ਚੰਡੀਗੜ੍ਹ, 1 ਸਤੰਬਰ, 2026 (ਹਰਸ਼ਪ੍ਰੀਤ ਕੌਰ) : ਮਸ਼ਹੂਰ ਰੈਪਰ ਬਾਦਸ਼ਾਹ ਅਤੇ ਪੰਜਾਬੀ ਅਦਾਕਾਰਾ ਈਸ਼ਾ ਰਿਖੀ ਦੇ ਰਿਸ਼ਤੇ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ’ਤੇ ਹੁਣ ਦੋਵਾਂ ਨੇ ਖੁਦ ਸਪੱਸ਼ਟੀਕਰਨ ਦੇ ਦਿੱਤਾ ਹੈ। ਦੋਵਾਂ ਨੇ ਸੋਮਵਾਰ ਰਾਤ ਸੋਸ਼ਲ ਮੀਡੀਆ ’ਤੇ ਸਾਂਝਾ ਬਿਆਨ ਜਾਰੀ ਕਰਦਿਆਂ ਆਪਸੀ ਸਹਿਮਤੀ ਨਾਲ ਵੱਖ ਹੋਣ ਦੀ ਪੁਸ਼ਟੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦਾ ਵਿਆਹ ਸਿਰਫ਼ ਪੰਜ ਮਹੀਨੇ ਪਹਿਲਾਂ ਹੋਇਆ ਸੀ। ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਸਨ।
ਆਪਣੇ ਸਾਂਝੇ ਬਿਆਨ ਵਿੱਚ ਬਾਦਸ਼ਾਹ ਅਤੇ ਈਸ਼ਾ ਰਿਖੀ ਨੇ ਕਿਹਾ ਕਿ ਉਨ੍ਹਾਂ ਨੇ ਆਪਸੀ ਸਮਝ ਅਤੇ ਸਤਿਕਾਰ ਨਾਲ ਆਪਣੇ ਰਸਤੇ ਵੱਖ ਕਰਨ ਦਾ ਫ਼ੈਸਲਾ ਕੀਤਾ ਹੈ। ਦੋਵਾਂ ਨੇ ਕਿਹਾ ਕਿ ਉਹ ਹੁਣ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੁੰਦੇ ਹਨ। ਦੋਵਾਂ ਨੇ ਲੋਕਾਂ ਅਤੇ ਪ੍ਰਸ਼ੰਸਕਾਂ ਨੂੰ ਇਸ ਮੁਸ਼ਕਲ ਸਮੇਂ ਦੌਰਾਨ ਉਨ੍ਹਾਂ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਅਪੀਲ ਕੀਤੀ। ਨਾਲ ਹੀ ਉਨ੍ਹਾਂ ਨੇ ਆਪਣੇ ਰਿਸ਼ਤੇ ਬਾਰੇ ਕਿਸੇ ਵੀ ਤਰ੍ਹਾਂ ਦੀਆਂ ਮਨਘੜਤ ਕਹਾਣੀਆਂ ਜਾਂ ਅਟਕਲਾਂ ਤੋਂ ਬਚਣ ਦੀ ਬੇਨਤੀ ਕੀਤੀ। ਬਾਦਸ਼ਾਹ ਅਤੇ ਈਸ਼ਾ ਰਿਖੀ ਨੇ ਆਪਣੇ ਬਿਆਨ ਵਿੱਚ ਇਹ ਵੀ ਸਪੱਸ਼ਟ ਕੀਤਾ ਕਿ ਇਸ ਮਾਮਲੇ ਸਬੰਧੀ ਜਾਰੀ ਕੀਤਾ ਗਿਆ ਬਿਆਨ ਹੀ ਉਨ੍ਹਾਂ ਦਾ ਇਕਲੌਤਾ ਅਤੇ ਆਖਰੀ ਬਿਆਨ ਹੋਵੇਗਾ।
