Homeਸਪੋਰਟਸਨਿਊਜ਼ੀਲੈਂਡ ਵਿੱਚ ਪੰਜਾਬੀ ਨੌਜਵਾਨ ਹਰਮਨ ਢਿੱਲੋਂ ਦੀ ਸ਼ਾਨਦਾਰ ਪ੍ਰਾਪਤੀ, ਪਹਿਲੇ ਦੋ ਮੁਕਾਬਲਿਆਂ...

ਨਿਊਜ਼ੀਲੈਂਡ ਵਿੱਚ ਪੰਜਾਬੀ ਨੌਜਵਾਨ ਹਰਮਨ ਢਿੱਲੋਂ ਦੀ ਸ਼ਾਨਦਾਰ ਪ੍ਰਾਪਤੀ, ਪਹਿਲੇ ਦੋ ਮੁਕਾਬਲਿਆਂ ਵਿੱਚ ਜਿੱਤੇ 5 ਮੈਡਲ

Indian bodybuilder Harman Dhillon from Khairabad, Amritsar, wins four gold medals and one silver medal in his first two natural bodybuilding competitions in New Zealand.

ਚਾਰ ਸੋਨੇ ਅਤੇ ਇੱਕ ਚਾਂਦੀ ਦਾ ਤਮਗਾ ਜਿੱਤ ਕੇ ਅੰਮ੍ਰਿਤਸਰ ਦੇ ਪਿੰਡ ਖੈਰਾਬਾਦ ਦਾ ਨਾਂ ਕੀਤਾ ਰੌਸ਼ਨ, ਨੈਚੁਰਲ ਬਾਡੀਬਿਲਡਿੰਗ ਵਿੱਚ ਬਣਾਈ ਵੱਖਰੀ ਪਛਾਣ

ਔਕਲੈਂਡ, 2 ਨਵੰਬਰ, 2026 (ਚੌਧਰੀ ਪ੍ਰਭਜੀਤ ਸਿੰਘ ) : ਨਿਊਜ਼ੀਲੈਂਡ ਵਿੱਚ ਰਹਿੰਦੇ ਪੰਜਾਬੀ ਬਾਡੀਬਿਲਡਰ ਹਰਮਨ ਢਿੱਲੋਂ ਨੇ ਆਪਣੀ ਸਖ਼ਤ ਮਿਹਨਤ, ਲਗਨ ਅਤੇ ਅਨੁਸ਼ਾਸਨ ਦੇ ਦਮ ‘ਤੇ ਅੰਤਰਰਾਸ਼ਟਰੀ ਪੱਧਰ ‘ਤੇ ਪੰਜਾਬ ਦਾ ਮਾਣ ਵਧਾਇਆ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖੈਰਾਬਾਦ ਨਾਲ ਸਬੰਧਤ ਹਰਮਨ ਨੇ ਆਪਣੇ ਬਾਡੀਬਿਲਡਿੰਗ ਕਰੀਅਰ ਦੇ ਪਹਿਲੇ ਦੋ ਮੁਕਾਬਲਿਆਂ ਵਿੱਚ ਹੀ ਕੁੱਲ ਪੰਜ ਮੈਡਲ ਜਿੱਤ ਕੇ ਸ਼ਾਨਦਾਰ ਪ੍ਰਾਪਤੀ ਦਰਜ ਕੀਤੀ ਹੈ। ਇਨ੍ਹਾਂ ਵਿੱਚ ਚਾਰ ਸੋਨੇ ਅਤੇ ਇੱਕ ਚਾਂਦੀ ਦਾ ਮੈਡਲ ਸ਼ਾਮਲ ਹੈ। ਹਰਮਨ ਢਿੱਲੋਂ ਨੇ 24 ਅਕਤੂਬਰ 2026 ਨੂੰ ਹੋਏ NZIFBB ਨੈਚੁਰਲ ਰੀਜਨਲ ਵਾਇਕਾਟੋ ਮੁਕਾਬਲੇ ਵਿੱਚ ਹਿੱਸਾ ਲਿਆ ਸੀ। ਇਸ ਦੌਰਾਨ ਉਨ੍ਹਾਂ ਨੇ ਮੈਨਜ਼ ਫਿਜ਼ੀਕ ਦੀਆਂ ਵੱਖ-ਵੱਖ ਸ਼੍ਰੇਣੀਆਂ ਵਿੱਚ ਦੋ ਸੋਨੇ ਦੇ ਤਮਗੇ ਜਿੱਤੇ। ਆਪਣੇ ਪਹਿਲੇ ਹੀ ਮੁਕਾਬਲੇ ਵਿੱਚ ਮਿਲੀ ਇਸ ਸਫਲਤਾ ਨੇ ਉਨ੍ਹਾਂ ਦੇ ਹੌਸਲੇ ਨੂੰ ਹੋਰ ਮਜ਼ਬੂਤ ਕੀਤਾ।

