ਚੰਡੀਗੜ੍ਹ, 10 ਸਤੰਬਰ, 2026 (ਹਰਸ਼ਪ੍ਰੀਤ ਕੌਰ) : ਸਿਰ ਦਰਦ, ਦੰਦਾਂ ਦਾ ਦਰਦ, ਮਾਸਪੇਸ਼ੀਆਂ ਵਿੱਚ ਦਰਦ ਜਾਂ ਮਾਹਵਾਰੀ ਦੌਰਾਨ ਹੋਣ ਵਾਲੀਆਂ ਤਕਲੀਫ਼ਾਂ ਲਈ ਦਰਦ ਨਿਵਾਰਕ ਦਵਾਈਆਂ ਦੀ ਵਰਤੋਂ ਆਮ ਗੱਲ ਹੈ। ਪਰ ਡਾਕਟਰਾਂ ਮੁਤਾਬਕ ਬਿਨਾਂ ਡਾਕਟਰੀ ਸਲਾਹ ਦੇ ਇਨ੍ਹਾਂ ਦਵਾਈਆਂ ਨੂੰ ਵਾਰ-ਵਾਰ ਜਾਂ ਲੰਬੇ ਸਮੇਂ ਤੱਕ ਲੈਣਾ ਸਿਹਤ ਲਈ ਗੰਭੀਰ ਖ਼ਤਰਾ ਬਣ ਸਕਦਾ ਹੈ। ਕੁਝ ਹਾਲਾਤਾਂ ਵਿੱਚ ਇਸ ਕਾਰਨ ਕਿਡਨੀ, ਜਿਗਰ ਅਤੇ ਦਿਲ ਨੂੰ ਅਜਿਹਾ ਨੁਕਸਾਨ ਹੋ ਸਕਦਾ ਹੈ ਜੋ ਪੂਰੀ ਤਰ੍ਹਾਂ ਠੀਕ ਨਾ ਹੋਵੇ। ਦਰਦ ਘਟਾਉਣ ਵਾਲੀਆਂ ਦਵਾਈਆਂ ਨੂੰ ਆਮ ਤੌਰ ’ਤੇ ਐਨਾਲਜੈਸਿਕਸ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚ Non-Steroidal Anti-Inflammatory Drugs (NSAIDs) ਅਤੇ Opioids ਵਰਗੀਆਂ ਦਵਾਈਆਂ ਸ਼ਾਮਲ ਹਨ। NSAIDs ਦੀ ਵਰਤੋਂ ਅਕਸਰ ਸਿਰ ਦਰਦ, ਬੁਖਾਰ, ਜੋੜਾਂ ਅਤੇ ਮਾਸਪੇਸ਼ੀਆਂ ਦੇ ਦਰਦ ਲਈ ਕੀਤੀ ਜਾਂਦੀ ਹੈ, ਜਦਕਿ Opioids ਆਮ ਤੌਰ ’ਤੇ ਗੰਭੀਰ ਦਰਦ, ਵੱਡੀ ਸਰਜਰੀ ਜਾਂ ਗੰਭੀਰ ਸੱਟ ਤੋਂ ਬਾਅਦ ਡਾਕਟਰੀ ਨਿਗਰਾਨੀ ਹੇਠ ਦਿੱਤੀਆਂ ਜਾਂਦੀਆਂ ਹਨ। ਮਾਹਿਰਾਂ ਅਨੁਸਾਰ ਜਦੋਂ ਦਰਦ ਨਿਵਾਰਕ ਦਵਾਈਆਂ ਸਹੀ ਮਾਤਰਾ ਅਤੇ ਲੋੜ ਮੁਤਾਬਕ ਲਈਆਂ ਜਾਣ ਤਾਂ ਇਹ ਪ੍ਰਭਾਵਸ਼ਾਲੀ ਅਤੇ ਲਾਭਦਾਇਕ ਹੁੰਦੀਆਂ ਹਨ। ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਲੋਕ ਛੋਟੀ-ਛੋਟੀ ਤਕਲੀਫ਼ਾਂ ਲਈ ਆਪਣੀ ਮਰਜ਼ੀ ਨਾਲ ਦਵਾਈ ਲੈਣ ਲੱਗਦੇ ਹਨ ਅਤੇ ਇਸ ਦੀ ਵਰਤੋਂ ਲੋੜ ਤੋਂ ਵੱਧ ਸਮੇਂ ਤੱਕ ਜਾਰੀ ਰੱਖਦੇ ਹਨ। ਜੁਲਾਈ 2021 ਵਿੱਚ National Library of Medicine ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਅਨੁਸਾਰ ਦਰਦ ਨਿਵਾਰਕ ਦਵਾਈਆਂ ਦੀ ਬਹੁਤ ਜ਼ਿਆਦਾ ਜਾਂ ਲੰਬੇ ਸਮੇਂ ਤੱਕ ਵਰਤੋਂ ਕਿਡਨੀ ਅਤੇ ਜਿਗਰ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ ਦਿਲ ਨਾਲ ਸਬੰਧਤ ਬਿਮਾਰੀਆਂ ਦੇ ਖ਼ਤਰੇ ਨੂੰ ਵੀ ਵਧਾ ਸਕਦੀ ਹੈ। ਖ਼ਾਸ ਤੌਰ ’ਤੇ ਕੁਝ NSAIDs ਕਿਡਨੀ ਤੱਕ ਪਹੁੰਚਣ ਵਾਲੇ ਖੂਨ ਦੇ ਪ੍ਰਵਾਹ ਨੂੰ ਘਟਾ ਸਕਦੀਆਂ ਹਨ, ਜਿਸ ਨਾਲ ਕਿਡਨੀ ਦੀ ਰਹਿੰਦ-ਖੂੰਹਦ ਫਿਲਟਰ ਕਰਨ ਦੀ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਦਵਾਈਆਂ ਕਾਰਨ ਹੋਣ ਵਾਲਾ ਕਿਡਨੀ ਨੁਕਸਾਨ ਹਮੇਸ਼ਾ ਹੌਲੀ-ਹੌਲੀ ਨਹੀਂ ਹੁੰਦਾ। ਦਵਾਈ ਦੀ ਮਾਤਰਾ, ਕਿਸਮ, ਸਰੀਰ ਵਿੱਚ ਪਾਣੀ ਦੀ ਘਾਟ ਅਤੇ ਪਹਿਲਾਂ ਤੋਂ ਮੌਜੂਦ ਸਿਹਤ ਸਮੱਸਿਆਵਾਂ ਇਸ ਖ਼ਤਰੇ ਨੂੰ ਵਧਾ ਸਕਦੀਆਂ ਹਨ। ਗੰਭੀਰ ਮਾਮਲਿਆਂ ਵਿੱਚ ਕਿਡਨੀ ਦੀ ਕਾਰਗੁਜ਼ਾਰੀ ਇੰਨੀ ਪ੍ਰਭਾਵਿਤ ਹੋ ਸਕਦੀ ਹੈ ਕਿ ਡਾਇਲਿਸਿਸ ਦੀ ਲੋੜ ਪੈ ਸਕਦੀ ਹੈ। ਨੁਕਸਾਨ ਕਿੰਨਾ ਠੀਕ ਹੋਵੇਗਾ, ਇਹ ਕਈ ਹੱਦ ਤੱਕ ਸਮੇਂ ਸਿਰ ਦਵਾਈ ਬੰਦ ਕਰਨ ਅਤੇ ਇਲਾਜ ਸ਼ੁਰੂ ਹੋਣ ’ਤੇ ਨਿਰਭਰ ਕਰਦਾ ਹੈ। ਦਰਦ ਨਿਵਾਰਕ ਦਵਾਈਆਂ ਦੀ ਬੇਲੋੜੀ ਜਾਂ ਲੰਬੇ ਸਮੇਂ ਦੀ ਵਰਤੋਂ ਨਾਲ ਪੇਟ ਦੀ ਅੰਦਰੂਨੀ ਪਰਤ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ, ਜਿਸ ਕਾਰਨ ਅਲਸਰ ਜਾਂ ਅੰਦਰੂਨੀ ਖੂਨ ਵਹਿਣ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਜਿਗਰ ਅਤੇ ਦਿਲ ਨਾਲ ਜੁੜੇ ਖ਼ਤਰਿਆਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਬਜ਼ੁਰਗ ਲੋਕ, ਪਹਿਲਾਂ ਤੋਂ ਕਿਡਨੀ ਜਾਂ ਜਿਗਰ ਦੀ ਸਮੱਸਿਆ ਵਾਲੇ ਮਰੀਜ਼, ਸਰੀਰ ਵਿੱਚ ਪਾਣੀ ਦੀ ਘਾਟ ਵਾਲੇ ਵਿਅਕਤੀ ਅਤੇ ਉਹ ਲੋਕ ਜੋ ਹੋਰ ਦਵਾਈਆਂ ਲੈ ਰਹੇ ਹਨ, ਦਰਦ ਨਿਵਾਰਕ ਦਵਾਈਆਂ ਦੇ ਮਾੜੇ ਪ੍ਰਭਾਵਾਂ ਲਈ ਵਧੇਰੇ ਸੰਵੇਦਨਸ਼ੀਲ ਹੋ ਸਕਦੇ ਹਨ। ਜੇ ਦਵਾਈ ਲੈਣ ਤੋਂ ਬਾਅਦ ਸਰੀਰ ਵਿੱਚ ਸੋਜ, ਪਿਸ਼ਾਬ ਘੱਟ ਆਉਣਾ, ਬੇਹੱਦ ਥਕਾਵਟ, ਮਤਲੀ ਜਾਂ ਪੇਟ ਵਿੱਚ ਦਰਦ ਵਰਗੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।
ਮਾਹਿਰਾਂ ਮੁਤਾਬਕ ਹਰ ਤਰ੍ਹਾਂ ਦੇ ਹਲਕੇ ਦਰਦ ਲਈ ਤੁਰੰਤ ਗੋਲੀ ਲੈਣਾ ਜ਼ਰੂਰੀ ਨਹੀਂ। ਸਿਰ ਦਰਦ ਵਿੱਚ ਆਰਾਮ, ਪਾਣੀ ਪੀਣਾ ਅਤੇ ਪੂਰੀ ਨੀਂਦ ਮਦਦਗਾਰ ਹੋ ਸਕਦੀ ਹੈ। ਮਾਸਪੇਸ਼ੀਆਂ ਦੇ ਦਰਦ ਵਿੱਚ ਹਲਕੀ ਸਟ੍ਰੈਚਿੰਗ ਅਤੇ ਗਰਮ ਸੇਕ, ਮਾਮੂਲੀ ਸੱਟ ਜਾਂ ਮੋਚ ਵਿੱਚ ਸ਼ੁਰੂਆਤੀ ਦੌਰਾਨ ਆਰਾਮ ਅਤੇ ਠੰਢਾ ਸੇਕ, ਜਦਕਿ ਪਿੱਠ ਦਰਦ ਵਿੱਚ ਹਲਕੀ ਸਰਗਰਮੀ ਅਤੇ ਸਟ੍ਰੈਚਿੰਗ ਲਾਭਦਾਇਕ ਹੋ ਸਕਦੀ ਹੈ। ਮਾਹਵਾਰੀ ਦੇ ਦਰਦ ਵਿੱਚ ਗਰਮ ਪਾਣੀ ਦੀ ਬੋਤਲ ਅਤੇ ਹਲਕੀ ਕਸਰਤ ਨਾਲ ਵੀ ਰਾਹਤ ਮਿਲ ਸਕਦੀ ਹੈ। ਦੰਦਾਂ ਦੇ ਦਰਦ ਵਿੱਚ ਗੁੰਮਗਰਮ ਨਮਕ ਵਾਲੇ ਪਾਣੀ ਨਾਲ ਕੁਰਲੀ ਕੁਝ ਸਮੇਂ ਲਈ ਰਾਹਤ ਦੇ ਸਕਦੀ ਹੈ, ਪਰ ਅਸਲ ਕਾਰਨ ਦਾ ਇਲਾਜ ਕਰਵਾਉਣ ਲਈ ਦੰਦਾਂ ਦੇ ਡਾਕਟਰ ਨਾਲ ਸਲਾਹ ਕਰਨੀ ਜ਼ਰੂਰੀ ਹੈ। ਡਾਕਟਰਾਂ ਦੀ ਸਲਾਹ ਹੈ ਕਿ ਦਰਦ ਨਿਵਾਰਕ ਦਵਾਈਆਂ ਦੀ ਸਭ ਤੋਂ ਘੱਟ ਪ੍ਰਭਾਵਸ਼ਾਲੀ ਮਾਤਰਾ ਅਤੇ ਸਭ ਤੋਂ ਘੱਟ ਸਮੇਂ ਲਈ ਵਰਤੋਂ ਕੀਤੀ ਜਾਵੇ। ਜੇ ਕਿਸੇ ਵਿਅਕਤੀ ਨੂੰ ਨਿਯਮਿਤ ਤੌਰ ’ਤੇ ਦਰਦ ਦੀ ਦਵਾਈ ਲੈਣ ਦੀ ਲੋੜ ਪੈ ਰਹੀ ਹੈ ਤਾਂ ਆਪਣੀ ਮਰਜ਼ੀ ਨਾਲ ਦਵਾਈ ਜਾਰੀ ਰੱਖਣ ਦੀ ਬਜਾਏ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ। ਸਹੀ ਵਰਤੋਂ ਨਾਲ ਦਵਾਈ ਲਾਭਦਾਇਕ ਹੈ, ਪਰ ਬੇਲੋੜੀ ਵਰਤੋਂ ਸਰੀਰ ਦੇ ਮਹੱਤਵਪੂਰਨ ਅੰਗਾਂ ਲਈ ਗੰਭੀਰ ਨੁਕਸਾਨ ਦਾ ਕਾਰਨ ਬਣ ਸਕਦੀ ਹੈ।
