ਚੰਡੀਗੜ੍ਹ, 31 ਅਗਸਤ, 2026 (ਜਗਦੇਵ ਸਿੰਘ ਜੱਗੀ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੀਵਨ ਅਤੇ ਸਿਆਸੀ ਸਫ਼ਰ ’ਤੇ ਆਧਾਰਿਤ ਡਾਕੂਮੈਂਟਰੀ ‘ਸਤੌਜ ਤੋਂ ਸੰਸਦ’ ਐਤਵਾਰ ਰਾਤ ਡਿਸਕਵਰੀ ਚੈਨਲ ’ਤੇ 7 ਵੱਖ-ਵੱਖ ਭਾਸ਼ਾਵਾਂ ਵਿੱਚ ਰਿਲੀਜ਼ ਕੀਤੀ ਗਈ। ਡਾਕੂਮੈਂਟਰੀ ਵਿੱਚ ਭਗਵੰਤ ਮਾਨ ਦੇ ਸਾਦੇ ਪਿਛੋਕੜ ਤੋਂ ਲੈ ਕੇ ਇੱਕ ਸਫ਼ਲ ਵਿਅੰਗਕਾਰ ਅਤੇ ਮਨੋਰੰਜਨ ਕਲਾਕਾਰ ਵਜੋਂ ਬਣੀ ਪਛਾਣ ਤੱਕ ਦੇ ਸਫ਼ਰ ਨੂੰ ਦਰਸਾਇਆ ਗਿਆ ਹੈ। ਇਸ ਵਿੱਚ ਇਹ ਵੀ ਦਿਖਾਇਆ ਗਿਆ ਹੈ ਕਿ ਉਨ੍ਹਾਂ ਨੇ ਆਪਣੇ ਕਲਾਕਾਰੀ ਦੇ ਪੇਸ਼ੇ ਨੂੰ ਛੱਡ ਕੇ ਸਿਆਸਤ ਵਿੱਚ ਕਦਮ ਰੱਖਿਆ ਅਤੇ ਪੰਜਾਬ ਦੀ ਸੇਵਾ ਨੂੰ ਆਪਣਾ ਮੁੱਖ ਉਦੇਸ਼ ਬਣਾਇਆ। ਫ਼ਿਲਮ ਵਿੱਚ ਭਗਵੰਤ ਮਾਨ ਦੇ ਜੀਵਨ ਦੇ ਵੱਖ-ਵੱਖ ਪੜਾਵਾਂ, ਉਨ੍ਹਾਂ ਦੇ ਸੰਘਰਸ਼ ਅਤੇ ਸਿਆਸੀ ਸਫ਼ਰ ਨੂੰ ਕੇਂਦਰ ਵਿੱਚ ਰੱਖਿਆ ਗਿਆ ਹੈ। ਡਾਕੂਮੈਂਟਰੀ ਉਨ੍ਹਾਂ ਦੇ ਇੱਕ ਆਮ ਵਿਅਕਤੀ ਤੋਂ ਪੰਜਾਬ ਦੇ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਤੱਕ ਪਹੁੰਚਣ ਦੇ ਸਫ਼ਰ ਨੂੰ ਪੇਸ਼ ਕਰਦੀ ਹੈ। ਖ਼ਾਸ ਗੱਲ ਇਹ ਹੈ ਕਿ ਇਹ ਡਾਕੂਮੈਂਟਰੀ ਅਜਿਹੇ ਸਮੇਂ ਰਿਲੀਜ਼ ਹੋਈ ਹੈ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ 2027 ਹੋਣ ਵਿੱਚ ਹੁਣ ਕੁਝ ਹੀ ਮਹੀਨੇ ਬਾਕੀ ਹਨ। ਇਸ ਕਰਕੇ ‘ਸਤੌਜ ਤੋਂ ਸੰਸਦ’ ਦੀ ਰਿਲੀਜ਼ ਨੂੰ ਸਿਆਸੀ ਪੱਖੋਂ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
