Home ਦੇਸ਼ ਮਸ਼ਹੂਰ ਲੋਕ ਗਾਇਕਾ ਪਦਮ ਵਿਭੂਸ਼ਣ ਤੀਜਨ ਬਾਈ ਦਾ ਦੇਹਾਂਤ

ਮਸ਼ਹੂਰ ਲੋਕ ਗਾਇਕਾ ਪਦਮ ਵਿਭੂਸ਼ਣ ਤੀਜਨ ਬਾਈ ਦਾ ਦੇਹਾਂਤ

0

ਰਾਏਪੁਰ, 5 ਜੁਲਾਈ (ਜਤਿੰਦਰ ਗਰਗ): ਪਦਮ ਵਿਭੂਸ਼ਣ ਨਾਲ ਸਨਮਾਨਿਤ ਅਤੇ ਮਸ਼ਹੂਰ ਪਾਂਡਵਾਨੀ ਗਾਇਕਾ ਤੀਜਨ ਬਾਈ, ਜਿਨ੍ਹਾਂ ਨੇ ਛੱਤੀਸਗੜ੍ਹ ਦੀ ਅਮੀਰ ਲੋਕ ਗਾਇਕੀ ਅਤੇ ਕਲਾ ਨੂੰ ਪ੍ਰਫੁੱਲਿਤ ਕਰਨ ਲਈ ਆਪਣੇ ਜੀਵਨ ਦੇ 5 ਦਹਾਕਿਆਂ ਤੋਂ ਵੱਧ ਦਾ ਸਮਾਂ ਸਮਰਪਿਤ ਕੀਤਾ, ਐਤਵਾਰ ਨੂੰ ਰਾਏਪੁਰ ਵਿਖੇ ਚੱਲ ਵਸੇ। ਉਹ 72 ਸਾਲਾਂ ਦੇ ਸਨ।

ਰਿਪੋਰਟਾਂ ਅਨੁਸਾਰ, ਉਹ ਪਿਛਲੇ ਕਈ ਹਫ਼ਤਿਆਂ ਤੋਂ ਲੰਬੀ ਬਿਮਾਰੀ ਕਾਰਨ ਏਮਜ਼ (AIIMS) ਰਾਏਪੁਰ ਵਿਖੇ ਜ਼ੇਰੇ-ਇਲਾਜ ਸਨ। ਤੜਕੇ ਸਵੇਰੇ ਲਗਭਗ 3:15 ਵਜੇ ਉਨ੍ਹਾਂ ਦੀ ਤਬੀਅਤ ਜ਼ਿਆਦਾ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਆਖਰੀ ਸਾਹ ਲਿਆ।

ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਇ ਨੇ ਕੀਤੀ। ਮੁੱਖ ਮੰਤਰੀ ਨੇ ਇਸ ਮਹਾਨ ਲੋਕ ਕਲਾਕਾਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਯਾਦ ਕੀਤਾ ਕਿ ਕਿਵੇਂ ਉਨ੍ਹਾਂ ਨੇ ਰਾਜ ਦੀ ਸੱਭਿਆਚਾਰਕ ਵਿਰਾਸਤ ਨੂੰ ਪੂਰੇ ਦੇਸ਼ ਅਤੇ ਦੁਨੀਆ ਭਰ ਦੇ ਦਰਸ਼ਕਾਂ ਤੱਕ ਪਹੁੰਚਾਇਆ।

ਦੁੱਖ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਇ ਨੇ ਕਹਾ, “ਪਦਮ ਸ਼੍ਰੀ, ਪਦਮ ਭੂਸ਼ਣ ਅਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਤੀਜਨ ਬਾਈ ਜੀ ਹੁਣ ਸਾਡੇ ਵਿਚਕਾਰ ਨਹੀਂ ਰਹੇ। ਉਨ੍ਹਾਂ ਨੇ ਪੂਰੀ ਦੁਨੀਆ ਵਿੱਚ ਛੱਤੀਸਗੜ੍ਹ ਦਾ ਨਾਂ ਰੌਸ਼ਨ ਕੀਤਾ ਹੈ। ਅਸੀਂ ਉਨ੍ਹਾਂ ਨੂੰ ਨਿਮਰ ਸ਼ਰਧਾਂਜਲੀ ਭੇਟ ਕਰਦੇ ਹਾਂ।”

ਕਲਾ ਦੇ ਖੇਤਰ ਵਿੱਚ ਵੱਡਾ ਯੋਗਦਾਨ

24 ਅਪ੍ਰੈਲ, 1956 ਨੂੰ ਦੁਰਗ ਜ਼ਿਲ੍ਹੇ ਦੇ ਪਿੰਡ ਗਨਿਆਰੀ ਵਿੱਚ ਜਨਮੀ ਤੀਜਨ ਬਾਈ ਭਾਰਤ ਦੇ ਸਭ ਤੋਂ ਮਸ਼ਹੂਰ ਲੋਕ ਕਲਾਕਾਰਾਂ ਵਿੱਚੋਂ ਇੱਕ ਵਜੋਂ ਉੱਭਰੇ। ਉਨ੍ਹਾਂ ਨੇ ਮਹਿਜ਼ 13 ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਜਨਤਕ ਪੇਸ਼ਕਾਰੀ ਦਿੱਤੀ ਸੀ ਅਤੇ ਮਹਾਭਾਰਤ ਦੀਆਂ ਕਹਾਣੀਆਂ ‘ਤੇ ਅਧਾਰਤ ਸੰਗੀਤਕ ਪੇਸ਼ਕਾਰੀ ‘ਪਾਂਡਵਾਨੀ’ ਕਲਾ ਨੂੰ ਇੱਕ ਨਵਾਂ ਮੁਕਾਮ ਦਿੱਤਾ।

ਉਸ ਦੌਰ ਵਿੱਚ ਜਦੋਂ ਮਹਿਲਾਵਾਂ ਰਵਾਇਤੀ ਤੌਰ ‘ਤੇ ਬੈਠ ਕੇ (ਵੇਦਮਤੀ ਸ਼ੈਲੀ ਵਿੱਚ) ਪਾਂਡਵਾਨੀ ਗਾਉਂਦੀਆਂ ਸਨ, ਤੀਜਨ ਬਾਈ ਨੇ ਇਸ ਰਵਾਇਤ ਨੂੰ ਤੋੜਿਆ। ਉਹ ਖੜ੍ਹੇ ਹੋ ਕੇ ਜ਼ੋਰਦਾਰ “ਕਪਾਲਿਕ” ਸ਼ੈਲੀ ਵਿੱਚ ਪੇਸ਼ਕਾਰੀ ਦੇਣ ਵਾਲੀ ਪਹਿਲੀ ਮਹਿਲਾ ਬਣੇ, ਜਿਸ ‘ਤੇ ਪਹਿਲਾਂ ਸਿਰਫ਼ ਪੁਰਸ਼ ਕਲਾਕਾਰਾਂ ਦਾ ਦਬਦਬਾ ਹੁੰਦਾ ਸੀ।

ਆਪਣੇ 50 ਸਾਲਾਂ ਤੋਂ ਵੱਧ ਦੇ ਕਰੀਅਰ ਵਿੱਚ ਉਨ੍ਹਾਂ ਨੇ ਛੱਤੀਸਗੜ੍ਹ ਦੀ ਇਸ ਲੋਕ ਪਰੰਪਰਾ ਨੂੰ ਏਸ਼ੀਆ, ਯੂਰਪ ਅਤੇ ਦੁਨੀਆ ਦੇ ਕਈ ਹੋਰ ਹਿੱਸਿਆਂ ਤੱਕ ਪਹੁੰਚਾਇਆ। ਸ਼ੁਰੂਆਤੀ ਸਾਲਾਂ ਵਿੱਚ ਸਮਾਜਿਕ ਵਿਰੋਧ ਦਾ ਸਾਹਮਣਾ ਕਰਨ ਦੇ ਬਾਵਜੂਦ, ਉਹ ਪਾਂਡਵਾਨੀ ਨੂੰ ਸੰਭਾਲਣ ਅਤੇ ਇਸਦਾ ਪ੍ਰਚਾਰ ਕਰਨ ਲਈ ਦ੍ਰਿੜ ਰਹੇ।

ਭਾਰਤੀ ਲੋਕ ਸੰਸਕ੍ਰਿਤੀ ਵਿੱਚ ਉਨ੍ਹਾਂ ਦੇ ਅਦੁੱਤੀ ਯੋਗਦਾਨ ਲਈ ਉਨ੍ਹਾਂ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨਾਂ, ਜਿਨ੍ਹਾਂ ਵਿੱਚ ਪਦਮ ਸ਼੍ਰੀ, ਪਦਮ ਭੂਸ਼ਣ, ਪਦਮ ਵਿਭੂਸ਼ਣ ਅਤੇ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਸ਼ਾਮਲ ਹਨ, ਨਾਲ ਨਿਵਾਜਿਆ ਗਿਆ ਸੀ।

 

Exit mobile version