ਚੰਡੀਗੜ੍ਹ, 24 ਜੁਲਾਈ, 2026 (ਜਤਿੰਦਰ ਗਰਗ) : ਮਹਾਨ ਸੂਰਬੀਰ ਅਤੇ ਕ੍ਰਾਂਤੀਕਾਰੀ ਚੰਦਰਸ਼ੇਖਰ ਆਜ਼ਾਦ ਦੇ ਜਨਮ ਦਿਹਾੜੇ ‘ਤੇ ‘ਸ਼੍ਰੀ ਬ੍ਰਾਹਮਣ ਸਭਾ, ਚੰਡੀਗੜ੍ਹ’ ਵੱਲੋਂ ਭਗਵਾਨ ਪਰਸ਼ੂਰਾਮ ਭਵਨ, ਸੈਕਟਰ 37 ਵਿਖੇ 23ਵੇਂ ਖ਼ੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸੰਜੇ ਟੰਡਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਖ਼ੂਨ ਦਾਨ ਕੈਂਪ ਵਿੱਚ ਖ਼ੂਨ ਦਾਨੀਆਂ ਵੱਲੋਂ ਭਰਵਾਂ ਹੁੰਗਾਰਾ ਦੇਖਣ ਨੂੰ ਮਿਲਿਆ ਅਤੇ ਕੁੱਲ 53 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ।
ਕ੍ਰਾਂਤੀਕਾਰੀ ਚੰਦਰਸ਼ੇਖਰ ਆਜ਼ਾਦ ਨੂੰ ਉਨ੍ਹਾਂ ਦੇ ਜਨਮ ਦਿਹਾੜੇ ‘ਤੇ ਸ਼ਰਧਾਂਜਲੀ ਭੇਟ ਕਰਦਿਆਂ ਟੰਡਨ ਨੇ ਕਿਹਾ ਕਿ ਇਸ ਦਿਨ ਨੂੰ ਖ਼ੂਨ ਦਾਨ ਵਰਗੇ ਸੇਵਾ ਕਾਰਜ ਲਈ ਸਮਰਪਿਤ ਕਰਨਾ ਅਮਰ ਸ਼ਹੀਦ ਦੀ ਦੇਸ਼ ਭਗਤੀ, ਕੁਰਬਾਨੀ ਅਤੇ ਨਿਸ਼ਕਾਮ ਸੇਵਾ ਦੇ ਆਦਰਸ਼ਾਂ ਨੂੰ ਸੱਚੀ ਸ਼ਰਧਾਂਜਲੀ ਹੈ। ਟੰਡਨ ਨੇ ਕਿਹਾ ਕਿ ਖ਼ੂਨ ਦਾਨ ਮਾਨਵਤਾ ਦੀ ਸਭ ਤੋਂ ਵੱਡੀ ਸੇਵਾ ਹੈ ਜੋ ਅਣਗਿਣਤ ਕੀਮਤੀ ਜਾਨਾਂ ਬਚਾ ਸਕਦੀ ਹੈ। ਉਨ੍ਹਾਂ ਨੇ ਸ਼੍ਰੀ ਬ੍ਰਾਹਮਣ ਸਭਾ ਵੱਲੋਂ ਸਮਾਜਿਕ ਜ਼ਿੰਮੇਵਾਰੀ ਅਤੇ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਨ ਵਾਲੇ ਅਜਿਹੇ ਉਪਰਾਲੇ ਲਗਾਤਾਰ ਕਰਨ ਦੀ ਸ਼ਲਾਘਾ ਕੀਤੀ।
ਇਸ ਮੌਕੇ ਟੰਡਨ ਨੇ ਖ਼ੂਨ ਦਾਨੀਆਂ ਨੂੰ ਸਰਟੀਫਿਕੇਟ, ਟਰਾਫ਼ੀਆਂ ਅਤੇ ਪੌਦੇ ਭੇਟ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਦਾਨੀਆਂ ਦੇ ਨਿਸ਼ਕਾਮ ਸੇਵਾ ਭਾਵ ਦੀ ਪ੍ਰਸ਼ੰਸਾ ਕੀਤੀ ਅਤੇ ਹੋਰਨਾਂ ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਨੂੰ ਵੱਧ-ਚੜ੍ਹ ਕੇ ਨਿਯਮਿਤ ਤੌਰ ‘ਤੇ ਖ਼ੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਭਲਾਈ ਦੇ ਕਾਰਜਾਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਅਤੇ ਇੱਕ ਨਰੋਏ, ਹਮਦਰਦ, ਸਮਾਜਿਕ ਤੌਰ ‘ਤੇ ਜ਼ਿੰਮੇਵਾਰ ਅਤੇ ਮਜ਼ਬੂਤ ਸਮਾਜ ਦੇ ਨਿਰਮਾਣ ਲਈ ਮਿਲ ਕੇ ਕੰਮ ਕਰਨ।