ਇਸ ਤੋਂ ਬਾਅਦ 31 ਅਕਤੂਬਰ ਨੂੰ ਕਰਵਾਏ ਗਏ NZIFBB ਨੈਚੁਰਲ ਪ੍ਰੋ ਕਾਰਡ ਕੁਆਲੀਫਾਇਰ ਵਿੱਚ ਵੀ ਹਰਮਨ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਇਸ ਮੁਕਾਬਲੇ ਵਿੱਚ ਉਨ੍ਹਾਂ ਨੇ ਮੈਨਜ਼ ਫਿਜ਼ੀਕ ਵਰਗ ਵਿੱਚ ਦੋ ਹੋਰ ਸੋਨੇ ਦੇ ਮੈਡਲ ਜਿੱਤੇ, ਜਦਕਿ ਓਵਰਆਲ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਆਪਣੇ ਨਾਂ ਕੀਤਾ। ਇਸ ਤਰ੍ਹਾਂ ਸਿਰਫ਼ ਦੋ ਮੁਕਾਬਲਿਆਂ ਵਿੱਚ ਪੰਜ ਮੈਡਲ ਜਿੱਤ ਕੇ ਹਰਮਨ ਨੇ ਨੈਚੁਰਲ ਬਾਡੀਬਿਲਡਿੰਗ ਦੇ ਖੇਤਰ ਵਿੱਚ ਆਪਣੀ ਮਜ਼ਬੂਤ ਸ਼ੁਰੂਆਤ ਕੀਤੀ ਹੈ। ਉਨ੍ਹਾਂ ਦੀ ਇਹ ਪ੍ਰਾਪਤੀ ਇਸ ਲਈ ਵੀ ਖਾਸ ਹੈ ਕਿਉਂਕਿ ਉਹ ਕੁਦਰਤੀ ਬਾਡੀਬਿਲਡਿੰਗ ਦੇ ਸਿਧਾਂਤਾਂ ਅਨੁਸਾਰ ਸਿਹਤਮੰਦ ਜੀਵਨਸ਼ੈਲੀ, ਸਖ਼ਤ ਕਸਰਤ ਅਤੇ ਅਨੁਸ਼ਾਸਨ ਨੂੰ ਆਪਣੀ ਸਫਲਤਾ ਦਾ ਆਧਾਰ ਮੰਨਦੇ ਹਨ।

ਆਪਣੀ ਇਸ ਕਾਮਯਾਬੀ ਦਾ ਸਿਹਰਾ ਹਰਮਨ ਨੇ ਆਪਣੇ ਕੋਚ ਅਤੇ ਦੋਸਤ ਦੀਪ, ਪਤਨੀ, ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੂੰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਫ਼ਰ ਦੌਰਾਨ ਮਿਲੇ ਸਹਿਯੋਗ ਅਤੇ ਹੌਸਲਾ-ਅਫ਼ਜ਼ਾਈ ਨੇ ਉਨ੍ਹਾਂ ਨੂੰ ਆਪਣੇ ਟੀਚੇ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਨੌਜਵਾਨਾਂ ਅਤੇ ਨਵੇਂ ਬਾਡੀਬਿਲਡਰਾਂ ਨੂੰ ਸੰਦੇਸ਼ ਦਿੰਦਿਆਂ ਹਰਮਨ ਨੇ ਕਿਹਾ ਕਿ ਸਰੀਰ ਨੂੰ ਮਜ਼ਬੂਤ ਬਣਾਉਣ ਲਈ ਗਲਤ ਤਰੀਕਿਆਂ ਜਾਂ ਤਾਕਤ ਵਧਾਉਣ ਵਾਲੀਆਂ ਦਵਾਈਆਂ ‘ਤੇ ਨਿਰਭਰ ਹੋਣ ਦੀ ਬਜਾਏ ਕੁਦਰਤੀ ਅਤੇ ਸਿਹਤਮੰਦ ਰਸਤਾ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਮੁਤਾਬਕ ਸਬਰ, ਲਗਾਤਾਰ ਮਿਹਨਤ, ਸਹੀ ਖੁਰਾਕ ਅਤੇ ਅਨੁਸ਼ਾਸਨ ਨਾਲ ਆਪਣੇ ਟੀਚੇ ਹਾਸਲ ਕੀਤੇ ਜਾ ਸਕਦੇ ਹਨ। ਹਰਮਨ ਢਿੱਲੋਂ ਦੀ ਇਸ ਕਾਮਯਾਬੀ ਨਾਲ ਨਿਊਜ਼ੀਲੈਂਡ ਵਿੱਚ ਵੱਸਦੇ ਪੰਜਾਬੀ ਅਤੇ ਭਾਰਤੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ। ਵਿਦੇਸ਼ੀ ਧਰਤੀ ‘ਤੇ ਆਪਣੀ ਮਿਹਨਤ ਨਾਲ ਪੰਜ ਮੈਡਲ ਜਿੱਤਣ ਵਾਲੇ ਇਸ ਪੰਜਾਬੀ ਨੌਜਵਾਨ ਦੀ ਪ੍ਰਾਪਤੀ ਪੰਜਾਬ ਦੇ ਉੱਭਰਦੇ ਖਿਡਾਰੀਆਂ ਲਈ ਵੀ ਪ੍ਰੇਰਣਾਦਾਇਕ ਹੈ।

 

RELATED ARTICLES
- Advertisment -
Google search engine
Google search engine
Google search engine

Most Popular

Recent Comments