ਰਿਆਧ, 27 ਨਵੰਬਰ, 2026 (ਹਰਸ਼ਪ੍ਰੀਤ ਕੌਰ ) : ਯਮਨ ਵਿੱਚ ਲੰਬੇ ਸਮੇਂ ਤੋਂ ਜਾਰੀ ਘਰੇਲੂ ਜੰਗ ਦਾ ਅਸਰ ਹੁਣ ਗੁਆਂਢੀ ਦੇਸ਼ ਸਾਊਦੀ ਅਰਬ ਦੀ ਸੁਰੱਖਿਆ ’ਤੇ ਵੀ ਦਿਖਾਈ ਦੇਣ ਲੱਗਾ ਹੈ। ਈਰਾਨ ਦੀ ਹਮਾਇਤ ਪ੍ਰਾਪਤ ਹੂਤੀ ਬਾਗੀ ਜਥੇਬੰਦੀ ਵੱਲੋਂ ਸਾਊਦੀ ਅਰਬ ਦੇ ਵੱਖ-ਵੱਖ ਸ਼ਹਿਰਾਂ ’ਤੇ ਡਰੋਨ ਅਤੇ ਮਿਜ਼ਾਈਲ ਹਮਲੇ ਤੇਜ਼ ਕੀਤੇ ਜਾਣ ਕਾਰਨ ਰਿਆਧ ਸਮੇਤ ਕਈ ਮਹੱਤਵਪੂਰਨ ਇਲਾਕਿਆਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਇਨ੍ਹਾਂ ਹਮਲਿਆਂ ਨੇ ਦੁਨੀਆ ਸਾਹਮਣੇ ਸੁਰੱਖਿਅਤ ਅਤੇ ਨਿਵੇਸ਼ ਲਈ ਆਕਰਸ਼ਕ ਦੇਸ਼ ਵਜੋਂ ਆਪਣੀ ਪਛਾਣ ਬਣਾਉਣ ਦੀ ਸਾਊਦੀ ਅਰਬ ਦੀ ਕੋਸ਼ਿਸ਼ ਨੂੰ ਵੀ ਚੁਣੌਤੀ ਦਿੱਤੀ ਹੈ। ਰਿਪੋਰਟਾਂ ਅਨੁਸਾਰ, ਯਮਨ ਵਿੱਚ ਜੁਲਾਈ ਮਹੀਨੇ ਦੌਰਾਨ ਗੈਰ-ਰਸਮੀ ਜੰਗਬੰਦੀ ਟੁੱਟਣ ਤੋਂ ਬਾਅਦ ਹੂਤੀ ਬਾਗੀਆਂ ਨੇ ਸਾਊਦੀ ਅਰਬ ਵਿਰੁੱਧ ਹਮਲੇ ਵਧਾ ਦਿੱਤੇ ਹਨ। ਜਥੇਬੰਦੀ ਦਾ ਕਹਿਣਾ ਹੈ ਕਿ ਇਹ ਹਮਲੇ ਯਮਨ ਵਿੱਚ ਸਾਊਦੀ ਹਵਾਈ ਹਮਲਿਆਂ ਅਤੇ ਹੂਤੀ ਕੰਟਰੋਲ ਵਾਲੇ ਇਲਾਕਿਆਂ ਵਿੱਚ ਬੰਦਰਗਾਹਾਂ ਤੇ ਹਵਾਈ ਅੱਡਿਆਂ ’ਤੇ ਲਗਾਈਆਂ ਗਈਆਂ ਪਾਬੰਦੀਆਂ ਦੇ ਜਵਾਬ ਵਿੱਚ ਕੀਤੇ ਜਾ ਰਹੇ ਹਨ।
10 ਅਕਤੂਬਰ ਨੂੰ ਰਿਆਧ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹੋਏ ਹਮਲੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 300 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ। ਇਹ ਹਮਲਾ ਪਿਛਲੇ ਕਈ ਸਾਲਾਂ ਵਿੱਚ ਸਾਊਦੀ ਧਰਤੀ ’ਤੇ ਹੋਏ ਸਭ ਤੋਂ ਘਾਤਕ ਹਮਲਿਆਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਹਮਲੇ ਸਮੇਂ ਹਵਾਈ ਅੱਡੇ ’ਤੇ ਮੌਜੂਦ ਲੋਕਾਂ ਨੇ ਖੂਨ ਨਾਲ ਲੱਥਪੱਥ ਜ਼ਖ਼ਮੀਆਂ ਅਤੇ ਬੇਹੋਸ਼ ਯਾਤਰੀਆਂ ਨੂੰ ਇਲਾਜ ਲਈ ਲਿਜਾਂਦੇ ਦੇਖਿਆ। ਅਮਰੀਕਾ ਸਥਿਤ ਸੰਸਥਾ ਆਰਮਡ ਕਾਨਫਲਿਕਟ ਲੋਕੇਸ਼ਨ ਐਂਡ ਈਵੈਂਟ ਡਾਟਾ ਪ੍ਰੋਜੈਕਟ (ACLED) ਦੇ ਅੰਕੜਿਆਂ ਦੇ ਵਿਸ਼ਲੇਸ਼ਣ ਮੁਤਾਬਕ, 1 ਜੁਲਾਈ ਤੋਂ 25 ਨਵੰਬਰ ਤੱਕ ਲਗਭਗ ਪੰਜ ਮਹੀਨਿਆਂ ਦੌਰਾਨ ਸਾਊਦੀ ਅਰਬ ’ਤੇ 274 ਹਮਲੇ ਦਰਜ ਕੀਤੇ ਗਏ। ਇਨ੍ਹਾਂ ਵਿੱਚੋਂ ਜ਼ਿਆਦਾਤਰ ਹਮਲਿਆਂ ਨੂੰ ਹਵਾਈ ਰੱਖਿਆ ਪ੍ਰਣਾਲੀ ਨੇ ਰੋਕ ਲਿਆ, ਪਰ ਘੱਟੋ-ਘੱਟ 41 ਹਮਲੇ ਅਜਿਹੇ ਸਨ ਜੋ ਰੋਕਣ ਵਿੱਚ ਸਫਲਤਾ ਨਹੀਂ ਮਿਲੀ। ਹਮਲਿਆਂ ਵਿੱਚ ਡਰੋਨ ਅਤੇ ਬੈਲਿਸਟਿਕ ਮਿਜ਼ਾਈਲਾਂ ਦੀ ਵਰਤੋਂ ਕੀਤੀ ਗਈ। ਇਸ ਤੋਂ ਪਹਿਲਾਂ ਦੇ ਪੰਜ ਮਹੀਨਿਆਂ ਵਿੱਚ ਸਿਰਫ਼ ਇੱਕ ਹੂਤੀ ਹਮਲਾ ਦਰਜ ਕੀਤਾ ਗਿਆ ਸੀ।
ਹੂਤੀ ਬਾਗੀਆਂ ਨੇ ਸਾਊਦੀ ਅਰਬ ਦੀ ਰਾਜਧਾਨੀ ਰਿਆਧ ਤੋਂ ਇਲਾਵਾ ਤੇਲ ਸਥਾਪਨਾਵਾਂ ਅਤੇ ਮਹੱਤਵਪੂਰਨ ਇਮਾਰਤਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। 19 ਨਵੰਬਰ ਨੂੰ ਸਾਊਦੀ ਅਰਬ ਦੀ ਸਭ ਤੋਂ ਉੱਚੀ ਇਮਾਰਤ ਪਬਲਿਕ ਇਨਵੈਸਟਮੈਂਟ ਫੰਡ (PIF) ਟਾਵਰ ’ਤੇ ਹਮਲਾ ਹੋਇਆ, ਜਿਸ ਵਿੱਚ 11 ਲੋਕ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਸਰਕਾਰੀ ਤੇਲ ਕੰਪਨੀ ਅਰਾਮਕੋ ਦੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ। ਹਾਲਾਂਕਿ ਅਰਾਮਕੋ ਦੀ ਇਮਾਰਤ ਦੀ ਬਾਹਰੀ ਮੁਰੰਮਤ ਕੁਝ ਹੀ ਦਿਨਾਂ ਵਿੱਚ ਕਰ ਦਿੱਤੀ ਗਈ, ਜਿਸ ਨਾਲ ਸਾਊਦੀ ਸਰਕਾਰ ਵੱਲੋਂ ਆਮ ਹਾਲਾਤ ਬਣਾਈ ਰੱਖਣ ਦੀ ਕੋਸ਼ਿਸ਼ ਸਪੱਸ਼ਟ ਹੁੰਦੀ ਹੈ। ਹਮਲਿਆਂ ਕਾਰਨ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਰਿਆਧ ਆਉਣ ਵਾਲੀਆਂ ਕਈ ਉਡਾਣਾਂ ਵਿੱਚ ਵਿਘਨ ਪਿਆ ਹੈ ਅਤੇ ਯਾਤਰੀਆਂ ਨੂੰ ਹੋਰ ਹਵਾਈ ਅੱਡਿਆਂ ਰਾਹੀਂ ਆਪਣੀ ਮੰਜ਼ਿਲ ਤੱਕ ਪਹੁੰਚਣਾ ਪੈ ਰਿਹਾ ਹੈ। ਮਦੀਨਾ ਅਤੇ ਪੂਰਬੀ ਸ਼ਹਿਰ ਦਮਾਮ ਦੇ ਹਵਾਈ ਅੱਡਿਆਂ ਨੂੰ ਵੀ ਨਿਸ਼ਾਨਾ ਬਣਾਏ ਜਾਣ ਦੀਆਂ ਰਿਪੋਰਟਾਂ ਹਨ। ਦੂਜੇ ਪਾਸੇ, ਰਿਆਧ ਦੇ ਬਾਜ਼ਾਰਾਂ, ਰੈਸਟੋਰੈਂਟਾਂ ਅਤੇ ਸ਼ਾਪਿੰਗ ਸੈਂਟਰਾਂ ਵਿੱਚ ਆਮ ਵਾਂਗ ਰੌਣਕ ਦਿਖਾਈ ਦੇ ਰਹੀ ਹੈ। ਲੋਕ ਆਪਣੀ ਰੋਜ਼ਾਨਾ ਜ਼ਿੰਦਗੀ ਜਾਰੀ ਰੱਖ ਰਹੇ ਹਨ। ਹਾਲਾਂਕਿ ਮੋਬਾਈਲ ਫੋਨਾਂ ’ਤੇ ਹਮਲਿਆਂ ਸਬੰਧੀ ਚਿਤਾਵਨੀਆਂ ਅਤੇ ਆਸਮਾਨ ਵਿੱਚ ਮਿਜ਼ਾਈਲਾਂ ਤੇ ਡਰੋਨਾਂ ਨੂੰ ਰੋਕਣ ਸਮੇਂ ਹੋਣ ਵਾਲੇ ਧਮਾਕਿਆਂ ਕਾਰਨ ਲੋਕਾਂ ਵਿੱਚ ਡਰ ਵੀ ਬਣਿਆ ਹੋਇਆ ਹੈ। ਖ਼ਾਸ ਕਰਕੇ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਲੈ ਕੇ ਮਾਪੇ ਚਿੰਤਤ ਹਨ।
ਉੱਧਰ ਯਮਨ ਵਿੱਚ ਹਾਲਾਤ ਹੋਰ ਗੰਭੀਰ ਹੋ ਰਹੇ ਹਨ। ਹੂਤੀ ਬਾਗੀਆਂ ਨੇ ਪੱਛਮੀ ਯਮਨ ਵਿੱਚ ਆਪਣੀ ਫੌਜੀ ਕਾਰਵਾਈ ਤੇਜ਼ ਕਰਦਿਆਂ ਲਾਲ ਸਾਗਰ ਦੇ ਤੱਟਵਰਤੀ ਇਲਾਕਿਆਂ ਵਿੱਚ ਆਪਣਾ ਕਬਜ਼ਾ ਵਧਾਇਆ ਹੈ। ਤਾਇਜ਼ ਸ਼ਹਿਰ ਵਿੱਚ ਵੀ ਲੜਾਈ ਤੇਜ਼ ਹੋ ਗਈ ਹੈ। ਸੰਯੁਕਤ ਰਾਸ਼ਟਰ ਦੀ ਬਾਲ ਸੰਸਥਾ ਯੂਨੀਸੇਫ ਮੁਤਾਬਕ, ਤਾਇਜ਼ ਵਿੱਚ ਨਾਕਾਬੰਦੀ ਕਾਰਨ 8 ਲੱਖ ਤੋਂ ਵੱਧ ਲੋਕ ਜ਼ਰੂਰੀ ਮਨੁੱਖੀ ਸਹਾਇਤਾ ਤੋਂ ਵਾਂਝੇ ਹੋ ਗਏ ਹਨ। ਖਾਣ-ਪੀਣ ਦੀਆਂ ਵਸਤਾਂ ਅਤੇ ਬਾਲਣ ਦੀਆਂ ਕੀਮਤਾਂ ਵਿੱਚ ਵੀ ਭਾਰੀ ਵਾਧਾ ਹੋਇਆ ਹੈ ਅੰਤਰਰਾਸ਼ਟਰੀ ਪ੍ਰਵਾਸ ਸੰਗਠਨ (IOM) ਅਨੁਸਾਰ, ਅਗਸਤ ਤੋਂ ਬਾਅਦ ਯਮਨ ਵਿੱਚ 3 ਲੱਖ 60 ਹਜ਼ਾਰ ਤੋਂ ਵੱਧ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋਏ ਹਨ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫ਼ਤਰ ਨੇ ਇਸ ਸਮੇਂ ਦੌਰਾਨ 323 ਨਾਗਰਿਕਾਂ ਦੇ ਮਾਰੇ ਜਾਣ ਜਾਂ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ, ਜਿਨ੍ਹਾਂ ਵਿੱਚ 76 ਲੋਕਾਂ ਦੀ ਮੌਤ ਹੋਈ ਹੈ। ਮਾਰੇ ਗਏ ਲੋਕਾਂ ਵਿੱਚ ਲਗਭਗ ਅੱਧੇ ਬੱਚੇ ਦੱਸੇ ਗਏ ਹਨ। ਯਮਨ ਦੀ ਜੰਗ ਅਤੇ ਹੂਤੀ ਹਮਲਿਆਂ ਨੇ ਨਾ ਸਿਰਫ਼ ਖੇਤਰੀ ਸੁਰੱਖਿਆ ਸਗੋਂ ਆਮ ਨਾਗਰਿਕਾਂ ਦੀ ਜ਼ਿੰਦਗੀ ਅਤੇ ਮੱਧ ਪੂਰਬ ਦੀ ਆਰਥਿਕ ਸਥਿਰਤਾ ਬਾਰੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।






