ ਕੰਮ ਕੀਤਾ ਜਾਵੇਗਾ। ਇਸ ਵਿਸ਼ੇਸ਼ ਅਭਿਆਨ ਦੀ ਸ਼ੁਰੂਆਤ ਅੱਜ ਸਵੇਰੇ ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਅਤੇ ਵਧੀਕ ਕਮਿਸ਼ਨਰ ਸਿਮਰਪ੍ਰੀਤ ਕੌਰ ਨੇ ਖ਼ੁਦ ਜ਼ਮੀਨੀ ਪੱਧਰ ‘ਤੇ ਉੱਤਰ ਕੇ ਲੀਲਾ ਭਵਨ ਖੇਤਰ ਤੋਂ ਕਰਵਾਈ। ਇਸ ਮੌਕੇ ਉਨ੍ਹਾਂ ਨਾਲ ਹੈਲਥ ਅਫਸਰ ਡਾ. ਨਵਿੰਦਰ ਸਿੰਘ, ਐਸ.ਸੀ. ਜੇ.ਪੀ. ਸਿੰਘ, ਸੈਨੇਟਰੀ ਇੰਸਪੈਕਟਰ ਰਿਸ਼ਵ ਗਰਗ, ਪੀ.ਏ. ਕ੍ਰਿਸ਼ਨ ਕੁਮਾਰ ਸਮੇਤ ਹੋਰ ਉੱਚ ਨਿਗਮ ਅਧਿਕਾਰੀ ਵੀ ਮੌਜੂਦ ਸਨ।
ਦੱਸਣਯੋਗ ਹੈ ਕਿ ਇਸ ਅਭਿਆਨ ਦੀ ਮੁੱਖ ਖਾਸੀਅਤ ਇਹ ਹੈ ਕਿ ਸਫ਼ਾਈ ਦੇ ਨਾਲ-ਨਾਲ ਸ਼ਹਿਰ ਦੀ ਦਿੱਖ ਖ਼ਰਾਬ ਕਰਨ ਵਾਲੇ ਤੱਤਾਂ ‘ਤੇ ਵੀ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਸ਼ਹਿਰ ਨੂੰ ਗੈਰ-ਕਾਨੂੰਨੀ ਪੋਸਟਰ ਮੁਕਤ ਬਣਾਉਣ ਲਈ ਜਨਤਕ ਥਾਵਾਂ ਅਤੇ ਦੀਵਾਰਾਂ ਤੋਂ ਬਿਨਾਂ ਮਨਜ਼ੂਰੀ ਲਗਾਏ ਇਸ਼ਤਿਹਾਰ, ਪੋਸਟਰ ਅਤੇ ਬੋਰਡ ਤੁਰੰਤ ਹਟਾਏ ਗਏ ਹਨ। ਹਰਿਆਵਲ ਦੀ ਸੰਭਾਲ ਲਈ ਬਾਗਬਾਨੀ ਟੀਮ ਵੱਲੋਂ ਸੜਕਾਂ ਕਿਨਾਰੇ ਲੱਗੇ ਪੇੜ-ਪੌਦਿਆਂ ਦੇ ਆਲੇ-ਦੁਆਲੇ ਦੀ ਸਫ਼ਾਈ ਕਰਕੇ ਉਨ੍ਹਾਂ ਨੂੰ ਸੁੰਦਰ ਦਿੱਖ ਦਿੱਤੀ ਜਾ ਰਹੀ ਹੈ, ਜਦਕਿ ਇਮਾਰਤੀ ਮਲਬਾ ਹਟਾਉਣ ਲਈ ਵਿਸ਼ੇਸ਼ ਟੀਮਾਂ ਅਤੇ ਗੱਡੀਆਂ ਸ਼ਡਿਊਲ ਅਨੁਸਾਰ ਮੌਕੇ ‘ਤੇ ਤਾਇਨਾਤ ਰਹਿਣਗੀਆਂ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਇਹ ਅਭਿਆਨ ਮਹਿਜ਼ ਇੱਕ ਦਿਨ ਦੀ ਗਤੀਵਿਧੀ ਨਹੀਂ ਹੈ, ਬਲਕਿ ਰੋਜ਼ਾਨਾ ਸਵੇਰੇ ਉੱਚ ਅਧਿਕਾਰੀ ਖ਼ੁਦ ਵੱਖ-ਵੱਖ ਮਾਰਗਾਂ ‘ਤੇ ਜਾ ਕੇ ਕੰਮ ਦੀ ਨਿਗਰਾਨੀ ਕਰਨਗੇ। ਨਿਗਮ ਕਮਿਸ਼ਨਰ ਵੱਲੋਂ ਸਫ਼ਾਈ ਪ੍ਰਬੰਧਾਂ ਵਿੱਚ ਕਿਸੇ ਵੀ ਕਿਸਮ ਦੀ ਅਣਗਹਿਲੀ ਨਾ ਵਰਤਣ ਦੀਆਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਸੇ ਸ਼ਡਿਊਲ ਤਹਿਤ ਕੱਲ 24 ਜੁਲਾਈ ਨੂੰ ਤੜਕਸਾਰ ਤ੍ਰਿਪੜੀ ਕੋਹਲੀ ਸਵੀਟ ਤੋਂ ਪਾਣੀ ਦੀ ਟੈਂਕੀ ਤੱਕ ਵਿਸ਼ੇਸ਼ ਸਫ਼ਾਈ ਕੀਤੀ ਜਾਵੇਗੀ। ਨਗਰ ਨਿਗਮ ਪ੍ਰਸ਼ਾਸਨ ਨੇ ਸਮੂਹ ਦੁਕਾਨਦਾਰਾਂ, ਮਾਰਕੀਟ ਐਸੋਸੀਏਸ਼ਨਾਂ ਅਤੇ ਪਟਿਆਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਅਤੇ ਦੁਕਾਨਾਂ ਦਾ ਕੂੜਾ ਬਾਹਰ ਸੜਕਾਂ ਜਾਂ ਫੁੱਟਪਾਥਾਂ ‘ਤੇ ਸੁੱਟਣ ਦੀ ਬਜਾਏ ਹਮੇਸ਼ਾ ਡਸਟਬਿਨਾਂ ਵਿੱਚ ਰੱਖਣ ਜਾਂ ਨਿਗਮ ਦੀਆਂ ਕੂੜਾ ਗੱਡੀਆਂ ਵਿੱਚ ਹੀ ਪਾਉਣ, ਤਾਂ ਜੋ ‘ਮਿਸ਼ਨ ਕਲੀਨ ਪਟਿਆਲਾ’ ਨੂੰ ਸਫ਼ਲ ਬਣਾਇਆ ਜਾ ਸਕੇ।
