ਮੁੰਬਈ, 17 ਨਵੰਬਰ, 2026 (ਸ਼ਹੀਦ-ਏ-ਆਜ਼ਮ-ਬਿਊਰੋ ) : ਨਿਤੇਸ਼ ਤਿਵਾਰੀ ਦੇ ਨਿਰਦੇਸ਼ਨ ਹੇਠ ਬਣੀ ਮਿਥਿਹਾਸਕ ਫਿਲਮ ‘ਰਾਮਾਇਣ: ਪਾਰਟ 1’ ਦਾ ਬਾਕਸ ਆਫਿਸ ‘ਤੇ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਦੂਜੇ ਹਫ਼ਤੇ ਵਿੱਚ ਵੀ ਦਰਸ਼ਕਾਂ ਵੱਲੋਂ ਮਿਲ ਰਹੇ ਹੁੰਗਾਰੇ ਸਦਕਾ ਫਿਲਮ ਭਾਰਤ ਵਿੱਚ 800 ਕਰੋੜ ਰੁਪਏ ਦੀ ਕਮਾਈ ਦੇ ਅੰਕੜੇ ਦੇ ਕਾਫ਼ੀ ਨੇੜੇ ਪਹੁੰਚ ਗਈ ਹੈ। ਫਿਲਮ ਵਿੱਚ ਰਣਬੀਰ ਕਪੂਰ ਭਗਵਾਨ ਰਾਮ, ਸਾਈ ਪੱਲਵੀ ਮਾਤਾ ਸੀਤਾ ਅਤੇ ਯਸ਼ ਰਾਵਣ ਦੀ ਭੂਮਿਕਾ ਨਿਭਾ ਰਹੇ ਹਨ। ਬਾਕਸ ਆਫਿਸ ਦੇ ਅੰਕੜੇ ਜਾਰੀ ਕਰਨ ਵਾਲੀ ਵੈੱਬਸਾਈਟ Sacnilk ਅਨੁਸਾਰ ਫਿਲਮ ਨੇ ਰਿਲੀਜ਼ ਦੇ 12ਵੇਂ ਦਿਨ ਭਾਰਤ ਵਿੱਚ 32 ਕਰੋੜ ਰੁਪਏ ਦੀ ਨੈੱਟ ਕਮਾਈ ਕੀਤੀ। ਇਸ ਦਿਨ ਦੇਸ਼ ਭਰ ਵਿੱਚ ਫਿਲਮ ਦੇ ਕੁੱਲ 22,365 ਸ਼ੋਅ ਹੋਏ। ਹਿੰਦੀ ਵਰਜਨ ਨੇ ਸਭ ਤੋਂ ਵੱਧ 23.75 ਕਰੋੜ ਰੁਪਏ ਦੀ ਕਮਾਈ ਕੀਤੀ, ਜਿਸ ਦੇ 17,742 ਸ਼ੋਅ ਦਿਖਾਏ ਗਏ। ਡੱਬ ਕੀਤੇ ਗਏ ਹੋਰ ਭਾਸ਼ਾਈ ਵਰਜਨਾਂ ਵਿੱਚ ਮਲਿਆਲਮ ਨੇ 2.85 ਕਰੋੜ ਰੁਪਏ, ਕੰਨੜ ਨੇ 2 ਕਰੋੜ ਰੁਪਏ, ਤਮਿਲ ਨੇ 1.90 ਕਰੋੜ ਰੁਪਏ ਅਤੇ ਤੇਲਗੂ ਵਰਜਨ ਨੇ 1.50 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਹਾਲਾਂਕਿ 12ਵੇਂ ਦਿਨ ਦੀ ਕਮਾਈ 11ਵੇਂ ਦਿਨ ਦੇ ਮੁਕਾਬਲੇ 57.3 ਫੀਸਦੀ ਘੱਟ ਰਹੀ, ਪਰ ਇਸ ਦੇ ਬਾਵਜੂਦ ਫਿਲਮ ਦਾ ਕੁੱਲ ਕਾਰੋਬਾਰ ਮਜ਼ਬੂਤ ਬਣਿਆ ਹੋਇਆ ਹੈ। ਭਾਰਤ ਵਿੱਚ ਇਸ ਦੀ ਕੁੱਲ ਨੈੱਟ ਕਮਾਈ ਹੁਣ 792.60 ਕਰੋੜ ਰੁਪਏ ਤੱਕ ਪਹੁੰਚ ਗਈ ਹੈ।
