ਫ਼ਤਿਹਗੜ੍ਹ ਸਾਹਿਬ,11 ਨਵੰਬਰ, 2026 (ਗੁਰਮੀਤ ਸਿੰਘ ਤੁੰਗ) : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਦੇ ਸਿੱਖਿਆ ਵਿਭਾਗ ਵੱਲੋਂ ਰਾਸ਼ਟਰੀ ਸਿੱਖਿਆ ਦਿਵਸ ਮੌਕੇ ਕਿਸ਼ੋਰਾਂ ਵਿੱਚ ਹਮਲਾਵਰ ਵਿਵਹਾਰ ਦੇ ਮਨੋਵਿਗਿਆਨਕ, ਸਮਾਜਿਕ ਅਤੇ ਵਿਵਹਾਰਕ ਪਹਿਲੂਆਂ ਨੂੰ ਸਮਝਣ ਦੇ ਉਦੇਸ਼ ਨਾਲ ਵਿਦਿਆਰਥੀ ਖੋਜ ਕਾਨਫਰੰਸ ਕਰਵਾਈ ਗਈ। ਕਾਨਫਰੰਸ ਦਾ ਵਿਸ਼ਾ “ਕਿਸ਼ੋਰਾਂ ਵਿੱਚ ਹਮਲਾਵਰ ਵਿਵਹਾਰ: ਜੋਖਮ ਕਾਰਕਾਂ ਤੋਂ ਮਾਨਸਿਕ ਦ੍ਰਿੜ੍ਹਤਾ ਤੱਕ—ਖੋਜ, ਰੋਕਥਾਮ ਅਤੇ ਦਖ਼ਲਅੰਦਾਜ਼ੀ” ਸੀ। ਪ੍ਰੋ. (ਡਾ.) ਪਰਿਤ ਪਾਲ ਸਿੰਘ, ਵਾਈਸ ਚਾਂਸਲਰ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਯੂਨੀਵਰਸਿਟੀਆਂ ਨੂੰ ਸਿੱਖਿਆ ਦੇ ਨਾਲ-ਨਾਲ ਸਮਾਜਿਕ ਅਤੇ ਮਨੋਵਿਗਿਆਨਕ ਚੁਣੌਤੀਆਂ ਦੇ ਹੱਲ ਲਈ ਵੀ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਨੇ ਗੁਣਵੱਤਾਪੂਰਨ ਖੋਜ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਦੁਹਰਾਈ। ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ, ਡੀਨ ਅਕਾਦਮਿਕ ਮਾਮਲੇ ਨੇ ਉਦਘਾਟਨੀ ਭਾਸ਼ਣ ਦਿੰਦਿਆਂ ਖੋਜ ਅਤੇ ਅਕਾਦਮਿਕ ਸੰਵਾਦ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਅਤੇ ਵਿਦਿਆਰਥੀਆਂ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਅਪਣਾਉਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਡਾ. ਹਰਨੀਤ ਬਿਲਿੰਗ, ਮੁਖੀ, ਸਿੱਖਿਆ ਵਿਭਾਗ ਨੇ ਸਵਾਗਤੀ ਭਾਸ਼ਣ ਦਿੱਤਾ। ਉਨ੍ਹਾਂ ਨੇ ਕਿਸ਼ੋਰਾਂ ਵਿੱਚ ਹਮਲਾਵਰ ਵਿਵਹਾਰ ਨੂੰ ਬਹੁਪੱਖੀ ਸਮੱਸਿਆ ਦੱਸਦਿਆਂ ਇਸ ਦੇ ਮਨੋਵਿਗਿਆਨਕ ਅਤੇ ਸਮਾਜਿਕ ਕਾਰਨਾਂ ਨੂੰ ਸਮਝਣ ਦੀ ਲੋੜ ਉੱਤੇ ਜ਼ੋਰ ਦਿੱਤਾ। ਪਹਿਲੇ ਤਕਨੀਕੀ ਸੈਸ਼ਨ ਵਿੱਚ ਡਾ. ਇੰਦਰਪ੍ਰੀਤ ਕੌਰ ਸੰਧੂ, ਐਸੋਸੀਏਟ ਪ੍ਰੋਫੈਸਰ, ਮਨੋਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਡਾ. ਅੰਕਿਤ ਡਾਂਗੀ, ਮਨੋਚਿਕਿਤਸਾ ਵਿਭਾਗ, ਪੀ.ਜੀ.ਆਈ., ਚੰਡੀਗੜ੍ਹ ਨੇ ਵਿਸ਼ਾ ਮਾਹਿਰਾਂ ਵਜੋਂ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ, ਸਮੱਸਿਆਵਾਂ ਦੀ ਸਮੇਂ ਸਿਰ ਪਛਾਣ ਅਤੇ ਪੇਸ਼ੇਵਰ ਸਹਾਇਤਾ ਦੀ ਮਹੱਤਤਾ ਉਜਾਗਰ ਕੀਤੀ।
ਦੂਜੇ ਅਤੇ ਤੀਜੇ ਤਕਨੀਕੀ ਸੈਸ਼ਨਾਂ ਵਿੱਚ ਪੰਜਾਬ ਦੇ ਵੱਖ-ਵੱਖ ਸਿੱਖਿਆ ਕਾਲਜਾਂ ਦੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਵੱਲੋਂ ਆਨਲਾਈਨ ਅਤੇ ਆਫਲਾਈਨ ਮਾਧਿਅਮ ਰਾਹੀਂ 15 ਖੋਜ ਪੱਤਰ ਪੇਸ਼ ਕੀਤੇ ਗਏ। ਇਨ੍ਹਾਂ ਸੈਸ਼ਨਾਂ ਦੀ ਪ੍ਰਧਾਨਗੀ ਡਾ. ਕਿਰਨ ਸਚਦੇਵਾ, ਮਨੋਵਿਗਿਆਨੀ ਅਤੇ ਪੁਨਰਵਾਸ ਕੌਂਸਲਰ ਨੇ ਕੀਤੀ। ਉਨ੍ਹਾਂ ਨੇ ਕਿਸ਼ੋਰਾਂ ਦੀ ਭਾਵਨਾਤਮਕ ਸਿਹਤ ਅਤੇ ਵਿਵਹਾਰਕ ਸਮੱਸਿਆਵਾਂ ਦੇ ਹੱਲ ਲਈ ਕੌਂਸਲਿੰਗ ਅਤੇ ਮਾਨਸਿਕ ਦ੍ਰਿੜ੍ਹਤਾ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਸਮਾਪਤੀ ਸੈਸ਼ਨ ਵਿੱਚ ਮਿਸ ਨਵਜੋਤ ਕੌਰ, ਕਾਨਫਰੰਸ ਕੋਆਰਡੀਨੇਟਰ ਨੇ ਰਿਪੋਰਟ ਪੇਸ਼ ਕੀਤੀ। ਡਾ. ਸੁਮਨ ਪ੍ਰੀਤ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਸਨਮਾਨ ਸਮਾਰੋਹ ਵੀ ਕਰਵਾਇਆ ਗਿਆ। ਕਾਨਫਰੰਸ ਨੇ ਕਿਸ਼ੋਰਾਂ ਦੀ ਮਾਨਸਿਕ ਸਿਹਤ ਅਤੇ ਭਾਵਨਾਤਮਕ ਤੰਦਰੁਸਤੀ ਸਬੰਧੀ ਚੁਣੌਤੀਆਂ ਦੇ ਹੱਲ ਲਈ ਖੋਜ ਅਤੇ ਸਿੱਖਿਆ ਸੰਸਥਾਵਾਂ ਦੀ ਭੂਮਿਕਾ ਨੂੰ ਉਜਾਗਰ ਕੀਤਾ।