ਲੁਧਿਆਣਾ, 16 ਸਤੰਬਰ, 2026 (ਸ਼ਹੀਦ-ਏ-ਆਜ਼ਮ ਬਿਊਰੋ) : ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਸਸਰਾਲੀ ਪਿੰਡ ਨੇੜੇ ਧੁੱਸੀ ਬੰਨ੍ਹ ਦੀ ਸਥਿਤੀ ਨੂੰ ਲੈ ਕੇ ਸਾਵਧਾਨੀ ਜਾਰੀ ਕੀਤੀ ਹੈ। ਪ੍ਰਸ਼ਾਸਨ ਮੁਤਾਬਕ ਤੇਜ਼ ਪਾਣੀ ਦੇ ਵਹਾਅ ਕਾਰਨ ਬੰਨ੍ਹ ’ਤੇ ਕਾਫ਼ੀ ਦਬਾਅ ਬਣਿਆ ਹੋਇਆ ਸੀ ਅਤੇ ਇਸ ਦੀ ਮਜ਼ਬੂਤੀ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਸੀ। ਪ੍ਰਸ਼ਾਸਨ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਬੰਨ੍ਹ ਵਿੱਚ ਕੋਈ ਚੀਰ ਜਾਂ ਨੁਕਸਾਨ ਹੁੰਦਾ ਹੈ ਤਾਂ ਸਸਰਾਲੀ, ਬੂੰਟ, ਰਾਵਤ, ਹਵਾਸ, ਸੀੜਾ, ਬੂਥਗੜ੍ਹ, ਮੰਗਲੀ ਟਾਂਡਾ, ਢੇਰੀ, ਖਵਾਜਕੇ, ਖਾਸੀ ਖੁਰਦ, ਮੰਗਲੀ ਕਾਦਰ, ਮੱਤੇਵਾੜਾ, ਮਾਂਗਟ ਅਤੇ ਮਿਹਰਬਾਨ ਸਮੇਤ ਨੇੜਲੇ ਇਲਾਕੇ ਪ੍ਰਭਾਵਿਤ ਹੋ ਸਕਦੇ ਹਨ ਅਤੇ ਪਾਣੀ ਨਾਲ ਘਿਰਨ ਦਾ ਖ਼ਤਰਾ ਪੈਦਾ ਹੋ ਸਕਦਾ ਹੈ।
ਲੋਕਾਂ ਨੂੰ ਕੀ ਹਦਾਇਤਾਂ ਦਿੱਤੀਆਂ ਗਈਆਂ?: ਪ੍ਰਸ਼ਾਸਨ ਨੇ ਪ੍ਰਭਾਵਿਤ ਜਾਂ ਸੰਭਾਵਿਤ ਪ੍ਰਭਾਵਿਤ ਇਲਾਕਿਆਂ ਦੇ ਵਸਨੀਕਾਂ ਨੂੰ ਉੱਚ ਸਤਰਕਤਾ ਰੱਖਣ ਅਤੇ ਸਥਿਤੀ ’ਤੇ ਲਗਾਤਾਰ ਨਜ਼ਰ ਰੱਖਣ ਲਈ ਕਿਹਾ। ਦੋ ਮੰਜ਼ਿਲਾ ਮਕਾਨਾਂ ਵਿੱਚ ਰਹਿਣ ਵਾਲਿਆਂ ਨੂੰ ਸੁਰੱਖਿਆ ਲਈ ਉਪਰਲੀ ਮੰਜ਼ਿਲ ’ਤੇ ਰਹਿਣ ਅਤੇ ਨੀਵੇਂ ਇਲਾਕਿਆਂ ਜਾਂ ਇਕ ਮੰਜ਼ਿਲਾ ਘਰਾਂ ਵਿੱਚ ਰਹਿਣ ਵਾਲਿਆਂ ਨੂੰ ਲੋੜ ਪੈਣ ’ਤੇ ਅਸਥਾਈ ਤੌਰ ’ਤੇ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਸਲਾਹ ਦਿੱਤੀ ਗਈ। ਇਸ ਤੋਂ ਇਲਾਵਾ ਜ਼ਰੂਰੀ ਦਸਤਾਵੇਜ਼ ਅਤੇ ਕੀਮਤੀ ਸਮਾਨ ਪਾਣੀ-ਰੋਧੀ ਬੈਗਾਂ ਵਿੱਚ ਤਿਆਰ ਰੱਖਣ ਅਤੇ ਬੱਚਿਆਂ, ਬਜ਼ੁਰਗਾਂ ਤੇ ਬਿਮਾਰ ਵਿਅਕਤੀਆਂ ਨੂੰ ਪਹਿਲ ਦੇ ਆਧਾਰ ’ਤੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦੀ ਹਦਾਇਤ ਕੀਤੀ ਗਈ ਸੀ।
ਰਾਹਤ ਕੇਂਦਰ ਕੀਤੇ ਗਏ ਸਨ ਤਿਆਰ: ਪ੍ਰਸ਼ਾਸਨ ਵੱਲੋਂ ਸੰਭਾਵਿਤ ਹੜ੍ਹ ਦੀ ਸਥਿਤੀ ਲਈ ਰਾਹੋਂ ਰੋਡ ਗੌਂਸਗੜ੍ਹ ਸਤਿਸੰਗ ਘਰ, ਚੰਡੀਗੜ੍ਹ ਰੋਡ ਮੁੰਡੀਆਂ ਸਤਿਸੰਗ ਘਰ, ਟਿੱਬਾ ਰੋਡ ਸਤਿਸੰਗ ਘਰ, ਕੈਲਾਸ਼ ਨਗਰ ਸਤਿਸੰਗ ਘਰ, ਸਸਰਾਲੀ ਨੇੜੇ ਰਾਧਾ ਸੁਆਮੀ ਸੈਂਟਰ, ਖਾਸੀ ਕਲਾਂ ਮੰਡੀ ਤੇ ਸਕੂਲ, ਭੂਖੜੀ ਸਕੂਲ, ਮੱਤੇਵਾੜਾ ਸਕੂਲ ਅਤੇ ਮੱਤੇਵਾੜਾ ਮੰਡੀ ਨੂੰ ਰੈਸਕਿਊ ਸੈਂਟਰ ਵਜੋਂ ਤਿਆਰ ਕੀਤਾ ਗਿਆ ਸੀ। ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ, ਪੁਲਸ ਅਤੇ ਆਫ਼ਤ ਪ੍ਰਬੰਧਨ ਟੀਮਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਸੀ। ਐਮਰਜੈਂਸੀ ਲਈ ਫਲੱਡ ਕੰਟਰੋਲ ਰੂਮ 0161-2433100 ਅਤੇ ਪੁਲਸ ਹੈਲਪਲਾਈਨ 112 ਜਾਰੀ ਕੀਤੀ ਗਈ ਸੀ।