ਫਿਲਮ ਦਾ ਨਿਰਦੇਸ਼ਨ ਨਿਤੇਸ਼ ਤਿਵਾਰੀ ਨੇ ਕੀਤਾ ਹੈ, ਜਦਕਿ ਸ਼੍ਰੀਧਰ ਰਾਘਵਨ ਨੇ ਉਨ੍ਹਾਂ ਨਾਲ ਮਿਲ ਕੇ ਸਕ੍ਰੀਨਪਲੇਅ ਲਿਖਿਆ ਹੈ। ਫਿਲਮ ਦੇ ਨਿਰਮਾਤਾਵਾਂ ਵਿੱਚ ਨਮਿਤ ਮਲਹੋਤਰਾ ਅਤੇ ਯਸ਼ ਸ਼ਾਮਲ ਹਨ। ਹੋਰ ਅਹਿਮ ਕਲਾਕਾਰਾਂ ਵਿੱਚ ਰਵੀ ਦੁਬੇ, ਐਡਿਨਾਥ ਕੋਠਾਰੇ, ਲਾਰਾ ਦੱਤਾ, ਵਿਵੇਕ ਓਬਰਾਏ, ਰਕੁਲ ਪ੍ਰੀਤ ਸਿੰਘ, ਇੰਦਰਾ ਕ੍ਰਿਸ਼ਨਨ ਅਤੇ ਅਰੁਣ ਗੋਵਿਲ ਦੇ ਨਾਮ ਸ਼ਾਮਲ ਹਨ। ਇਹ ਫਿਲਮ ਵਾਲਮੀਕਿ ਰਾਮਾਇਣ ਸਮੇਤ ਮਹਾਂਕਾਵਿ ਦੇ ਵੱਖ-ਵੱਖ ਰੂਪਾਂ ਤੋਂ ਪ੍ਰੇਰਿਤ ਹੈ। ਇਸ ਦੇ ਅਗਲੇ ਭਾਗ ਵਿੱਚ ਸੰਨੀ ਦਿਓਲ ਭਗਵਾਨ ਹਨੂੰਮਾਨ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ, ਜਿਸ ਦੀ ਸਿਨੇਮਾਘਰਾਂ ਵਿੱਚ ਰਿਲੀਜ਼ 2028 ਲਈ ਤੈਅ ਕੀਤੀ ਗਈ ਹੈ। ਇਸ ਤੋਂ ਇਲਾਵਾ ‘ਰਾਮਾਇਣ’ ਨੂੰ ਗੋਆ ਵਿੱਚ 20 ਨਵੰਬਰ ਤੋਂ ਸ਼ੁਰੂ ਹੋਣ ਵਾਲੇ 57ਵੇਂ ਅੰਤਰਰਾਸ਼ਟਰੀ ਫਿਲਮ ਮੇਲੇ (IFFI) ਦੇ BRICS ਸੈਗਮੈਂਟ ਦੀ ਉਦਘਾਟਨੀ ਫਿਲਮ ਵਜੋਂ ਵੀ ਚੁਣਿਆ ਗਿਆ ਹੈ। ਪ੍ਰੈੱਸ ਇਨਫਰਮੇਸ਼ਨ ਬਿਊਰੋ (PIB) ਅਨੁਸਾਰ ਇਸ ਸੈਗਮੈਂਟ ਵਿੱਚ BRICS ਦੇ ਸਾਰੇ 11 ਮੈਂਬਰ ਦੇਸ਼ਾਂ ਅਤੇ ਭਾਈਵਾਲ ਦੇਸ਼ਾਂ ਦੀਆਂ ਫਿਲਮਾਂ ਦਿਖਾਈਆਂ ਜਾਣਗੀਆਂ। ਇਸ ਪਹਿਲਕਦਮੀ ਦਾ ਉਦੇਸ਼ ਭਾਰਤੀ ਦਰਸ਼ਕਾਂ ਨੂੰ ਦੁਨੀਆ ਭਰ ਦੇ ਸਿਨੇਮਾ ਅਤੇ ਵੱਖ-ਵੱਖ ਕਹਾਣੀ ਕਹਿਣ ਦੀਆਂ ਪਰੰਪਰਾਵਾਂ ਨਾਲ ਜਾਣੂ ਕਰਵਾਉਣਾ ਹੈ।






