ਔਟਵਾ, 31 ਅਗਸਤ, 2026 (ਕਾਜਲ) : ਕੈਨੇਡਾ ਸਰਕਾਰ ਨੇ ਦੇਸ਼ ਵਿੱਚ ਪਹਿਲਾਂ ਤੋਂ ਮੌਜੂਦ ਵਿਦੇਸ਼ੀ ਕਾਮਿਆਂ ਲਈ ਵਰਕ ਪਰਮਿਟ ਐਕਸਟੈਂਸ਼ਨ ਨਾਲ ਜੁੜੇ ਨਿਯਮਾਂ ਵਿੱਚ ਢਿੱਲ ਦਿੱਤੀ ਹੈ। 21 ਅਗਸਤ 2026 ਤੋਂ ਲਾਗੂ ਨਵੇਂ ਨਿਯਮਾਂ ਤਹਿਤ ਕੁਝ ਯੋਗ ਵਰਕਰਾਂ ਲਈ ਗ੍ਰੇਸ ਪੀਰੀਅਡ 60 ਦਿਨਾਂ ਤੋਂ ਵਧਾ ਕੇ 90 ਦਿਨ ਕਰ ਦਿੱਤਾ ਗਿਆ ਹੈ। ਨਵੇਂ ਪ੍ਰਬੰਧ ਅਨੁਸਾਰ, ਜੇਕਰ ਕਿਸੇ ਵਿਦੇਸ਼ੀ ਵਰਕਰ ਦੇ ਮਾਲਕ ਵੱਲੋਂ ਲੋੜੀਂਦੀ ਅਰਜ਼ੀ ਪਹਿਲਾਂ ਹੀ ਐਮਪਲੌਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ (ESDC) ਕੋਲ ਜਮ੍ਹਾਂ ਕਰਵਾਈ ਜਾ ਚੁੱਕੀ ਹੈ ਅਤੇ ਮਾਮਲਾ ਪ੍ਰੋਸੈਸਿੰਗ ਵਿੱਚ ਹੈ, ਤਾਂ ਵਰਕਰ ਨੂੰ ਆਪਣਾ ਵਰਕ ਪਰਮਿਟ ਵਧਾਉਣ ਲਈ ਵਾਧੂ ਸਮਾਂ ਮਿਲੇਗਾ।
ਇਸ ਬਦਲਾਅ ਤਹਿਤ ਇਮੀਗ੍ਰੇਸ਼ਨ ਅਧਿਕਾਰੀ ਅੰਤਿਮ ਫ਼ੈਸਲਾ ਲੈਣ ਤੋਂ ਪਹਿਲਾਂ 90 ਦਿਨਾਂ ਤੱਕ ਉਡੀਕ ਕਰ ਸਕਦੇ ਹਨ। ਇਸ ਨਾਲ ਵਰਕਰਾਂ ਨੂੰ ਆਪਣੇ ਮਾਲਕ ਵੱਲੋਂ ਸਕਾਰਾਤਮਕ ਅਰਜ਼ੀ ਜਮ੍ਹਾਂ ਕਰਵਾਉਣ ਲਈ ਪਹਿਲਾਂ ਨਾਲੋਂ 30 ਦਿਨ ਵੱਧ ਮਿਲਣਗੇ। ਹਾਲਾਂਕਿ ਇਸ ਸਹੂਲਤ ਲਈ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਹਨ। ਬਿਨੈਕਾਰ ਦਾ ਕੈਨੇਡਾ ਵਿੱਚ ਮੌਜੂਦ ਹੋਣਾ ਲਾਜ਼ਮੀ ਹੈ ਅਤੇ ਉਸ ਦੇ ਮੌਜੂਦਾ ਵਰਕ ਪਰਮਿਟ ਦੀ ਮਿਆਦ ਖ਼ਤਮ ਹੋਣ ਵਿੱਚ ਦੋ ਹਫ਼ਤੇ ਜਾਂ ਇਸ ਤੋਂ ਘੱਟ ਸਮਾਂ ਬਾਕੀ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮਾਲਕ ਵੱਲੋਂ ESDC ਕੋਲ ਪੂਰੀ ਅਰਜ਼ੀ ਪਹਿਲਾਂ ਹੀ ਜਮ੍ਹਾਂ ਹੋਣੀ ਜ਼ਰੂਰੀ ਹੈ। ਇਸ ਨਿਯਮ ਬਦਲਾਅ ਨਾਲ ਉਨ੍ਹਾਂ ਵਿਦੇਸ਼ੀ ਕਾਮਿਆਂ ਨੂੰ ਰਾਹਤ ਮਿਲਣ ਦੀ ਉਮੀਦ ਹੈ, ਜਿਨ੍ਹਾਂ ਨੂੰ ਵਰਕ ਪਰਮਿਟ ਦੀ ਮਿਆਦ ਖ਼ਤਮ ਹੋਣ ਕਾਰਨ ਆਪਣੀ ਕਾਨੂੰਨੀ ਵਰਕ ਸਟੇਟਸ ਨੂੰ ਲੈ ਕੇ ਚਿੰਤਾ ਰਹਿੰਦੀ ਸੀ। ਯੋਗ ਵਰਕਰਾਂ ਨੂੰ ਹੁਣ ਆਪਣੀ ਅਰਜ਼ੀ ’ਤੇ ਫ਼ੈਸਲਾ ਹੋਣ ਤੱਕ ਕੈਨੇਡਾ ਵਿੱਚ ਕਾਨੂੰਨੀ ਤੌਰ ’ਤੇ ਕੰਮ ਜਾਰੀ ਰੱਖਣ ਲਈ ਵਧੇਰੇ ਸਮਾਂ ਮਿਲ ਸਕੇਗਾ।
